ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਵਧੀਕ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਹੁਕਮ ਜਾਰੀ

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਵਧੀਕ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਹੁਕਮ ਜਾਰੀ
ਅੱਜ 30 ਮਈ ਨੂੰ ਚੋਣ ਪ੍ਰਚਾਰ ਖਤਮ ਹੋਣ ‘ਤੇ ਸ਼ਾਮ 6.00 ਵਜੇ ਤੋਂ ਤੁਰੰਤ ਬਾਅਦ ਬਾਹਰੀ ਵਿਅਕਤੀਆਂ ਨੂੰ ਜ਼ਿਲ੍ਹਾ ਸੰਗਰੂਰ ਛੱਡਣ ਦੀ ਹਦਾਇਤ
ਸੰਗਰੂਰ, 30 ਮਈ –
ਵਧੀਕ ਜਿਲ੍ਹਾ ਮੈਜਿਸਟਰੇਟ ਸੰਗਰੂਰ ਆਕਾਸ਼ ਬਾਂਸਲ ਨੇ ਜ਼ਿਲ੍ਹਾ ਸੰਗਰੂਰ ਦੀ ਹੱਦ ਅੰਦਰ ਪੈਂਦੇ ਸਾਰੇ ਲੋਕ ਸਭਾ ਹਲਕੇ ਅਤੇ ਇਸ ਜਿਲ੍ਹੇ ਦੀਆਂ ਸਬ ਡਵੀਜਨਾਂ ਸੰਗਰੂਰ, ਧੂਰੀ, ਭਵਾਨੀਗੜ੍ਹ, ਦਿੜ੍ਹਬਾ, ਲਹਿਰਾ, ਮੂਣਕ, ਸੁਨਾਮ ਦੀ ਹਦੂਦ ਅੰਦਰ ਪਿੰਡਾਂ-ਸ਼ਹਿਰਾਂ ਵਿੱਚ ਫੌਜਦਾਰੀ ਜਾਬਤਾ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜਿਲ੍ਹਾ ਸੰਗਰੂਰ ਵਿੱਚ ਲੋਕ ਸਭਾ ਚੋਣ ਲੜ ਰਹੇ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ, ਉਸ ਉਮੀਦਵਾਰ ਦੇ ਹਲਕੇ ਤੋਂ ਬਾਹਰ ਤੋਂ ਆਏ ਬਾਹਰਲੇ ਵਿਅਕਤੀ, ਰਿਸ਼ਤੇਦਾਰ ਅਤੇ ਸਮਰਥਕਾਂ ਨੂੰ ਆਦੇਸ਼ ਦਿੱਤੇ ਹਨ ਕਿ ਉਹ ਮਿਤੀ 30.05.2024 ਨੂੰ ਚੋਣ ਪ੍ਰਚਾਰ ਖਤਮ ਹੋਣ ‘ਤੇ ਸ਼ਾਮ 6.00 ਵਜੇ ਤੋਂ ਤੁਰੰਤ ਬਾਅਦ ਤੋਂ ਵੋਟਾਂ ਪੈਣ ਦੀ ਪ੍ਰਕਿਰਿਆ ਦੇ ਮੁਕੰਮਲ ਹੋਣ ਤੱਕ ਜ਼ਿਲ੍ਹਾ ਸੰਗਰੂਰ ਤੋਂ ਬਾਹਰ ਚਲੇ ਜਾਣ।
ਵਧੀਕ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਰਾਜ ਵਿੱਚ ਲੋਕ ਸਭਾ ਚੋਣਾਂ ਮਿਤੀ 01.06.2024 ਨੂੰ ਅਤੇ ਇਨ੍ਹਾਂ ਵੋਟਾਂ ਦੀ ਗਿਣਤੀ ਮਿਤੀ 04.06.2024 ਨੂੰ ਹੋਣੀ ਨਿਯਤ ਹੋਈ ਹੈ। ਇਨ੍ਹਾਂ ਨੂੰ ਮੁੱਖ ਰੱਖਦੇ ਹੋਏ ਲੋਕ ਪ੍ਰਤੀਨਿਧਤਾ ਐਕਟ, 1951 ਦੀ ਧਾਰਾ 126 ਵਿੱਚ ਕੀਤੀ ਗਈ ਵਿਵਸਥਾ ਅਨੁਸਾਰ ਜ਼ਿਲ੍ਹਾ ਸੰਗਰੂਰ ਦੇ ਸਾਰੇ ਚੋਣ ਹਲਕਿਆਂ ਤੋਂ ਲੋਕ ਸਭਾ ਦੀ ਚੋਣ ਲੜ ਰਹੇ ਉਮੀਦਵਾਰਾਂ ਦੇ ਵਿਅਕਤੀ, ਸਮਰਥਕ, ਰਿਸ਼ਤੇਦਾਰ ਅਤੇ ਉਮੀਦਵਾਰਾਂ ਨਾਲ ਹਮਦਰਦੀ ਰੱਖਣ ਵਾਲੇ ਵਿਅਕਤੀ, ਜੋ ਕਿ ਉਨ੍ਹਾਂ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਬਾਹਰ ਤੋਂ ਆਏ ਹਨ, ਅਜਿਹੇ ਵਿਅਕਤੀਆਂ ਦਾ ਚੋਣ ਪ੍ਰਚਾਰ/ ਮੁਹਿੰਮ ਖਤਮ ਹੋਣ ਤੋਂ ਬਾਅਦ ਜਿਲ੍ਹਾ ਸੰਗਰੂਰ ਦੀ ਹਦੂਦ ਅੰਦਰ ਮੀਟਿੰਗਾਂ ਕਰਨ, ਨਾਹਰੇ ਲਗਾਉਣ, ਵਿਖਾਵਾ ਕਰਨ, ਘਰ-ਘਰ ਜਾ ਕੇ ਪ੍ਰਚਾਰ ਕਰਨ, ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ, ਪ੍ਰਚਾਰ ਲਈ ਬਾਹਰੋਂ ਆਏ ਵਿਅਕਤੀਆਂ ਦਾ ਵੋਟਾਂ ਪੈਣ ਸਮੇਂ ਹਾਜ਼ਰ ਰਹਿਣ ਆਦਿ ਨਾਲ ਜਨਤਕ ਸ਼ਾਂਤੀ ਭੰਗ ਹੋਣ ਸਰਕਾਰੀ ਅਤੇ ਗੈਰ-ਸਰਕਾਰੀ ਜਾਇਦਾਦਾਂ ਦੇ ਨੁਕਸਾਨ ਹੋਣ ਦੇ ਸਬੰਧ ਵਿੱਚ ਅਤੇ ਅਮਨ ਕਾਨੂੰਨ ਬਣਾਏ ਰੱਖਣ ਅਤੇ ਲੋਕਾਂ ਦੇ ਜਾਨ ਮਾਲ ਦੀ ਰਾਖੀ ਵਾਸਤੇ ਢੁਕਵੇਂ ਕਦਮ ਉਠਾਉਣੇ ਜਰੂਰੀ ਹਨ।
ਇਹ ਹੁਕਮ ਆਰਮੀ ਪ੍ਰਸਨਲ, ਪੈਰਾ ਮਿਲਟਰੀ ਫੋਰਸਜ, ਬਾਵਰਦੀ ਪੁਲਿਸ ਕਰਮਚਾਰੀਆਂ ‘ਤੇ ਲਾਗੂ ਨਹੀਂ ਹੋਵੇਗਾ।
ਇਹ ਹੁਕਮ ਮਿਤੀ 30.05.2024 ਨੂੰ ਚੋਣ ਪ੍ਰਚਾਰ ਸ਼ਾਮ 6.00 ਵਜੇ ਖਤਮ ਹੋਣ ਤੋਂ ਲੈ ਕੇ ਮਿਤੀ 01.06.2024 ਨੂੰ ਵੋਟਾਂ ਦਾ ਅਮਲ ਮੁਕੰਮਲ ਹੋਣ ਤੱਕ ਅਤੇ ਮਿਤੀ 04.06.2024 ਨੂੰ ਵੋਟਾਂ ਦੀ ਗਿਣਤੀ ਵਾਲੇ ਦਿਨ ਸਵੇਰੇ 6.00 ਵਜੇ ਤੋਂ ਸ਼ਾਮ 7.00 ਵਜੇ ਤੱਕ ਲਾਗੂ ਰਹਿਣਗੇ।
ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਭਾਰਤ ਦੇ ਚੋਣ ਕਮਿਸ਼ਨਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਜ਼ਿਲ੍ਹਾ ਪੁਲਿਸ ਮੁਖੀ, ਸੰਗਰੂਰ ਆਪਣੇ ਅਧੀਨ ਪੈਂਦੇ ਥਾਣਿਆਂ ਦੇ ਮੁਖੀਆਂ ਰਾਹੀਂ ਕਮਿਊਨਟੀ ਹਾਲ, ਹੋਟਲ,ਲਾਜ, ਰੈਸਟੋਰੈਂਟਾਂ ਅਤੇ ਕਿਸੇ ਵੀ ਠਹਿਰਣ ਵਾਲੇ ਸਥਾਨਾਂ ਆਦਿ ਦੀ ਚੈਕਿੰਗ ਕਰਵਾ ਕੇ ਇਹ ਵੇਖਣਗੇ ਕਿ ਇਨ੍ਹਾਂ ਵਿੱਚ ਬਾਹਰਲੇ ਵਿਅਕਤੀਆਂ ਨੂੰ ਰਿਹਾਇਸ਼ ਮੁਹੱਈਆ ਕੀਤੀ ਗਈ ਹੈ ਅਤੇ ਬਾਹਰਲੇ ਵਿਅਕਤੀਆਂ, ਜੋ ਇਸ ਹਲਕੇ ਦੇ ਵੋਟਰ ਨਹੀਂ ਹਨ, ਦੀ ਸ਼ਨਾਖਤ ਕਰਕੇ ਉਨ੍ਹਾਂ ਦੀਆਂ ਸੂਚੀਆਂ ਬਣਾਉਣਗੇ।
