ਖਰਚਾ ਆਬਜ਼ਰਵਰ ਅਮਿਤ ਸੰਜੇ ਗੁਰਵ ਦੀ ਮੌਜੂਦਗੀ ਵਿੱਚ

ਦੁਆਰਾ: Punjab Bani ਪ੍ਰਕਾਸ਼ਿਤ :Tuesday, 21 May, 2024, 03:14 PM

ਖਰਚਾ ਆਬਜ਼ਰਵਰ ਅਮਿਤ ਸੰਜੇ ਗੁਰਵ ਦੀ ਮੌਜੂਦਗੀ ਵਿੱਚ
ਉਮੀਦਵਾਰਾਂ ਦੇ ਚੋਣ ਖਰਚਿਆਂ ਦਾ ਪਹਿਲਾ ਮਿਲਾਨ ਹੋਇਆ

ਸੰਗਰੂਰ, 21 ਮਈ:
ਲੋਕ ਸਭਾ ਚੋਣਾਂ ਦੌਰਾਨ ਉਮੀਦਵਾਰਾਂ ਵੱਲੋਂ ਕੀਤੇ ਜਾਣ ਵਾਲੇ ਚੋਣ ਖਰਚਿਆਂ ਲਈ ਭਾਰਤੀ ਚੋਣ ਕਮਿਸ਼ਨ ਵੱਲੋਂ ਇਸ ਵਾਰ 95 ਲੱਖ ਰੁਪਏ ਦੀ ਖਰਚਾ ਹੱਦ ਨਿਰਧਾਰਿਤ ਕੀਤੀ ਗਈ ਹੈ। ਇਨ੍ਹਾਂ ਚੋਣ ਖਰਚਿਆਂ ਦੀ ਨਿਗਰਾਨੀ ਲਈ ਲੋਕ ਸਭਾ ਹਲਕਾ 12-ਸੰਗਰੂਰ ਵਿਖੇ ਭਾਰਤੀ ਚੋਣ ਕਮਿਸ਼ਨ ਵੱਲੋਂ ਖਰਚਾ ਆਬਜ਼ਰਵਰ ਅਮਿਤ ਸੰਜੇ ਗੁਰਵ ਨੂੰ ਤਾਇਨਾਤ ਕੀਤਾ ਗਿਆ ਹੈ ਜਿਨ੍ਹਾਂ ਦੀ ਮੌਜੂਦਗੀ ਵਿੱਚ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਉਮੀਦਵਾਰਾਂ ਵੱਲੋਂ ਕੀਤੇ ਜਾ ਰਹੇ ਚੋਣ ਖਰਚਿਆਂ ਦਾ ਮਿਲਾਨ ਕਰਨ ਲਈ ਪਹਿਲੀ ਮੀਟਿੰਗ ਕੀਤੀ ਗਈ।
ਮੀਟਿੰਗ ਦੌਰਾਨ ਜ਼ਿਲ੍ਹਾ ਪੱਧਰੀ ਖਰਚਾ ਸੈਲ ਦੇ ਨੋਡਲ ਅਫ਼ਸਰ-ਕਮ-ਡੀ.ਸੀ.ਐਫ.ਏ ਅਸ਼ਵਨੀ ਕੁਮਾਰ ਅਤੇ ਸਹਾਇਕ ਖਰਚਾ ਅਬਜ਼ਰਵਰਾਂ ਨੇ ਉਮੀਦਵਾਰਾਂ ਤੇ ਉਨ੍ਹਾਂ ਦੇ ਅਧਿਕਾਰਤ ਪੋਲ ਏਜੰਟਾਂ ਵੱਲੋਂ ਮੇਨਟੇਨ ਕੀਤੇ ਜਾ ਰਹੇ ਖਰਚਾ ਰਜਿਸਟਰਾਂ ਵਿੱਚ ਦਰਜ ਚੋਣ ਖਰਚਿਆਂ ਦਾ ਮਿਲਾਨ ਕੀਤਾ ਗਿਆ। ਇਸ ਮੌਕੇ ਡੀ.ਸੀ.ਐਫ.ਏ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਚੋਣ ਲੜ ਰਹੇ ਹਰ ਉਮੀਦਵਾਰ ਨੇ ਲੋਕ ਪ੍ਰਤੀਨਿਧਤਾ ਐਕਟ 1951 ਦੀ ਧਾਰਾ 77 ਦੇ ਅਨੁਸਾਰ ਸਾਰੇ ਚੋਣ ਖਰਚਿਆਂ ਦਾ ਇੱਕ ਬੈਂਕ ਖਾਤਾ ਰੱਖਣਾ ਹੁੰਦਾ ਹੈ ਜੋ ਕਿ ਨਾਮਜ਼ਦਗੀ ਪੱਤਰ ਭਰਨ ਦੀ ਮਿਤੀ ਤੋਂ ਨਤੀਜੇ ਦੀ ਘੋਸ਼ਣਾ ਦੇ ਸਮੇਂ ਤੱਕ ਉਮੀਦਵਾਰ ਵੱਲੋਂ ਜਾਂ ਉਸਦੇ ਅਧਿਕਾਰਤ ਚੋਣ ਏਜੰਟ ਵੱਲੋਂ ਰੱਖਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਖਰਚਿਆਂ ਦੇ ਮਿਲਾਨ ਦੀ ਇਹ ਪ੍ਰਕਿਰਿਆ ਤਿੰਨ ਵਾਰ ਕੀਤੀ ਜਾਵੇਗੀ ਅਤੇ ਲੋਕ ਸਭਾ ਹਲਕਾ ਸੰਗਰੂਰ ਵਿਖੇ ਖਰਚਿਆਂ ਦੀ ਨਿਗਰਾਨੀ ਲਈ ਤਾਇਨਾਤ ਕੀਤੀਆਂ ਗਈਆਂ ਵੱਖ ਵੱਖ ਟੀਮਾਂ ਤੋਂ ਪ੍ਰਾਪਤ ਹੋਣ ਵਾਲੇ ਖਰਚਾ ਵੇਰਵਿਆਂ ਦਾ ਉਮੀਦਵਾਰਾਂ ਜਾਂ ਚੋਣ ਏਜੰਟਾਂ ਵੱਲੋਂ ਮੇਨਟੇਨ ਕੀਤੇ ਜਾ ਰਹੇ ਖਰਚਾ ਰਜਿਸਟਰਾਂ ਨਾਲ ਮਿਲਾਨ ਹੋਵੇਗਾ ਅਤੇ ਕਿਸੇ ਵੀ ਕਿਸਮ ਦੀਆਂ ਕਮੀਆਂ ਪਾਏ ਜਾਣ ’ਤੇ ਕਮੀਆਂ ਨੂੰ ਦੂਰ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮਿਲਾਨ ਦੀ ਅਗਲੀ ਮਿਤੀ 25 ਮਈ ਤੇ ਅੰਤਿਮ ਮਿਤੀ 30 ਮਈ ਹੈ।



Scroll to Top