ਲੋਕ ਭਲਾਈ ਲਈ ਕਾਂਗਰਸ ਨੂੰ ਵੋਟ ਦਿਓ: ਵੜਿੰਗ

ਦੁਆਰਾ: Punjab Bani ਪ੍ਰਕਾਸ਼ਿਤ :Thursday, 30 May, 2024, 08:44 PM

ਲੋਕ ਭਲਾਈ ਲਈ ਕਾਂਗਰਸ ਨੂੰ ਵੋਟ ਦਿਓ: ਵੜਿੰਗ

ਲੋਕਾਂ ਨੂੰ ਭਾਜਪਾ ਦੇ ਨੁਮਾਇੰਦਿਆਂ ਤੋਂ ਸੁਚੇਤ ਰਹਿਣ ਦੀ ਅਪੀਲ

ਹਰ ਗਰੀਬ ਪਰਿਵਾਰ ਨੂੰ ਹਰ ਮਹੀਨੇ 8500 ਰੁਪਏ ਦੇਣ ਦਾ ਵਾਅਦਾ ਦੁਹਰਾਇਆ

ਸਾਰੇ ਨਵੇਂ ਗ੍ਰੈਜੂਏਟਾਂ ਲਈ ‘ਪਹਿਲੀ ਨੌਕਰੀ ਦਾ ਭਰੋਸਾ’

ਮੁਫਤ ਰਾਸ਼ਨ ਦੀ ਮਾਤਰਾ 5 ਤੋਂ ਵਧਾ ਕੇ 10 ਕਿਲੋ ਕੀਤੀ ਜਾਵੇਗੀ

ਲੁਧਿਆਣਾ, 30 ਮਈ : ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਲੋਕ ਸਭਾ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਲੁਧਿਆਣਾ ਦੇ ਲੋਕਾਂ ਨੂੰ ਲੋਕ ਭਲਾਈ ਲਈ ਕਾਂਗਰਸ ਨੂੰ ਵੋਟ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਲੋਕਾਂ ਨੂੰ ਭਾਜਪਾ ਦੇ ਨੁਮਾਇੰਦਿਆਂ ਨੂੰ ਵੋਟ ਨਾ ਪਾਉਣ ਦੀ ਚੇਤਾਵਨੀ ਵੀ ਦਿੱਤੀ ਹੈ।

ਉਨ੍ਹਾਂ ਕਾਂਗਰਸ ਪਾਰਟੀ ਦੀਆਂ ਕੁਝ ਗਾਰੰਟੀਆਂ ਦਾ ਜ਼ਿਕਰ ਕੀਤਾ, ਜਿਸ ਵਿੱਚ ਹਰ ਗਰੀਬ ਪਰਿਵਾਰ ਨੂੰ 8500 ਰੁਪਏ ਪ੍ਰਤੀ ਮਹੀਨਾ, ਮੁਫਤ ਰਾਸ਼ਨ 5 ਕਿਲੋ ਤੋਂ ਵਧਾ ਕੇ 10 ਕਿਲੋ, ਕਿਸਾਨਾਂ ਲਈ ਕਰਜ਼ਾ ਮੁਆਫੀ ਅਤੇ ਨੌਜਵਾਨਾਂ ਲਈ ‘ਪਹਿਲੀ ਨੌਕਰੀ ਪੱਕੀ’ (ਪਹਿਲੀ ਗਾਰੰਟੀਸ਼ੁਦਾ ਨੌਕਰੀ) ਸ਼ਾਮਲ ਹਨ।

ਅੱਜ ਚੋਣ ਪ੍ਰਚਾਰ ਦੇ ਆਖ਼ਰੀ ਦਿਨ ਵੜਿੰਗ ਨੇ ਭਾਜਪਾ ਵੱਲੋਂ ਕਾਂਗਰਸ ਨੂੰ ਨੁਕਸਾਨ ਪਹੁੰਚਾਉਣ ਲਈ ਸ਼ੁਰੂ ਉਤਾਰੇ ਗਏ ਮੋਹਰੇ ਤੋਂ ਵੀ ਲੋਕਾਂ ਨੂੰ ਸੁਚੇਤ ਕੀਤਾ। ਉਨ੍ਹਾਂ ਕਿਹਾ ਕਿ ਕਈ ਅਜਿਹੇ ਮੋਹਰੇ ਹਨ ਜੋ ਵੱਖ-ਵੱਖ ਸਿਆਸੀ ਪਾਰਟੀਆਂ ਦੇ ਚੋਣ ਨਿਸ਼ਾਨਾਂ ‘ਤੇ ਜਾਂ ਆਜ਼ਾਦ ਤੌਰ ‘ਤੇ ਚੋਣ ਲੜ ਰਹੇ ਹਨ, ਜਦਕਿ ਅਸਲ ‘ਚ ਉਹ ਸਾਰੇ ਭਾਜਪਾ ਲਈ ਕੰਮ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਭਾਜਪਾ ਨੂੰ ਪਹਿਲਾਂ ਹੀ ਇਹ ਅਹਿਸਾਸ ਹੋ ਗਿਆ ਹੈ ਕਿ ਉਹ ਪੰਜਾਬ ਵਿੱਚ ਕਾਂਗਰਸ ਦਾ ਮੁਕਾਬਲਾ ਨਹੀਂ ਕਰ ਸਕੇਗੀ, ਇਸ ਲਈ ਇਸ ਨੇ ਕੁਝ ਲੋਕਾਂ ਅਤੇ ਕੁਝ ਪਾਰਟੀਆਂ ਦੀ ਪਛਾਣ ਕਰ ਲਈ ਹੈ, ਜਿਨ੍ਹਾਂ ਨੂੰ ਉਹ ਹੁਣ ਕਾਂਗਰਸ ਵਿਰੁੱਧ ਵਰਤ ਰਹੀ ਹੈ।

ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ, “ਮੇਰੇ ਪਿਆਰੇ ਵੀਰੋ ਅਤੇ ਭੈਣੋ, ਜੇਕਰ ਤੁਸੀਂ ਇਹ ਸੋਚ ਕੇ ਇਨ੍ਹਾਂ ਪਾਰਟੀਆਂ ਦੇ ਹੱਕ ਵਿੱਚ ਵੋਟ ਪਾਉਂਦੇ ਹੋ ਕਿ ਤੁਸੀਂ ਭਾਜਪਾ ਨੂੰ ਵੋਟ ਨਹੀਂ ਪਾ ਰਹੇ, ਤਾਂ ਕਿਰਪਾ ਕਰਕੇ ਯਾਦ ਰੱਖੋ ਕਿ ਭਾਜਪਾ ਨੂੰ ਵੋਟ ਦਿੱਤੇ ਬਿਨਾਂ ਤੁਸੀਂ ਸਿਰਫ਼ ਭਾਜਪਾ ਦੀ ਮਦਦ ਅਤੇ ਸਮਰਥਨ ਕਰ ਰਹੇ ਹੋ।” ਉਨ੍ਹਾਂ ਜ਼ੋਰ ਦਿੰਦਿਆਂ ਕਿਹਾ, “ਜੇਕਰ ਤੁਸੀਂ ਭਾਜਪਾ ਨੂੰ ਹਰਾਉਣਾ ਚਾਹੁੰਦੇ ਹੋ ਤਾਂ ਕਾਂਗਰਸ ਨੂੰ ਹੀ ਵੋਟ ਦਿਓ ਅਤੇ ਹੱਥ ਦੇ ਚੋਣ ਨਿਸ਼ਾਨ ਦਾ ਬਟਨ ਦਬਾਓ।”

ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਨੇ ਆਮ ਆਦਮੀ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਦੇ ਉਦੇਸ਼ ਨਾਲ ਸੋਚਿਆ-ਸਮਝਿਆ ਚੋਣ ਮਨੋਰਥ ਪੱਤਰ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ 2004 ਤੋਂ 2014 ਦਰਮਿਆਨ ਯੂ.ਪੀ.ਏ ਸਰਕਾਰ ਦੌਰਾਨ ਪਾਰਟੀ ਨੇ ਭੋਜਨ ਦਾ ਅਧਿਕਾਰ ਵਰਗੀਆਂ ਸਕੀਮਾਂ ਲਿਆਂਦੀਆਂ ਸਨ, ਜਿਸ ਤਹਿਤ ਹਰ ਗਰੀਬ ਨੂੰ ਮੁਫ਼ਤ ਭੋਜਨ ਅਤੇ ਮਨਰੇਗਾ ਸਕੀਮ ਤਹਿਤ ਪੇਂਡੂ ਖੇਤਰਾਂ ਵਿੱਚ ਹਰੇਕ ਨੂੰ 100 ਦਿਨ ਕੰਮ ਦੀ ਗਰੰਟੀ ਦਿੱਤੀ ਗਈ ਸੀ। ਪਾਰਟੀ ਨੇ ਇੱਕ ਵਾਰ ਫਿਰ ਇਨਕਲਾਬੀ ਭਲਾਈ ਦੇ ਉਪਰਾਲਿਆਂ ਦੀ ਵਿਉਂਤਬੰਦੀ ਕੀਤੀ ਹੈ।

ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋਂ ਲਿਆਂਦੇ ਭੋਜਨ ਦੇ ਅਧਿਕਾਰ ਕਾਨੂੰਨ ਤਹਿਤ ਗਰੀਬਾਂ ਨੂੰ ਮੌਜੂਦਾ ਪੰਜ ਕਿਲੋ ਮੁਫਤ ਰਾਸ਼ਨ ਦੁੱਗਣਾ ਕਰਕੇ 10 ਕਿਲੋ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਾਜਪਾ ਨੇ ਪਿਛਲੇ 10 ਸਾਲਾਂ ਦੌਰਾਨ ਕਾਂਗਰਸ ਦੀ ਯੋਜਨਾ ਵਿਚ ਇਕ ਕਿੱਲੋ ਵੀ ਵਾਧਾ ਨਹੀਂ ਕੀਤਾ।

ਵੜਿੰਗ ਨੇ ਕਿਹਾ ਕਿ ਇਕ ਹੋਰ ਕ੍ਰਾਂਤੀਕਾਰੀ ਯੋਜਨਾ ਤਹਿਤ ਦੇਸ਼ ਦੇ ਹਰ ਗਰੀਬ ਪਰਿਵਾਰ ਨੂੰ ਹਰ ਮਹੀਨੇ 8500 ਰੁਪਏ ਦੀ ਸਿੱਧੀ ਨਕਦ ਸਹਾਇਤਾ ਮਿਲੇਗੀ, ਜੋ ਪਰਿਵਾਰ ਦੀ ਇਕ ਔਰਤ ਮੈਂਬਰ ਦੇ ਖਾਤੇ ਵਿਚ ਸਿੱਧੀ ਟਰਾਂਸਫਰ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਪਹਿਲੀ ਨੌਕਰੀ ਪੱਕੀ ਸਕੀਮ ਤਹਿਤ ਨੌਜਵਾਨਾਂ ਲਈ ਪਹਿਲੀ ਨੌਕਰੀ ਦੀ ਗਰੰਟੀ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਹਰ ਨਵੇਂ ਗ੍ਰੈਜੂਏਟ ਜਾਂ ਡਿਪਲੋਮਾ ਹੋਲਡਰ ਨੂੰ ਇੱਕ ਸਾਲ ਲਈ ਅਪ੍ਰੈਂਟਿਸਸ਼ਿਪ ਦਾ ਅਧਿਕਾਰ ਮਿਲੇਗਾ ਅਤੇ 8500 ਰੁਪਏ ਪ੍ਰਤੀ ਮਹੀਨਾ ਦੀ ਦਰ ਨਾਲ 1 ਲੱਖ ਰੁਪਏ ਦੀ ਗਾਰੰਟੀਸ਼ੁਦਾ ਆਮਦਨ ਪ੍ਰਾਪਤ ਹੋਵੇਗੀ।

ਕਾਂਗਰਸੀ ਉਮੀਦਵਾਰ ਨੇ ਕਿਹਾ ਕਿ ਕਿਸਾਨਾਂ ਦੇ ਕਰਜ਼ੇ ਮੁਆਫ਼ ਕੀਤੇ ਜਾਣਗੇ ਅਤੇ ਉਨ੍ਹਾਂ ਨੂੰ ਉਨ੍ਹਾਂ ਦੀਆਂ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਦਿੱਤੀ ਜਾਵੇਗੀ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਜੀਐਸਟੀ ਨੂੰ ਸਰਲ ਬਣਾਇਆ ਜਾਵੇਗਾ ਅਤੇ ਸਿਰਫ਼ ਇੱਕ ਟੈਕਸ ਹੋਵੇਗਾ ਅਤੇ ਟੈਕਸ ਦੀਆਂ ਦਰਾਂ ਹੁਣ ਨਾਲੋਂ ਘੱਟ ਹੋਣਗੀਆਂ।

ਇਸੇ ਤਰ੍ਹਾਂ, ਲੁਧਿਆਣਾ ਲਈ ਵੜਿੰਗ ਨੇ ਕਿਹਾ ਕਿ ਜਿਸ ਤਰ੍ਹਾਂ ਡਾ: ਮਨਮੋਹਨ ਸਿੰਘ ਨੇ ਸ਼ਹਿਰ ਨੂੰ ਵਿਸ਼ੇਸ਼ ਗ੍ਰਾਂਟ ਪ੍ਰਦਾਨ ਕੀਤੀ ਸੀ ਅਤੇ ਇਸਨੂੰ ਰਾਸ਼ਟਰੀ ਸ਼ਹਿਰੀ ਨਵੀਨੀਕਰਨ ਮਿਸ਼ਨ ਵਿੱਚ ਸ਼ਾਮਲ ਕੀਤਾ ਸੀ, ਉਸੇ ਤਰ੍ਹਾਂ ਇਸ ਸ਼ਹਿਰ ਦੇ ਮੁਕੰਮਲ ਅਤੇ ਵਿਆਪਕ ਪੁਨਰ ਨਿਰਮਾਣ ਲਈ ਕੇਂਦਰ ਸਰਕਾਰ ਤੋਂ ਵਿਸ਼ੇਸ਼ ਗ੍ਰਾਂਟ ਮਨਜ਼ੂਰ ਕੀਤੀ ਜਾਵੇਗੀ, ਜਿਸ ਵਿੱਚ ਸਫ਼ਾਈ ਤੋਂ ਇਲਾਵਾ ਬੁਨਿਆਦੀ ਢਾਂਚੇ ਜਿਵੇਂ ਕਿ ਸੜਕਾਂ ਅਤੇ ਆਵਾਜਾਈ ਵਿੱਚ ਸੁਧਾਰ ਕਰਨਾ ਵੀ ਸ਼ਾਮਲ ਹੋਵੇਗਾ।