ਪੰਜਾਬ ਦੇ ਵਧੀਕ ਮੁੱਖ ਚੋਣ ਅਫ਼ਸਰ ਵੱਲੋਂ ਬਰੜਵਾਲ ਵਿਖੇ ਸਟਰੌਂਗ ਰੂਮਾਂ

ਦੁਆਰਾ: Punjab Bani ਪ੍ਰਕਾਸ਼ਿਤ :Tuesday, 28 May, 2024, 08:04 PM

ਪੰਜਾਬ ਦੇ ਵਧੀਕ ਮੁੱਖ ਚੋਣ ਅਫ਼ਸਰ ਵੱਲੋਂ ਬਰੜਵਾਲ ਵਿਖੇ ਸਟਰੌਂਗ ਰੂਮਾਂ
ਦੀ ਸੁਰੱਖਿਆ ਤੇ ਗਿਣਤੀ ਕੇਂਦਰਾਂ ਦੇ ਪ੍ਰਬੰਧਾਂ ਦਾ ਜਾਇਜ਼ਾ

ਬਰੜਵਾਲ/ਧੂਰੀ (ਸੰਗਰੂਰ), 28 ਮਈ:
ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਵਧੀਕ ਮੁੱਖ ਚੋਣ ਅਫ਼ਸਰ ਸ਼੍ਰੀ ਹਰੀਸ਼ ਨਈਅਰ ਵੱਲੋਂ ਦੇਸ਼ ਭਗਤ ਕਾਲਜ, ਬਰੜਵਾਲ ਵਿਖੇ ਸਥਾਪਿਤ ਸਟਰੌਂਗ ਰੂਮਾਂ ਵਿਖੇ ਸੁਰੱਖਿਆ ਵਿਵਸਥਾ ਅਤੇ ਵੋਟਾਂ ਦੀ ਗਿਣਤੀ ਲਈ ਸਥਾਪਿਤ ਕੀਤੇ ਕੇਂਦਰਾਂ ਦਾ ਦੌਰਾ ਕਰਕੇ ਪ੍ਰਬੰਧਾਂ ਦਾ ਅਗੇਤੇ ਤੌਰ ਉੱਤੇ ਜਾਇਜ਼ਾ ਲਿਆ। ਇਸ ਸਮੇਂ ਵਧੀਕ ਜ਼ਿਲਾ ਚੋਣ ਅਫ਼ਸਰ ਸੰਗਰੂਰ ਸ਼੍ਰੀ ਆਕਾਸ਼ ਬਾਂਸਲ ਵੀ ਉਨਾਂ ਦੇ ਨਾਲ ਸਨ।
ਆਪਣੇ ਦੌਰੇ ਦੌਰਾਨ ਵਧੀਕ ਮੁੱਖ ਚੋਣ ਅਫ਼ਸਰ ਨੇ ਅਧਿਕਾਰੀਆਂ ਸਮੇਤ ਸਟਰੌਂਗ ਰੂਮਾਂ ਤੇ ਗਿਣਤੀ ਕੇਂਦਰਾਂ ਵਿੱਚ ਜਾ ਕੇ ਗਿਣਤੀ ਮੌਕੇ ਗਿਣਤੀ ਸਟਾਫ, ਉਮੀਦਵਾਰਾਂ ਅਤੇ ਅਧਿਕਾਰਤ ਚੋਣ ਏਜੰਟਾਂ ਦੀ ਸੁਵਿਧਾ ਲਈ ਕੀਤੇ ਜਾ ਰਹੇ ਪ੍ਰਬੰਧਾਂ ਦਾ ਜਾਇਜਾ ਲਿਆ। ਉਹਨਾਂ ਡਿਊਟੀ ਉਤੇ ਮੁਸਤੈਦ ਸੁਰੱਖਿਆ ਬਲਾਂ ਦੀ ਵੀ ਹੌਂਸਲਾ ਅਫ਼ਜਾਈ ਕੀਤੀ।
ਉਨ੍ਹਾਂ ਸਮੂਹ ਸਟਰੌਂਗ ਰੂਮਾਂ ਅਤੇ ਗਿਣਤੀ ਕੇਂਦਰਾਂ ਵਿੱਚ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਨੂੰ ਯਕੀਨੀ ਬਣਾਉਣ ਦੇ ਆਦੇਸ਼ ਦਿੱਤੇ ਅਤੇ 4 ਜੂਨ ਨੂੰ ਹੋਣ ਵਾਲੀ ਵੋਟਾਂ ਦੀ ਗਿਣਤੀ ਨੂੰ ਪੂਰੇ ਪਾਰਦਰਸ਼ੀ, ਨਿਰਪੱਖ ਤੇ ਸ਼ਾਂਤਮਈ ਮਾਹੌਲ ਵਿੱਚ ਨੇਪਰੇ ਚੜਾਉਣ ਲਈ ਦਿਸ਼ਾ ਨਿਰਦੇਸ਼ ਦਿੱਤੇ।
ਇਸ ਮੌਕੇ ਸਹਾਇਕ ਰਿਟਰਨਿੰਗ ਅਫਸਰ ਧੂਰੀ ਸ਼੍ਰੀ ਅਮਿਤ ਗੁਪਤਾ, ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਸ਼੍ਰੀ ਵਿਨੀਤ ਕੁਮਾਰ, ਆਰ ਟੀ ਓ ਸ਼੍ਰੀ ਕੁਲਦੀਪ ਬਾਵਾ, ਜ਼ਿਲਾ ਪ੍ਰਸ਼ਾਸਨ ਤੇ ਪੁਲਿਸ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ।