ਅੰਮ੍ਰਿਤਪਾਲ ਤੇ ਸਿਮਰਨਜੀਤ ਸਿੰਘ ਮਾਨ ਵਰਗੇ ਲੋਕ ਪੰਜਾਬ ਲਈ ਖ਼ਤਰਾ : ਡਾ ਸੁਭਾਸ਼ ਸ਼ਰਮਾ
ਅੰਮ੍ਰਿਤਪਾਲ ਤੇ ਸਿਮਰਨਜੀਤ ਸਿੰਘ ਮਾਨ ਵਰਗੇ ਲੋਕ ਪੰਜਾਬ ਲਈ ਖ਼ਤਰਾ : ਡਾ ਸੁਭਾਸ਼ ਸ਼ਰਮਾ
ਇੱਕ ਸੱਚਾ ਪੰਜਾਬੀ ਕਦੇ ਵੀ ਖਾਲਿਸਤਾਨ ਨਹੀਂ ਚਾਹੁੰਦਾ : ਡਾ ਸੁਭਾਸ਼ ਸ਼ਰਮਾ
ਮੋਦੀ ਵਰਗਾ ਮਜ਼ਬੂਤ ਆਗੂ ਪੰਜਾਬ ਦੀ ਸੁਰੱਖਿਆ ਨਾਲ ਕਦੇ ਵੀ ਸਮਝੌਤਾ ਨਹੀਂ ਕਰੇਗਾ: ਡਾ: ਸੁਭਾਸ਼ ਸ਼ਰਮਾ
ਭਾਜਪਾ ਉਮੀਦਵਾਰ ਨੇ ਮੋਹਾਲੀ ‘ਚ ਦਰਜਨ ਭਰ ਚੋਣ ਮੀਟਿੰਗਾਂ ਕੀਤੀਆਂ, ਵਿਰੋਧੀ ਧਿਰ ‘ਤੇ ਕੀਤੇ ਤਿੱਖੇ ਹਮਲੇ
ਮੋਹਾਲੀ। ਭਾਰਤੀ ਜਨਤਾ ਪਾਰਟੀ ਦੇ ਸ੍ਰੀ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਡਾ: ਸੁਭਾਸ਼ ਸ਼ਰਮਾ ਨੇ ਸ਼ਨੀਵਾਰ ਨੂੰ ਚੋਣ ਪ੍ਰਚਾਰ ਦੌਰਾਨ ਖਾਲਿਸਤਾਨੀ ਆਗੂ ਅੰਮ੍ਰਿਤਪਾਲ ਸਿੰਘ ਅਤੇ ਸਿਮਰਨਜੀਤ ਸਿੰਘ ਮਾਨ ‘ਤੇ ਤਿੱਖੇ ਹਮਲੇ ਕੀਤੇ। ਅੰਮ੍ਰਿਤਪਾਲ ਅਤੇ ਮਾਨ ਨੂੰ ਪੰਜਾਬ ਲਈ ਖ਼ਤਰਾ ਦੱਸਦਿਆਂ ਡਾ: ਸ਼ਰਮਾ ਨੇ ਕਿਹਾ ਕਿ ਇਨ੍ਹਾਂ ਦੋਵਾਂ ਨੇ ਹਮੇਸ਼ਾ ਪੰਜਾਬ ਨੂੰ ਦੇਸ਼ ਨਾਲੋਂ ਵੱਖ ਕਰਨ ਦੀ ਗੱਲ ਕੀਤੀ ਹੈ, ਜਿਸ ਨੂੰ ਇੱਕ ਸੱਚਾ ਪੰਜਾਬੀ ਕਦੇ ਵੀ ਪਸੰਦ ਨਹੀਂ ਕਰਦਾ। ਉਨ੍ਹਾਂ ਨੌਜਵਾਨਾਂ ਵਿੱਚ ਅੰਮ੍ਰਿਤਪਾਲ ਦੀ ਵੱਧ ਰਹੀ ਲੋਕਪ੍ਰਿਅਤਾ ’ਤੇ ਚਿੰਤਾ ਪ੍ਰਗਟ ਕਰਦਿਆਂ ਇਸ ਨੂੰ ਦੇਸ਼ ਲਈ ਘਾਤਕ ਕਰਾਰ ਦਿੱਤਾ। ਵੱਖ-ਵੱਖ ਜਨ ਸਭਾਵਾਂ ਨੂੰ ਸੰਬੋਧਨ ਕਰਦਿਆਂ ਡਾ: ਸੁਭਾਸ਼ ਸ਼ਰਮਾ ਨੇ ਕਿਹਾ ਕਿ ਪੰਜਾਬ ਦੇਸ਼ ਦਾ ਸਰਹੱਦੀ ਸੂਬਾ ਹੈ ਅਤੇ ਇਸ ਕਾਰਨ ਇਹ ਸਦੀਆਂ ਤੋਂ ਦੇਸ਼ ਵਿਰੋਧੀ ਸਾਜ਼ਿਸ਼ਾਂ ਦਾ ਸ਼ਿਕਾਰ ਰਿਹਾ ਹੈ। ਅਜਿਹੀਆਂ ਤਾਕਤਾਂ ਕਾਰਨ ਇਸ ਸੂਬੇ ਨੂੰ ਡੇਢ ਤੋਂ ਦੋ ਦਹਾਕਿਆਂ ਤੱਕ ਅੱਤਵਾਦ ਦੇ ਦੌਰ ਦਾ ਸਾਹਮਣਾ ਕਰਨਾ ਪਿਆ, ਜਿਸ ਵਿੱਚ ਹਜ਼ਾਰਾਂ ਨਿਰਦੋਸ਼ ਹਿੰਦੂ ਅਤੇ ਸਿੱਖ ਮਾਰੇ ਗਏ। ਅੱਜ ਫਿਰ ਉਹੀ ਤਾਕਤਾਂ ਆਪਣਾ ਖੇਡ ਖੇਡਣ ਦੀ ਤਿਆਰੀ ਵਿਚ ਨੇ ਜਿਸ ਨੂੰ ਪੰਜਾਬੀਆਂ ਨੇ ਰੋਕਣਾ ਹੈ।
ਡਾ: ਸੁਭਾਸ਼ ਸ਼ਰਮਾ ਨੇ ਕਿਹਾ ਕਿ ਅੱਜ ਦੇਸ਼ ਵਿਰੋਧੀ ਤਾਕਤਾਂ ਦਾ ਟਾਕਰਾ ਕਰਨ ਲਈ ਨਰਿੰਦਰ ਮੋਦੀ ਵਰਗੀ ਮਜ਼ਬੂਤ ਲੀਡਰਸ਼ਿਪ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਮੋਦੀ ਵਰਗੇ ਮਜ਼ਬੂਤ ਨੇਤਾ ਨੇ ਕਦੇ ਵੀ ਦੇਸ਼ ਦੀ ਸੁਰੱਖਿਆ ਨਾਲ ਸਮਝੌਤਾ ਨਹੀਂ ਕੀਤਾ ਅਤੇ ਉਨ੍ਹਾਂ ਦੀ ਬਦੌਲਤ ਅੱਜ ਅੰਮ੍ਰਿਤਪਾਲ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਪ੍ਰਧਾਨ ਮੰਤਰੀ ਮੋਦੀ ਨੂੰ ਬਹੁਤ ਪਿਆਰੀ ਹੈ, ਇਸ ਦੇ ਵਿਕਾਸ ਅਤੇ ਸੁਰੱਖਿਆ ਲਈ ਮੋਦੀ ਵਰਗਾ ਪ੍ਰਧਾਨ ਮੰਤਰੀ ਜ਼ਰੂਰੀ ਹੈ। ਐਨਡੀਏ ਦੇਸ਼ ਵਿੱਚ 400 ਸੀਟਾਂ ਨੂੰ ਪਾਰ ਕਰਨ ਜਾ ਰਹੀ ਹੈ ਅਤੇ ਇਸ ਵਿੱਚ ਪੰਜਾਬ ਅਹਿਮ ਭੂਮਿਕਾ ਨਿਭਾਏਗਾ । ਸ਼ਰਮਾ ਨੇ ਸ੍ਰੀ ਆਨੰਦਪੁਰ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਦੇਸ਼ ਅਤੇ ਸੂਬੇ ਦੀ ਭਲਾਈ ਲਈ ਭਾਜਪਾ ਦੇ ਹੱਕ ਵਿੱਚ ਵੋਟਾਂ ਪਾਉਣ।
ਭਾਜਪਾ ਉਮੀਦਵਾਰ ਡਾ: ਸੁਭਾਸ਼ ਸ਼ਰਮਾ ਨੇ ਮੁਹਾਲੀ ਦੇ ਫੇਜ਼ 1, 9, ਵੇਵ ਅਸਟੇਟ, ਜਗਤਪੁਰਾ ਆਦਿ ਖੇਤਰਾਂ ਵਿੱਚ ਦਰਜਨ ਤੋਂ ਵੱਧ ਪ੍ਰੋਗਰਾਮ ਅਤੇ ਜਨਤਕ ਮੀਟਿੰਗਾਂ ਕੀਤੀਆਂ ਅਤੇ ਇਨ੍ਹਾਂ ਖੇਤਰਾਂ ਦੇ ਵਿਕਾਸ ਲਈ ਵਿਆਪਕ ਯੋਜਨਾ ਤਿਆਰ ਕਰਨ ਦਾ ਵਾਅਦਾ ਕੀਤਾ। ਉਨ੍ਹਾਂ ਕਿਹਾ ਕਿ ਭਾਜਪਾ ਉਮੀਦਵਾਰ ਨੂੰ ਦਿੱਤੀ ਗਈ ਹਰ ਵੋਟ ਸੂਬੇ ਦੀ ਬਿਹਤਰੀ ਲਈ ਮੀਲ ਪੱਥਰ ਸਾਬਤ ਹੋਵੇਗੀ। ਇਸ ਦੌਰਾਨ ਉਨ੍ਹਾਂ ਨੇ ਫੌਜ, ਸੰਵਿਧਾਨ ਅਤੇ ਦਲਿਤ ਭਾਈਚਾਰੇ ਦੇ ਮੁੱਦਿਆਂ ‘ਤੇ ਕਾਂਗਰਸ ਅਤੇ ‘ਆਪ’ ਨੂੰ ਵੀ ਘੇਰਿਆ।