ਰਾਜਾ ਵੜਿੰਗ ਨੇ ਭਾਜਪਾ ਤੋਂ ਚੋਣਾਂ 'ਚ ਬਦਲਾ ਲੈਣ ਦਾ ਦਿੱਤਾ ਸੱਦਾ; ਮਹੱਤਵਪੂਰਨ ਖੇਤੀ ਸੁਧਾਰਾਂ ਦਾ ਵਾਅਦਾ ਕੀਤਾ

ਦੁਆਰਾ: Punjab Bani ਪ੍ਰਕਾਸ਼ਿਤ :Wednesday, 22 May, 2024, 08:39 PM

ਰਾਜਾ ਵੜਿੰਗ ਨੇ ਭਾਜਪਾ ਤੋਂ ਚੋਣਾਂ ‘ਚ ਬਦਲਾ ਲੈਣ ਦਾ ਦਿੱਤਾ ਸੱਦਾ; ਮਹੱਤਵਪੂਰਨ ਖੇਤੀ ਸੁਧਾਰਾਂ ਦਾ ਵਾਅਦਾ ਕੀਤਾ

ਕਾਂਗਰਸ ਨੂੰ ਵੋਟ ਪਾ ਕੇ 700 ਕਿਸਾਨਾਂ ਦੀ ਸ਼ਹਾਦਤ ਦਾ ਬਦਲਾ ਲਓ: ਵੜਿੰਗ

ਲੁਧਿਆਣਾ, 22 ਮਈ, 2024: ਪੰਜਾਬ ਦੇ ਲੋਕਾਂ ਨੂੰ ਪੁਰਜ਼ੋਰ ਅਪੀਲ ਕਰਦਿਆਂ, ਕਾਂਗਰਸੀ ਆਗੂ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ 700 ਤੋਂ ਵੱਧ ਕਿਸਾਨਾਂ ਦੀ ਸ਼ਹਾਦਤ ਦਾ ਬਦਲਾ ਭਾਜਪਾ ਤੋਂ ਲੈਣ ਲਈ ਵੋਟਰਾਂ ਨੂੰ ਕਾਂਗਰਸ ਪਾਰਟੀ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ ਹੈ। ਜਗਰਾਓਂ ਅਤੇ ਦਾਖਾ ਵਿੱਚ ਮੀਟਿੰਗਾਂ ਨੂੰ ਸੰਬੋਧਨ ਕਰਦੇ ਹੋਏ, ਵੜਿੰਗ ਨੇ ਪਾਰਟੀ ਦੇ ‘ਕਿਸਾਨ ਨਿਆਏ’ ਪ੍ਰੋਗਰਾਮ ਦੇ ਤਹਿਤ ਮੁੱਖ ਵਾਅਦਿਆਂ ਦੀ ਰੂਪ ਰੇਖਾ ਉਲੀਕੀ, ਜਿਸਦਾ ਉਦੇਸ਼ ਖੇਤੀਬਾੜੀ ਸੈਕਟਰ ਨੂੰ ਸਮਰਥਨ ਦੇਣ ਲਈ ਮਹੱਤਵਪੂਰਨ ਸੁਧਾਰਾਂ ਦੀ ਸ਼ੁਰੂਆਤ ਕਰਨਾ ਹੈ।

ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਨੂੰ ਕਾਨੂੰਨੀ ਗਾਰੰਟੀ ਬਣਾਉਣ ਦਾ ਸੰਕਲਪ ਲਿਆ ਹੈ, ਤਾਂ ਜੋ ਕਿਸਾਨਾਂ ਨੂੰ ਉਨ੍ਹਾਂ ਦੀਆਂ ਫ਼ਸਲਾਂ ਦਾ ਪੱਕਾ ਭਾਅ ਮਿਲ ਸਕੇ। ਇਸ ਤੋਂ ਇਲਾਵਾ ਵੜਿੰਗ ਨੇ ਖੇਤੀ ਉਪਕਰਣਾਂ ‘ਤੇ ਜੀਐਸਟੀ ਨੂੰ ਖਤਮ ਕਰਨ ਦਾ ਵਾਅਦਾ ਕੀਤਾ, ਜਿਸ ਨਾਲ ਕਿਸਾਨਾਂ ਲਈ ਖੇਤੀਬਾੜੀ ਵਧੇਰੇ ਕਿਫਾਇਤੀ ਹੋਵੇਗੀ। ਇਸੇ ਤਰ੍ਹਾਂ, ਕਿਸਾਨਾਂ ‘ਤੇ ਵਿੱਤੀ ਬੋਝ ਘਟਾਉਣ ਲਈ ਕਰਜ਼ਾ ਮੁਆਫੀ ਕਮਿਸ਼ਨ ਦੀ ਸਥਾਪਨਾ ਕੀਤੀ ਜਾਵੇਗੀ ਅਤੇ ਵਿਆਪਕ ਸੁਰੱਖਿਆ ਪ੍ਰਦਾਨ ਕਰਨ ਲਈ ਫਸਲੀ ਬੀਮਾ ਸ਼ੁਰੂ ਕੀਤਾ ਜਾਵੇਗਾ।

ਰਾਜਾ ਵੜਿੰਗ ਨੇ ਐਲਾਨ ਕੀਤਾ, “ਸਾਡੇ ਕਿਸਾਨਾਂ ਦੀ ਕੁਰਬਾਨੀ ਵਿਅਰਥ ਨਹੀਂ ਜਾਵੇਗੀ। ਕਾਂਗਰਸ ਨੂੰ ਵੋਟ ਦੇ ਕੇ ਅਸੀਂ ਇਹ ਯਕੀਨੀ ਬਣਾਵਾਂਗੇ ਕਿ ਉਨ੍ਹਾਂ ਦੇ ਪਰਿਵਾਰਾਂ ਨੂੰ ਸਮਰਥਨ ਮਿਲੇ ਅਤੇ ਅਜਿਹਾ ਦੁਖਾਂਤ ਦੁਬਾਰਾ ਕਦੇ ਨਾ ਵਾਪਰੇ। ਕਿਸਾਨ ਨਿਆਏ ਦੇ ਤਹਿਤ, ਅਸੀਂ ਘੱਟੋ-ਘੱਟ ਸਮਰਥਨ ਮੁੱਲ ਨੂੰ ਕਾਨੂੰਨੀ ਅਧਿਕਾਰ ਬਣਾਵਾਂਗੇ ਅਤੇ ਖੇਤੀ ਉਪਕਰਣਾਂ ‘ਤੇ ਜੀਐਸਟੀ ਹਟਾਵਾਂਗੇ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਖੇਤੀ ਇੱਕ ਵਾਰ ਫਿਰ ਤੋਂ ਇੱਕ ਵਿਹਾਰਕ ਉਪਜੀਵਕਾ ਬਣ ਜਾਵੇ।”

ਕਾਂਗਰਸ ਦੀ ਯੋਜਨਾ ਵਿੱਚ ਖੇਤੀ ਲਾਗਤਾਂ ਅਤੇ ਕੀਮਤਾਂ ਲਈ ਇੱਕ ਵਿਧਾਨਕ ਕਮਿਸ਼ਨ ਦਾ ਗਠਨ ਵੀ ਸ਼ਾਮਲ ਹੈ, ਤਾਂ ਜੋ ਸਹੀ ਕੀਮਤ ਅਤੇ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਇਆ ਜਾ ਸਕੇ। ਇਸ ਲੜੀ ਹੇਠ, ਫਸਲ ਬੀਮਾ ਪ੍ਰੀਮੀਅਮ ਬੀਮੇ ਦੀ ਰਕਮ ‘ਤੇ ਅਧਾਰਤ ਹੋਵੇਗਾ ਅਤੇ ਸਾਰੇ ਦਾਅਵਿਆਂ ਦਾ ਨਿਪਟਾਰਾ 30 ਦਿਨਾਂ ਦੇ ਅੰਦਰ ਕੀਤਾ ਜਾਵੇਗਾ। ਮੰਡੀਆਂ ਤੱਕ ਆਸਾਨ ਪਹੁੰਚ ਦੀ ਸਹੂਲਤ ਲਈ ਵੱਡੇ ਪਿੰਡਾਂ ਅਤੇ ਛੋਟੇ ਕਸਬਿਆਂ ਵਿੱਚ ਪ੍ਰਚੂਨ ਮੰਡੀਆਂ ਸਥਾਪਤ ਕੀਤੀਆਂ ਜਾਣਗੀਆਂ, ਜਿਸ ਨਾਲ ਕਿਸਾਨ ਆਪਣੀ ਉਪਜ ਸਿੱਧੇ ਖਪਤਕਾਰਾਂ ਨੂੰ ਵੇਚ ਸਕਣਗੇ।

ਸਥਾਨਕ ਨਿਵਾਸੀਆਂ ਨਾਲ ਆਪਣੀਆਂ ਮੀਟਿੰਗਾਂ ਦੌਰਾਨ, ਵੜਿੰਗ ਨੇ ਉਨ੍ਹਾਂ ਦੀਆਂ ਚਿੰਤਾਵਾਂ ਸੁਣੀਆਂ ਅਤੇ ਕਾਂਗਰਸ ਪਾਰਟੀ ਵੱਲੋਂ ਤੁਰੰਤ ਕਾਰਵਾਈ ਅਤੇ ਸਮਰਥਨ ਦਾ ਵਾਅਦਾ ਕੀਤਾ। ਜਿੱਥੇ ਉਨ੍ਹਾਂ ਦੇ ਸੰਬੋਧਨ ਨੂੰ ਲੋਕਾਂ ਦਾ ਭਰਪੂਰ ਸਮਰਥਨ ਮਿਲਿਆ ਅਤੇ ਉੱਥੇ ਮੌਜੂਦ ਭੀੜ ਨੇ ਉਨ੍ਹਾਂ ਤੇ ਕਾਂਗਰਸ ਪਾਰਟੀ ਦੇ ਹੱਕ ਵਿੱਚ ਨਾਅਰੇਬਾਜ਼ੀ ਕੀਤੀ।