ਜਿੱਤਣ ਵਾਲੇ ਉਮੀਦਵਾਰ ਸਹਿਜਤਾ ਦਾ ਪੱਲਾ ਨਾ ਛੱਡਣ : ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ

ਦੁਆਰਾ: Punjab Bani ਪ੍ਰਕਾਸ਼ਿਤ :Sunday, 02 June, 2024, 06:49 PM

ਜਿੱਤਣ ਵਾਲੇ ਉਮੀਦਵਾਰ ਸਹਿਜਤਾ ਦਾ ਪੱਲਾ ਨਾ ਛੱਡਣ : ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ

ਜਿੱਤ ਹਾਰ ਮੁਕਾਬਲੇ ਵਿੱਚੋਂ ਹੀ ਪੈਦਾ ਹੁੰਦੀ ਹੈ

ਅੰਮ੍ਰਿਤਸਰ:- 2 ਜੂਨ ( ) ਨਿਹੰਗ ਸਿੰਘਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ 14ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਮੌਜੂਦਾ ਹੋਈਆਂ ਚੋਣਾਂ ਦੇ ਸੰਦਰਭ ਵਿੱਚ ਨਤੀਜੇ ਆਉਣ ਤੋਂ ਇੱਕ ਦਿਨ ਪਹਿਲਾਂ ਹੀ ਟਿਪਣੀ ਦੇਂਦਿਆ ਕਿਹਾ ਕਿ ਮੇਹਨਤੀ ਤੇ ਸੰਘਰਸ਼ਕਾਰੀ ਵਿਅਕਤੀ ਲਈ ਹਾਰ ਜਿੱਤ ਜਿੰਦਗੀ ਦਾ ਅਹਿਮ ਹਿੱਸਾ ਹੈ। ਉਨ੍ਹਾਂ ਕਿਹਾ ਇਹ ਚੈਲੰਜ਼ ਵਿਚੋਂ ਹੀ ਪੈਦਾ ਹੁੰਦੀ ਹੈ, ਪਾਰਲੀਮਾਨੀ ਚੋਣਾਂ ਦੌਰਾਨ ਲੋਕ ਫਤਵਾ ਲੈ ਕੇ ਜਿੱਤਣ ਵਾਲੇ ਉਮੀਦਵਾਰਾਂ ਨੂੰ ਸਹਿਜਤਾ ਦਾ ਲੜ ਫੜ ਕੇ ਰੱਖਣਾ ਚਾਹੀਦਾ ਹੈ ਅਤੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਨ ਲਈ ਬਿਨ੍ਹਾਂ ਕਿਸੇ ਸ਼ੋਰ ਸ਼ਰਾਬੇ ਦੇ ਨਿਮਰ ਵਿਅਕਤੀ ਵਜੋਂ ਆਪਣੇ ਧਾਰਮਿਕ ਆਸਥਾ ਵਾਲੇ ਅਸਥਾਨ ਤੇ ਜਾਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਹਾਰਨ ਵਾਲੇ ਵਿਅਕਤੀ ਨੂੰ ਵੀ ਅਕਾਲ ਪੁਰਖ ਦੀ ਢਾਰਸ ਲੈਂਦਿਆ ਹਿੰਮਤ ਹੌਸਲਾ ਰਖਦਿਆਂ ਅਗਲੇ ਪੜਾਅ ਲਈ ਤਿਆਰੀ ਕਰਨੀ ਚਾਹੀਦੀ ਹੈ। ਹਾਰ ਵੀ ਮਨੁੱਖ ਨੂੰ ਬਹੁਤ ਕੁੱਝ ਸਿਖਾਉਂਦੀ ਹੈ। ਬਿਨ੍ਹਾਂ ਹੱਲੇ ਗੁੱਲੇ ਦੇ ਚੋਣਾਂ ਦੇ ਮੈਦਾਨ ਵਿੱਚ ਉਮੀਦਵਾਰਾਂ ਨੂੰ ਹੌਸਲਾ, ਦਲੇਰੀ, ਸਹਿਜ ਤੇ ਨਿਮਰਤਾ ‘ਚ ਰਹਿਣ ਦੇ ਗੁਣ ਸਿਖਾਉਂਦਾ ਹੈ। ਉਨ੍ਹਾਂ ਉਮੀਦਵਾਰਾਂ ਨੂੰ ਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਜੈਤੂ ਉਮੀਦਵਾਰ ਸਾਂਤੀ ਪੂਰਵਕ ਆਪਣੀ ਜਿੱਤ ਦੀ ਖੁਸ਼ੀ ਮਨਾਉਣ।

ਉਨ੍ਹਾਂ ਕਿਹਾ ਖੇਡ ਤੇ ਚੋਣ ਦੇ ਮੈਦਾਨ ਵਿੱਚ ਇੱਕ ਨੇ ਤਾਂ ਹਾਰਨਾ ਹੀ ਹੁੰਦਾ ਹੈ ਤੇ ਇਕ ਨੇ ਜਿੱਤ ਪ੍ਰਾਪਤ ਕਰਨੀ ਹੁੰਦੀ ਹੈ। ਇਹ ਅਟੱਲ ਸਚਾਈ ਨੂੰ ਪੱਲੇ ਬੰਨ ਚੱਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਗਾਉਂ ਜਿੱਤਣ ਵਾਲੇ ਉਮੀਦਵਾਰਾਂ ਨੂੰ ਵਧਾਈ ਸ਼ੁਭਕਾਮਨਾਵਾਂ ਦੇਂਦਾ ਹਾਂ। ਉਨ੍ਹਾਂ ਕਿਹਾ ਪਛੜ ਜਾਣ ਵਾਲੇ ਉਮੀਦਵਾਰਾਂ ਲਈ ਅਕਾਲ ਪੁਰਖ ਅੱਗੇ ਅਰਦਾਸ ਕਰਦਾ ਹਾਂ ਕਿ ਉਨ੍ਹਾਂ ਨੂੰ ਹੌਸਲਾ, ਚੰਗੀ ਸੇਹਤ ਤੇ ਅਗਲੇ ਪੜਾਅ ਲਈ ਲੜਨ ਦੀ ਹਿੰਮਤ ਬਖਸ਼ਣ ਤੇ ਉਹ ਸਹਿਜਤਾ ਦਾ ਪੱਲਾ ਨਾ ਛੱਡਣ।