ਭਾਰਤੀ ਚੋਣ ਕਮਿਸ਼ਨ ਵੱਲੋਂ ਤਾਇਨਾਤ ਸਪੈਸ਼ਲ ਪੁਲਿਸ ਆਬਜ਼ਰਵਰ ਅਤੇ ਸਪੈਸ਼ਲ ਖਰਚਾ ਆਬਜ਼ਰਵਰ ਵੱਲੋਂ ਲੋਕ ਸਭਾ ਚੋਣਾਂ ਦੇ ਪ੍ਰਬੰਧਾਂ ਬਾਰੇ ਸਮੀਖਿਆ ਮੀਟਿੰਗ

ਭਾਰਤੀ ਚੋਣ ਕਮਿਸ਼ਨ ਵੱਲੋਂ ਤਾਇਨਾਤ ਸਪੈਸ਼ਲ ਪੁਲਿਸ ਆਬਜ਼ਰਵਰ ਅਤੇ ਸਪੈਸ਼ਲ ਖਰਚਾ
ਆਬਜ਼ਰਵਰ ਵੱਲੋਂ ਲੋਕ ਸਭਾ ਚੋਣਾਂ ਦੇ ਪ੍ਰਬੰਧਾਂ ਬਾਰੇ ਸਮੀਖਿਆ ਮੀਟਿੰਗ
ਜਨਰਲ ਆਬਜ਼ਰਵਰ ਦਿਨੇਸ਼ਨ ਐਚ ਅਤੇ ਖਰਚਾ ਆਬਜ਼ਰਵਰ ਅਮਿਤ ਸੰਜੇ ਗੁਰਵ ਨੇ ਵੀ ਕੀਤੀ ਸ਼ਿਰਕਤ
ਲੋਕ ਸਭਾ ਚੋਣਾਂ ਨੂੰ ਆਜ਼ਾਦ, ਨਿਰਪੱਖ, ਪਾਰਦਰਸ਼ੀ ਅਤੇ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚੜ੍ਹਾਉਣਾ ਯਕੀਨੀ ਬਣਾਇਆ ਜਾਵੇਗਾ: ਜਤਿੰਦਰ ਜੋਰਵਾਲ, ਸਰਤਾਜ ਸਿੰਘ ਚਹਿਲ
ਸੰਗਰੂਰ, 29 ਮਈ:
ਭਾਰਤੀ ਚੋਣ ਕਮਿਸ਼ਨ ਵੱਲੋਂ ਤਾਇਨਾਤ ਸਪੈਸ਼ਲ ਪੁਲਿਸ ਆਬਜ਼ਰਵਰ ਸ਼੍ਰੀ ਦੀਪਕ ਮਿਸ਼ਰਾ ਅਤੇ ਸਪੈਸ਼ਲ ਖਰਚਾ ਆਬਜ਼ਰਵਰ ਸ਼੍ਰੀ ਬੀ.ਆਰ ਬਾਲਾਕ੍ਰਿਸ਼ਨਨ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਲੋਕ ਸਭਾ ਚੋਣਾਂ ਸਬੰਧੀ ਲੋਕ ਸਭਾ ਹਲਕਾ 12-ਸੰਗਰੂਰ ਵਿਖੇ ਸਿਵਲ ਤੇ ਪੁਲਿਸ ਪੱਧਰ ’ਤੇ ਕੀਤੀਆਂ ਜਾ ਰਹੀਆਂ ਤਿਆਰੀਆਂ ਬਾਰੇ ਜਨਰਲ ਆਬਜ਼ਰਵਰ ਸ਼੍ਰੀ ਦਿਨੇਸ਼ਨ ਐਚ ਅਤੇ ਖਰਚਾ ਆਬਜ਼ਰਵਰ ਸ਼੍ਰੀ ਅਮਿਤ ਸੰਜੇ ਗੁਰਵ ਦੀ ਹਾਜ਼ਰੀ ਵਿੱਚ ਉਚ ਅਧਿਕਾਰੀਆਂ ਨਾਲ ਵਿਸਤ੍ਰਿਤ ਸਮੀਖਿਆ ਮੀਟਿੰਗ ਕੀਤੀ। ਮੀਟਿੰਗ ਦੌਰਾਨ ਜ਼ਿਲ੍ਹਾ ਚੋਣ ਅਫ਼ਸਰ ਸੰਗਰੂਰ ਸ਼੍ਰੀ ਜਤਿੰਦਰ ਜੋਰਵਾਲ ਨੇ ਜ਼ਿਲ੍ਹਾ ਸੰਗਰੂਰ ਦੇ 5 ਵੱਖ-ਵੱਖ ਵਿਧਾਨ ਸਭਾ ਸੈਗਮੈਂਟਾਂ ਅੰਦਰ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਅਤੇ ਵੋਟਰਾਂ ਵਿੱਚ ਸੁਰੱਖਿਆ ਦੀ ਭਾਵਨਾ ਨੂੰ ਪੈਦਾ ਕਰਨ ਲਈ ਕੀਤੇ ਗਏ ਪ੍ਰਬੰਧਾਂ ਬਾਰੇ ਜਾਣਕਾਰੀ ਦਿੱਤੀ। ਇਸ ਦੌਰਾਨ ਜ਼ਿਲ੍ਹਾ ਬਰਨਾਲਾ ਦੇ ਜ਼ਿਲ੍ਹਾ ਚੋਣ ਅਫ਼ਸਰ ਪੂਨਮਦੀਪ ਕੌਰ ਤੇ ਐਸ.ਐਸ.ਪੀ ਸੰਦੀਪ ਮਲਿਕ ਤੇ ਜ਼ਿਲ੍ਹਾ ਚੋਣ ਅਫ਼ਸਰ ਮਲੇਰਕੋਟਲਾ ਡਾ. ਪੱਲਵੀ ਤੇ ਐਸ.ਐਸ.ਪੀ ਡਾ. ਸਿਮਰਤ ਕੌਰ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਸਬੰਧਤ ਜ਼ਿਲਿ੍ਹਆਂ ਦੇ ਵਿਧਾਨ ਸਭਾ ਸੈਗਮੈਂਟਾਂ ’ਚ ਵੋਟਿੰਗ ਤੇ ਗਿਣਤੀ ਦੇ ਪ੍ਰਬੰਧਾਂ ਬਾਰੇ ਜਾਣਕਾਰੀ ਦਿੱਤੀ।
ਸਪੈਸ਼ਲ ਪੁਲਿਸ ਆਬਜ਼ਰਵਰ ਸ਼੍ਰੀ ਦੀਪਕ ਮਿਸ਼ਰਾ ਨੇ ਚੋਣਾਂ ਦੇ ਇਸ ਮਹਾਂਤਿਓਹਾਰ ਨੂੰ ਆਪਸੀ ਮਿਲਵਰਤਨ ਅਤੇ ਤਨਦੇਹੀ ਨਾਲ ਸਫ਼ਲ ਬਣਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਸੁਰੱਖਿਆ ਵਿਵਸਥਾ, ਨਾਕਾਬੰਦੀ, ਪੈਟਰੋਲਿੰਗ ਪਾਰਟੀਆਂ, ਫੋਰਸ, ਸਟਰੌਂਗ ਰੂਮ ਤੇ ਗਿਣਤੀ ਕੇਂਦਰਾਂ ਦੀ ਸੁਰੱਖਿਆ, ਸੀ.ਸੀ.ਟੀ.ਵੀ ਕੈਮਰਿਆਂ, ਵੀਡੀਓਗ੍ਰਾਫੀ ਪ੍ਰਬੰਧਨ, ਸਾਇਬਰ ਸਕਿਓਰਟੀ, ਹੁਣ ਤੱਕ ਹੋਈਆਂ ਬਰਾਮਦਗੀਆਂ, ਹਥਿਆਰ ਜਮ੍ਹਾਂ ਕਰਵਾਉਣ ਦੀ ਸਥਿਤੀ ਆਦਿ ਬਾਰੇ ਜਾਇਜ਼ਾ ਲਿਆ। ਸਪੈਸ਼ਲ ਖਰਚਾ ਆਬਜ਼ਰਵਰ ਸ਼੍ਰੀ ਬੀ.ਆਰ ਬਾਲਾਕ੍ਰਿਸ਼ਨਨ ਨੇ ਉਮੀਦਵਾਰਾਂ ਦੇ ਚੋਣ ਖਰਚਿਆਂ, ਨਗਦੀ ਲਿਜਾਉਣ ਸਬੰਧੀ ਦਿਸ਼ਾ ਨਿਰਦੇਸ਼ਾਂ, ਸ਼ਰਾਬ ਜਾਂ ਹੋਰ ਨਸ਼ਿਆਂ, ਵੋਟਰਾਂ ਨੂੰ ਭਰਮਾਉਣ ਲਈ ਉਪਹਾਰਾਂ ਆਦਿ ਦੀ ਵੰਡ ਦੇ ਰੋਕਥਾਮ ਪ੍ਰਬੰਧਾਂ, ਵਾਹਨਾਂ ਦੀ ਚੈਕਿੰਗ, ਛਾਪਾਮਾਰੀ ਵਿਵਸਥਾਵਾਂ, ਸੀ-ਵਿਜਿਲ ’ਤੇ ਪ੍ਰਾਪਤ ਸ਼ਿਕਾਇਤਾਂ ਦਾ ਨਿਪਟਾਰਾ ਆਦਿ ਬਾਰੇ ਵਿਸਥਾਰ ਵਿੱਚ ਜਾਇਜ਼ਾ ਲਿਆ।
ਇਸ ਦੌਰਾਨ ਜ਼ਿਲ੍ਹਾ ਚੋਣ ਅਫ਼ਸਰ ਜਤਿੰਦਰ ਜੋਰਵਾਲ ਅਤੇ ਐਸ.ਐਸ.ਪੀ ਸਰਤਾਜ ਸਿੰਘ ਚਹਿਲ ਨੇ ਦੋਵੇਂ ਸਪੈਸ਼ਲ ਆਬਜ਼ਰਵਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਚੋਣ ਕਾਰਜਾਂ ਲਈ ਤਾਇਨਾਤ ਸਮੁੱਚੇ ਪ੍ਰਸ਼ਾਸਨਿਕ ਤੇ ਪੁਲਿਸ ਅਮਲੇ ਨੂੰ ਆਦਰਸ਼ ਚੋਣ ਜ਼ਾਬਤੇ ਨੂੰ ਇੰਨ ਬਿੰਨ ਲਾਗੂ ਕਰਨ ਸਬੰਧੀ ਲੋੜੀਂਦੀ ਸਿਖਲਾਈ ਪ੍ਰਦਾਨ ਕੀਤੀ ਜਾ ਚੁੱਕੀ ਹੈ ਅਤੇ ਲੋਕ ਸਭਾ ਚੋਣਾਂ ਨੂੰ ਆਜ਼ਾਦ, ਨਿਰਪੱਖ, ਪਾਰਦਰਸ਼ੀ ਅਤੇ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚੜ੍ਹਾਉਣਾ ਯਕੀਨੀ ਬਣਾਇਆ ਜਾਵੇਗਾ। ਜਤਿੰਦਰ ਜੋਰਵਾਲ ਨੇ ਦੱਸਿਆ ਕਿ ਹਰੇਕ ਤਰ੍ਹਾਂ ਦੀ ਸ਼ੱਕੀ ਗਤੀਵਿਧੀ ਦੀ ਰੋਕਥਾਮ ਲਈ ਪੁਲਿਸ, ਐਕਸਾਈਜ਼, ਜੀ.ਐਸ.ਟੀ, ਸਟੇਟ ਟੈਕਸ, ਆਮਦਨ ਕਰ, ਐਸ.ਐਸ.ਟੀ, ਐਫ.ਐਸ.ਟੀ ਸਮੇਤ ਹੋਰ ਚੌਕਸੀ ਟੀਮਾਂ 24 ਘੰਟੇ ਕਾਰਜਸ਼ੀਲ ਹਨ ਅਤੇ ਅੰਤਰ ਰਾਜੀ ਨਾਕਿਆਂ ’ਤੇ ਵੀ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲੂ ਤੇ ਤੇਜ਼ ਗਰਮੀ ਦੇ ਮੱਦੇਨਜ਼ਰ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੋਲਿੰਗ ਸਟੇਸ਼ਨਾਂ ਅਤੇ ਪੋਲਿੰਗ ਬੂਥਾਂ ’ਤੇ ਵੋਟਰਾਂ ਦੀ ਸਹੂਲਤ ਲਈ ਬਿਹਤਰੀਨ ਪ੍ਰਬੰਧ ਕੀਤੇ ਗਏ ਹਨ ਅਤੇ ਦਿਵਿਆਂਗਜਨ ਵੋਟਰਾਂ ਲਈ ਵੀ ਵ੍ਹੀਲ ਚੇਅਰ ਸਮੇਤ ਹੋਰ ਢੁਕਵੇਂ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਰੈਂਡੇਮਾਈਜੇਸ਼ਨ ਪ੍ਰਕਿਰਿਆਵਾਂ ਤੇ ਚੋਣ ਅਮਲੇ ਦੀਆਂ ਰਿਹਰਸਲਾਂ ਕਰਵਾਉਣ ਸਮੇਤ ਮੈਡੀਕਲ ਟੀਮਾਂ ਦੀ ਉਪਲਬਧਤਾ, ਚੋਣਾਂ ਤੋਂ 72 ਘੰਟੇ, 48 ਘੰਟੇ ਅਤੇ 24 ਘੰਟੇ ਪਹਿਲਾਂ ਦੇ ਐਸ.ਓ.ਪੀਜ਼ ਬਾਰੇ ਜਾਣਕਾਰੀ ਪ੍ਰਦਾਨ ਕਰਨ ਦੇ ਨਾਲ ਨਾਲ ਪੋਲਿੰਗ ਬੂਥਾਂ ਵਿੱਚ ਚੋਣ ਅਮਲ ਦੀ ਸਫ਼ਲਤਾ ਲਈ ਨਿਰਧਾਰਿਤ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਬਾਰੇ ਸਭ ਨੂੰ ਜਾਣੂ ਕਰਵਾਇਆ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਚੋਣ ਅਮਲ ਵਿੱਚ ਤਾਇਨਾਤ ਸਟਾਫ਼ ਵੀ ਸਾਰੇ ਪ੍ਰਬੰਧਾਂ ਨੂੰ ਨੇਪਰੇ ਚੜ੍ਹਾਉਣ ਲਈ ਪੂਰੀ ਤਰ੍ਹਾਂ ਆਪਸੀ ਤਾਲਮੇਲ ਰੱਖਣ ਦਾ ਪਾਬੰਦ ਰਹੇਗਾ।
ਮੀਟਿੰਗ ਦੌਰਾਨ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਆਕਾਸ਼ ਬਾਂਸਲ, ਤਹਿਸੀਲਦਾਰ ਚੋਣਾਂ ਪਰਮਜੀਤ ਕੌਰ, ਡੀ.ਐਸ.ਪੀਜ਼, ਸਮੂਹ ਆਬਜ਼ਰਵਰਾਂ ਦੇ ਤਾਲਮੇਲ ਅਧਿਕਾਰੀ, ਵੱਖ-ਵੱਖ ਚੌਕਸੀ ਟੀਮਾਂ ਦੇ ਅਧਿਕਾਰੀ ਵੀ ਹਾਜ਼ਰ ਸਨ।
