ਤਾਰਾਂ ਦੀ ਲਪੇਟ `ਚ ਆਉਣ ਕਾਰਨ ਜ਼ਖ਼ਮੀ ਹੋਏ ਨੌਜਵਾਨ ਦੀ ਹੋਈ ਮੌਤ

ਦੁਆਰਾ: Punjab Bani ਪ੍ਰਕਾਸ਼ਿਤ :Wednesday, 05 June, 2024, 07:18 PM

ਤਾਰਾਂ ਦੀ ਲਪੇਟ `ਚ ਆਉਣ ਕਾਰਨ ਜ਼ਖ਼ਮੀ ਹੋਏ ਨੌਜਵਾਨ ਦੀ ਹੋਈ ਮੌਤ
ਫਾਜਿਲਕਾ, 5 ਜੂਨ () : ਅਬੋਹਰ ਦੀ ਦਾਣਾ ਮੰਡੀ ਵਿੱਚ ਤਾਰਾਂ ਦੀ ਲਪੇਟ ਵਿੱਚ ਆ ਕੇ ਜ਼ਖ਼ਮੀ ਹੋਏ ਨੌਜਵਾਨ ਦੀ ਅੱਜ ਬਠਿੰਡਾ ਵਿੱਚ ਇਲਾਜ ਦੌਰਾਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਸਰੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਜਿਸਦੀ ਉਮਰ 17 ਸਾਲ ਦੇ ਕਰੀਬ ਹੈ ਦੇ ਚਾਚਾ ਇੰਦਰਜੀਤ ਨੇ ਦੱਸਿਆ ਕਿ ਜਸਰੀਤ ਵੈਲਡਰ ਦਾ ਕੰਮ ਕਰਦਾ ਸੀ ਅਤੇ 2 ਜੂਨ ਨੂੰ ਜਦੋਂ ਉਹ ਆਪਣੀ ਮਾਂ ਨੂੰ ਬਾਈਕ `ਤੇ ਦਾਣਾ ਮੰਡੀ ਛੱਡ ਕੇ ਜਾ ਰਿਹਾ ਸੀ ਤਾਂ ਉਥੇ ਲੱਕੜਾਂ ਨਾਲ ਭਰੀ ਟਰਾਲੀ ਨੇੜੇ ਲੱਕੜਾਂ ਬੰਨ੍ਹਣ ਲਈ ਤਾਰ ਰੱਖੀ ਹੋਈ ਸੀ, ਜੋ ਉਸ ਨੂੰ ਵਿਖਾਈ ਨਹੀਂ ਦਿੱਤੀਆਂ ਅਤੇ ਉਹ ਉਸ ਨਾਲ ਟਕਰਾ ਗਿਆ ਅਤੇ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਜ਼ਖ਼ਮੀ ਹਾਲਤ ਵਿੱਚ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦੀ ਹਾਲਤ ਗੰਭੀਰ ਦੇਖਦਿਆਂ ਉਸ ਨੂੰ ਰੈਫ਼ਰ ਕਰ ਦਿੱਤਾ, ਜਿਸ ਤੋਂ ਬਾਅਦ ਉਸ ਨੂੰ ਬਠਿੰਡਾ ਦੇ ਹਸਪਤਾਲ `ਚ ਦਾਖਲ ਕਰਵਾਇਆ ਗਿਆ, ਜਿੱਥੇ ਅੱਜ ਉਸ ਦੀ ਮੌਤ ਹੋ ਗਈ। ਇਸ ਦੌਰਾਨ ਪੁਲਿਸ ਨੇ ਲਾਸ਼ ਨੂੰ ਮੁਰਦਾਘਰ ਵਿੱਚ ਰੱਖਵਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੇ ਵਾਰਸਾਂ ਨੇ ਪੁਲਿਸ ਤੋਂ ਇਨਸਾਫ਼ ਦੀ ਮੰਗ ਕਰਦਿਆਂ ਟਰਾਲੀ ਚਾਲਕਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।