ਸਵਾਤੀ ਮਾਲੀਵਾਲ ਮਾਮਲਾ : ਵਿਭਵ ਕੁਮਾਰ ਨੂੰ ਚਾਰ ਦਿਨਾਂਦੀ ਨਿਆਇਕ ਹਿਰਾਸਤ ਵਿੱਚ ਭੇਜਿਆ

ਸਵਾਤੀ ਮਾਲੀਵਾਲ ਮਾਮਲਾ : ਵਿਭਵ ਕੁਮਾਰ ਨੂੰ ਚਾਰ ਦਿਨਾਂਦੀ ਨਿਆਇਕ ਹਿਰਾਸਤ ਵਿੱਚ ਭੇਜਿਆ
ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੀ ਰਾਜਸਭਾ ਮੈਂਬਰ ਸਵਾਤੀ ਮਾਲੀਵਾਲ ’ਤੇ ਹਮਲੇ ਨਾਲ ਜੁੜੇ ਮਾਮਲੇ ’ਚ ਤੀਸ ਹਜ਼ਾਰੀ ਕੋਰਟ ਨੇ ਮੁਲਜ਼ਮ ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਿੱਜੀ ਸਹਾਇਕ (ਪੀਏ) ਵਿਭਵ ਕੁਮਾਰ ਨੂੰ ਚਾਰ ਦਿਨਾਂ ਦੀ ਨਿਆਇਕ ਹਿਰਾਸਤ ’ਚ ਭੇਜ ਦਿੱਤਾ। ਪੁਲਿਸ ਹਿਰਾਸਤ ਦਾ ਸਮਾਂ ਖਤਮ ਹੋਣ ਦੇ ਬਾਅਦ ਵਿਭਵ ਨੂੰ ਅਦਾਲਤ ’ਚ ਪੇਸ਼ ਕਰ ਕੇ ਚਾਰ ਦਿਨਾਂ ਦੀ ਨਿਆਇਕ ਹਿਰਾਸਤ ਦੀ ਮੰਗ ਕੀਤੀ ਗਈ ਸੀ। ਮੈਟਰੋਪੋਲੀਟਨ ਮੈਜਿਸਟ੍ਰੇਟ ਗੌਰਵ ਗੋਇਲ ਦੇ ਸਾਹਮਣੇ ਦਾਇਰ ਅਰਜ਼ੀ ’ਚ ਪੁਲਿਸ ਨੇ ਕਿਹਾ ਕਿ ਜਾਂਚ ਦੌਰਾਨ ਗਵਾਹਾਂ ਦੇ ਬਿਆਨਾਂ ਦੇ ਨਾਲ ਇਲੈਕਟ੍ਰਾਨਿਕ, ਵਿਗਿਆਨਿਕ ਤੇ ਮੈਡੀਕਲ ਸਬੂਤ ਇਕੱਠੇ ਕੀਤੇ ਗਏ ਹਨ। ਜਾਂਚ ਦੌਰਾਨ ਬਰਾਮਦ ਕੀਤੇ ਗਏ ਨੈੱਟਵਰਕ ਵੀਡੀਓ ਰਿਕਾਰਡ ’ਚ ਮਾਮਲੇ ਨਾਲ ਸਬੰਧਤ ਸਮੱਗਰੀ ਹੋਣ ਦੀ ਗੱਲ ਕਹੀ ਗਈ ਹੈ। ਐੱਨਵੀਆਰ ਨੂੰ ਜ਼ਬਤ ਕਰ ਲਿਆ ਗਿਆ ਹੈ ਤੇ ਫੋਰੈਂਸਿਕ ਮਾਹਿਰਾਂ ਨੂੰ ਜਾਂਚ ਲਈ ਭੇਜਿਆ ਗਿਆ ਹੈ। ਪੁਲਿਸ ਨੇ ਦਾਅਵਾ ਕੀਤਾ ਕਿ ਵਿਭਵ ਜਾਂਚ ’ਚ ਸਹਿਯੋਗ ਨਹੀਂ ਕਰ ਰਿਹਾ ਤੇ ਜਵਾਬ ਦੇਣ ’ਚ ਟਾਲ-ਮਟੋਲ ਕਰ ਰਿਹਾ ਹੈ।
