1 ਜੂਨ ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਪੈਣਗੀਆਂ ਵੋਟਾਂ : ਜਤਿੰਦਰ ਜੋਰਵਾਲ

ਦੁਆਰਾ: Punjab Bani ਪ੍ਰਕਾਸ਼ਿਤ :Friday, 31 May, 2024, 06:20 PM

1 ਜੂਨ ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਪੈਣਗੀਆਂ ਵੋਟਾਂ : ਜਤਿੰਦਰ ਜੋਰਵਾਲ

ਲੋਕ ਸਭਾ ਚੋਣਾਂ ਨੂੰ ਸ਼ਾਂਤੀਪੂਰਵਕ, ਪਾਰਦਰਸ਼ੀ ਅਤੇ ਸੁਰੱਖਿਅਤ
ਮਾਹੌਲ ’ਚ ਨੇਪਰੇ ਚੜ੍ਹਾਉਣ ਲਈ ਸਾਰੇ ਪ੍ਰਬੰਧ ਮੁਕੰਮਲ: ਜਤਿੰਦਰ ਜੋਰਵਾਲ

ਕੁਲ 15 ਲੱਖ 56 ਹਜ਼ਾਰ 601 ਵੋਟਰ ਕਰਨਗੇ ਵੋਟ ਦੇ ਅਧਿਕਾਰ ਦੀ ਵਰਤੋਂ

ਸੰਗਰੂਰ, 31 ਮਈ:
ਲੋਕ ਸਭਾ ਚੋਣਾਂ ਤਹਿਤ 1 ਜੂਨ ਨੂੰ ਪੈਣ ਵਾਲੀਆਂ ਵੋਟਾਂ ਦੀ ਸਮੁੱਚੀ ਪ੍ਰਕਿਰਿਆ ਨੂੰ ਸ਼ਾਂਤੀਪੂਰਵਕ, ਪਾਰਦਰਸ਼ੀ ਅਤੇ ਸੁਰੱਖਿਅਤ ਮਾਹੌਲ ਵਿੱਚ ਨੇਪਰੇ ਚੜ੍ਹਾਉਣ ਲਈ ਸਮੁੱਚੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਹ ਜਾਣਕਾਰੀ ਦਿੰਦਿਆਂ ਲੋਕ ਸਭਾ ਹਲਕਾ 12-ਸੰਗਰੂਰ ਦੇ ਰਿਟਰਨਿੰਗ ਅਫ਼ਸਰ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਲੋਕ ਸਭਾ ਹਲਕਾ ਸੰਗਰੂਰ ਵਿੱਚ 23 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਉਨ੍ਹਾਂ ਦੱਸਿਆ ਕਿ ਲੋਕ ਸਭਾ ਹਲਕਾ ਸੰਗਰੂਰ ਦੇ ਕੁਲ 15 ਲੱਖ 56 ਹਜ਼ਾਰ 601 ਵੋਟਰਾਂ ਵੱਲੋਂ ਆਪਣੇ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਕੀਤੀ ਜਾਵੇਗੀ ਜਿਨ੍ਹਾਂ ਵਿੱਚ 8 ਲੱਖ 24 ਹਜ਼ਾਰ 001 ਮਰਦ ਵੋਟਰ, 7 ਲੱਖ 32 ਹਜ਼ਾਰ 554 ਮਹਿਲਾ ਵੋਟਰ ਅਤੇ ਟਰਾਂਸਜੈਂਡਰ 46 ਵੋਟਰ ਸ਼ਾਮਲ ਹਨ। ਉਨ੍ਹਾਂ ਨੇ ਦੱਸਿਆ ਕਿ ਹਲਕੇ ਵਿੱਚ ਕੁੱਲ 1765 ਪੋਲਿੰਗ ਸਟੇਸ਼ਨ ਬਣਾਏ ਗਏ ਹਨ ਜਿਥੇ ਵੋਟ ਪਾਉਣ ਦੀ ਪ੍ਰਕਿਰਿਆ ਸਵੇਰੇ 7 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ 6 ਵਜੇ ਤੱਕ ਚੱਲੇਗੀ।
ਉਨ੍ਹਾਂ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਸਮੁੱਚੀ ਚੋਣ ਪ੍ਰਕਿਰਿਆ ਨੂੰ ਸਫ਼ਲਤਾ ਤੇ ਅਮਨ-ਕਾਨੂੰਨ ਨਾਲ ਨੇਪਰੇ ਚੜ੍ਹਾਉਣ ਵਿੱਚ ਜ਼ਿਲ੍ਹਾ ਪੁਲਿਸ ਤੇ ਪ੍ਰਸ਼ਾਸ਼ਨ ਨੂੰ ਪੂਰਨ ਸਹਿਯੋਗ ਦੇਣ। ਉਨ੍ਹਾਂ ਨੇ ਸਮੂਹ ਵੋਟਰਾਂ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਜ਼ਰੂਰ ਕਰਨ ਦੀ ਅਪੀਲ ਵੀ ਕੀਤੀ। ਉਨ੍ਹਾਂ ਦੱਸਿਆ ਕਿ ਜੇਕਰ ਕੋਈ ਵੀ ਵਿਅਕਤੀ ਕਿਸੇ ਵੀ ਨਾਗਰਿਕ ਨੂੰ ਵੋਟ ਪਾਉਣ ਦੇ ਇਵਜ਼ ਵਿੱਚ ਧਨ ਜਾਂ ਉਪਹਾਰ ਦੀ ਪੇਸ਼ਕਸ਼ ਕਰਦਾ ਹੈ ਜਾਂ ਡਰਾਉਂਦਾ ਜਾਂ ਧਮਕਾਉਦਾ ਹੈ ਤਾਂ ਇਸ ਸਬੰਧੀ 24 ਘੰਟੇ ਕੰਮ ਕਰਨ ਵਾਲੇ ਸ਼ਿਕਾਇਤ ਸੈਲ ਵਿਖੇ ਟੋਲ ਫਰੀ ਫੋਨ ਨੰਬਰ 1950 ’ਤੇ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ।
ਉਹਨਾਂ ਦੱਸਿਆ ਕਿ ਲਹਿਰਾ, ਦਿੜਬਾ, ਸੁਨਾਮ, ਧੂਰੀ, ਸੰਗਰੂਰ, ਭਦੋੜ, ਬਰਨਾਲਾ, ਮਹਿਲ ਕਲਾਂ, ਅਤੇ ਮਲੇਰਕੋਟਲਾ ਵਿਧਾਨ ਸਭਾ ਸੈਗਮੈਂਟਾਂ ਤੋਂ ਸਬੰਧਿਤ ਸਹਾਇਕ ਰਿਟਰਨਿੰਗ ਅਫਸਰਾਂ ਦੀ ਨਿਗਰਾਨੀ ਹੇਠ ਪੋਲਿੰਗ ਪਾਰਟੀਆਂ ਚੋਣ ਸਮੱਗਰੀ ਸਮੇਤ ਆਪੋ ਆਪਣੇ ਪੋਲਿੰਗ ਸਟੇਸ਼ਨਾਂ ਲਈ ਰਵਾਨਾ ਹੋ ਗਈਆਂ ਹਨ। ਉਹਨਾਂ ਦੱਸਿਆ ਕਿ ਜ਼ਿਲਾ ਸੰਗਰੂਰ ਵਿੱਚ 4828, ਮਲੇਰਕੋਟਲਾ ਵਿੱਚ 694 ਅਤੇ ਬਰਨਾਲਾ ਵਿੱਚ 2232 ਚੋਣ ਕਰਮਚਾਰੀਆਂ ਦੀ ਤਾਇਨਾਤੀ ਕੀਤੀ ਗਈ ਹੈ। ਇਸ ਤੋਂ ਇਲਾਵਾ ਜ਼ਿਲ੍ਾ ਸੰਗਰੂਰ ਵਿੱਚ 3000 ਤੋਂ ਵਧੇਰੇ ਸੁਰੱਖਿਆ ਮੁਲਾਜ਼ਮ ਚੋਣ ਪ੍ਰਕਿਰਿਆ ਦੌਰਾਨ ਸੇਵਾਵਾਂ ਪ੍ਰਦਾਨ ਕਰਨਗੇ। ਉਹਨਾਂ ਦੱਸਿਆ ਕਿ ਸੀਏਪੀਐਫ ਅਤੇ ਸਟੇਟ ਆਰਮਡ ਪੁਲਿਸ ਵੀ ਸੁਰੱਖਿਆ ਅਤੇ ਅਮਨ ਕਾਨੂੰਨ ਨੂੰ ਯਕੀਨੀ ਬਣਾਉਣ ਲਈ ਕਾਰਜਸ਼ੀਲ ਹੈ।