ਐਨ ਕੇ ਸ਼ਰਮਾ ਨੇ ਅਗਜ਼ਨੀ ਨਾਲ ਸੜੀਆਂ ਦੁਕਾਨਾਂ ਦੇ ਹਾਲਾਤ ਦਾ ਲਿਆ ਜਾਇਜ਼ਾ

ਦੁਆਰਾ: Punjab Bani ਪ੍ਰਕਾਸ਼ਿਤ :Friday, 31 May, 2024, 06:25 PM

ਐਨ ਕੇ ਸ਼ਰਮਾ ਨੇ ਅਗਜ਼ਨੀ ਨਾਲ ਸੜੀਆਂ ਦੁਕਾਨਾਂ ਦੇ ਹਾਲਾਤ ਦਾ ਲਿਆ ਜਾਇਜ਼ਾ
ਦੁਕਾਨਦਾਰਾਂ ਨੂੰ ਚੋਣਾਂ ਉਪਰੰਤ ਨਿੱਜੀ ਤੌਰ ’ਤੇ ਮਦਦ ਦੇਣ ਦਾ ਭਰੋਸਾ ਦੁਆਇਆ
ਮੰਗ ਕੀਤੀ ਕਿ ਪ੍ਰਸ਼ਾਸਨ ਫੌਰੀ 50-50 ਲੱਖ ਰੁਪਏ ਦੀ ਮਦਦ ਦੇਵੇ ਅਤੇ ਪੱਕੀਆਂ ਦੁਕਾਨਾਂ ਬਣਾ ਕੇ ਦੇਵੇ
ਪਟਿਆਲਾ, 31 ਮਈ: ਸ਼੍ਰੋਮਣੀ ਅਕਾਲੀ ਦਲ ਦੇ ਪਟਿਆਲਾ ਹਲਕੇ ਤੋਂ ਉਮੀਦਵਾਰ ਐਨ ਕੇ ਸ਼ਰਮਾ ਨੇ ਅੱਜ ਪਟਿਆਲਾ ਦੇ ਬਾਰਾਂਦਰੀ ਵਿਚ ਖੋਖਿਆਂ ਨੂੰ ਅੱਗ ਲੱਗਣ ਕਾਰਨ ਗਰੀਬ ਲੋਕਾਂ ਦੇ ਹੋਏ ਲੱਖਾਂ ਦੇ ਨੁਕਸਾਨ ਦੇ ਮਾਮਲੇ ਦਾ ਜਾਇਜ਼ਾ ਲਿਆ ਤੇ ਸਰਕਾਰ ਤੋਂ ਮੰਗ ਕੀਤੀ ਤੇ ਪੀੜਤਾਂ ਨੂੰ ਤੁਰੰਤ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਵੇ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਐਨ ਕੇ ਸ਼ਰਮਾ ਨੇ ਕਿਹਾ ਕਿ ਬਹੁਤ ਹੀ ਮੰਦਭਾਗੀ ਤੇ ਦੁਖਦਾਈ ਘਟਨਾ ਹੈ। ਅੱਜ 16 ਗਰੀਬ ਵਿਅਕਤੀ ਜਿਹੜੇ 30-35 ਸਾਲਾਂ ਤੋਂ ਇਥੇ ਦੁਕਾਨਾਂ ਕਰ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੇ ਸਨ। ਉਹਨਾਂ ਕਿਹਾ ਕਿ ਇਹ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸ਼ਹਿਰ ਹੈ, ਜੋ ਇਹਨਾਂ ਲਈ ਸਥਾਈ ਪ੍ਰਬੰਧ ਕਰਨ ਵਿਚ ਨਾਕਾਮ ਸਾਬਤ ਹੋਏ ਹਨ।
ਉਹਨਾਂ ਕਿਹਾ ਕਿ ਮੈਂ ਦੋ ਵਾਰ ਮੁਹਾਲੀ ਦਾ ਇੰਚਾਰਜ ਸੀ, ਅਸੀਂ ਇਕ ਵੀ ਖੋਖਾ ਨਹੀਂ ਰਹਿਣ ਦਿੱਤਾ ਅਤੇ ਪੱਕੀਆਂ ਦੁਕਾਨਾਂ ਬਣਾ ਕੇ ਅਸੀਂ ਇਹਨਾਂ ਨੂੰ ਦਿੱਤੀਆਂ ਤੇ 1984 ਸਿੱਖ ਕਤਲੇਆਮ ਦੇ ਪੀੜਤਾਂ ਨੂੰ ਵੀ ਦੁਕਾਨਾਂ ਦਿੱਤੀਆਂ। ਉਹਨਾਂ ਕਿਹਾ ਕਿ ਇਹਨਾਂ ਗਰੀਬ ਆਦਮੀਆਂ ਦਾ ਨੁਕਸਾਨ ਹੋਣਾ ਬਹੁਤ ਹੀ ਦੁਖਦਾਈ ਹੈ। ਉਹਨਾਂ ਕਿਹਾ ਕਿ ਇਕ ਗਰੀਬ ਚਾਹ ਦਾ ਕੰਮ ਕਰਦਾ ਹੈ ਜਿਹੜਾ ਹੁਣ ਸਿਲੰਡਰ ਵੀ ਨਹੀਂ ਖਰੀਦ ਸਕਦਾ, ਉਹ ਪੂਰੀ ਤਰ੍ਹਾਂ ਆਰਥਿਕ ਤੌਰ ’ਤੇ ਤਬਾਹ ਹੋ ਚੁੱਕਾ ਹੈ।
ਐਨ ਕੇ ਸ਼ਰਮਾ ਨੇ ਕਿਹਾ ਕਿ 7500 ਕਰੋੜ ਰੁਪਏ ਦਾ ਘੁਟਾਲਾ ਬਿਜਲੀ ਬੋਰਡ ਵਿਚ ਭਗਵੰਤ ਮਾਨ ਨੇ ਕੀਤਾ ਹੈ। ਉਹਨਾਂ ਕਿਹਾ ਕਿ ਇਹਨਾਂ ਦੁਕਾਨਦਾਰਾਂ ਦੇ ਹੋਏ ਨੁਕਸਾਨ ਦਾ ਘਟੋ ਘੱਟ 50-50 ਹਜ਼ਾਰ ਰੁਪਏ ਤੇ ਇਕ-ਇਕ ਲੱਖ ਰੁਪਏ ਦਾ ਫੌਰੀ ਮੁਆਵਜ਼ਾ ਪ੍ਰਸ਼ਾਸਨ ਦੇਵੇ ਅਤੇ ਇਹਨਾਂ ਨੂੰ ਪੱਕੀਆਂ ਦੁਕਾਨਾਂ ਬਣਾ ਕੇ ਦੇਵੇ।
ਐਨ ਕੇ ਸ਼ਰਮਾ ਨੇ ਕਿਹਾ ਕਿ ਅੱਜ ਆਪ ਸਰਕਾਰ ਹੈ ਤੇ ਇਥੇ ਵਿਧਾਇਕ ਸਾਹਿਬ ਮੇਅਰ ਵੀ ਰਹੇ ਹਨ, ਉਹਨਾਂ ਨੂੰ ਇਕ-ਇਕ ਚੀਜ਼ ਦਾ ਪਤਾ ਹੈ। ਉਹਨਾਂ ਕਿਹਾ ਕਿ ਸਾਡੀ ਸਰਕਾਰ ਬਣਨ ’ਤੇ ਅਸੀਂ ਇਹਨਾਂ ਨੂੰ ਪੱਕੀਆਂ ਦੁਕਾਨਾਂ ਵੀ ਬਣਾ ਕੇ ਦੇਵਾਂਗੇ ਤਾਂ ਜੋ ਇਹ ਆਪਣੇ ਪੈਰਾਂ ਸਿਰ ਹੋ ਸਕਣ।
ਉਹਨਾਂ ਕਿਹਾ ਕਿ ਅੱਜ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਦੇ ਚੋਣ ਪ੍ਰਚਾਰ ’ਤੇ ਅਰਬਾਂ ਰੁਪਏ ਖਰਚ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਚਾਹੀਦਾ ਤਾਂ ਇਹ ਸੀ ਕਿ ਡਿਪਟੀ ਕਮਿਸ਼ਨਰ, ਐਸ ਡੀ ਐਮ ਤੇ ਹੋਰ ਅਫਸਰਾਂ ਨੂੰ ਮੌਕੇ ’ਤੇ ਪਹੁੰਚ ਕੇ ਜਾਇਜ਼ਾ ਲੈ ਕੇ ਮੁਆਵਜ਼ੇ ਦਾ ਐਲਾਨ ਕਰਨਾ ਚਾਹੀਦਾ ਸੀ।
ਉਹਨਾਂ ਕਿਹਾ ਕਿ ਮੈਂ ਫਿਰ ਅਪੀਲ ਕਰਦਾ ਹਾਂ ਕਿ ਅਫਸਰਸ਼ਾਹੀ ਤੇ ਸਰਕਾਰ ਇਥੇ ਆ ਕੇ ਜਾਇਜ਼ਾ ਲੈ ਕੇ ਮੁਆਵਜ਼ੇ ਦਾ ਐਲਾਨ ਕਰੇ। ਉਹਨਾਂ ਕਿਹਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਖੁਦ ਅਜਿਹੇ ਮਾਮਲਿਆਂ ਵਿਚ ਮੌਕੇ ’ਤੇ ਪਹੁੰਚ ਕੇ ਮੁੱਖ ਮੰਤਰੀ ਰਾਹਤ ਫੰਡ ਵਿਚੋਂ ਮੁਆਵਜ਼ਾ ਦਿੰਦੇ ਸਨ। ਉਹਨਾਂ ਕਿਹਾ ਕਿ ਹੁਣ ਤੱਕ ਤਾਂ ਟਵੀਟ ਮੁੱਖ ਮੰਤਰੀ ਵੱਲੋਂ ਆ ਜਾਣਾ ਚਾਹੀਦਾ ਸੀ ਕਿ ਇਹਨਾਂ ਨੂੰ 50-50 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇਗਾ।
ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵਿਚ ਐਨ ਕੇ ਸ਼ਰਮਾ ਨੇ ਕਿਹਾ ਕਿ ਡਾ. ਧਰਮਵੀਰ ਗਾਂਧੀ ਤਾਂ ਬਤੌਰ ਐਮ ਪੀ ਲੋਕ ਸਭਾ ਵਿਚ ਵੀ ਜਾ ਕੇ ਨਹੀਂ ਵੜ੍ਹੇ, ਉਹ ਕਿਸ ਤਰੀਕੇ ਲੋਕਾਂ ਨੂੰ ਐਮ ਪੀ ਲੈਡ ਫੰਡ ਦੇਣ ਦਾ ਭਰੋਸਾ ਦੁਆ ਸਕਦੇ ਹਨ।
ਐਨ ਕੇ ਸ਼ਰਮਾ ਨੇ ਕਿਹਾ ਕਿ ਮੈਂ ਚੋਣਾਂ ਉਪਰੰਤ ਨਿੱਜੀ ਤੌਰ ’ਤੇ ਇਹਨਾਂ ਦੁਕਾਨਦਾਰਾਂ ਦੀ ਨਿੱਜੀ ਮਦਦ ਕਰਾਂਗਾ ਕਿਉਂਕਿ ਇਸ ਵੇਲੇ ਚੋਣ ਜ਼ਾਬਤਾ ਲੱਗਾ ਹੋਇਆ ਹੈ। ਉਹਨਾਂ ਕਿਹਾ ਕਿ ਚੋਣਾਂ ਉਪਰੰਤ ਉਹ ਤਾਲਮੇਲ ਕਰ ਕੇ ਇਹਨਾਂ ਦੀਆਂ ਦੁਕਾਨਾਂ ਪੱਕੀਆਂ ਬਣਵਾ ਕੇ ਦੇਣਗੇ, ਇਹ ਵਾਅਦਾ ਕਰਦੇ ਹਨ।