ਪੰਜਾਬੀ ਯੂਨੀਵਰਸਿਟੀ ਤੋੰ ਡਾ. ਜਗਪ੍ਰੀਤ ਕੌਰ ਨੂੰ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਵੱਲੋਂ ਮਿਲਿਆ ਅੰਤਰਰਾਸ਼ਟਰੀ 'ਸਪਾਰਕ' ਪ੍ਰਾਜੈਕਟ
ਪੰਜਾਬੀ ਯੂਨੀਵਰਸਿਟੀ ਤੋੰ ਡਾ. ਜਗਪ੍ਰੀਤ ਕੌਰ ਨੂੰ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਵੱਲੋਂ ਮਿਲਿਆ ਅੰਤਰਰਾਸ਼ਟਰੀ ‘ਸਪਾਰਕ’ ਪ੍ਰਾਜੈਕਟ
-ਐੱਮ. ਡੀ. ਯੂ., ਰੋਹਤਕ ਦੀ ਅਧਿਆਪਕ ਡਾ. ਮਾਧੁਰੀ ਹੁੱਡਾ ਨਾਲ਼ ਸਾਂਝੇ ਤੌਰ ਉੱਤੇ ਪ੍ਰਾਪਤ ਹੋਇਆ
-ਆਸਟ੍ਰੇਲੀਆ ਦੇ ਪਰਥ ਵਿਚਲੀ ਕਰਟਿਨ ਯੂਨੀਵਰਸਿਟੀ ਦੇ ਦੋ ਅਧਿਆਪਕਾਂ ਦੇ ਸਹਿਯੋਗ ਨਾਲ਼ ਚੜ੍ਹੇਗਾ ਨੇਪਰੇ
ਪਟਿਆਲਾ
ਪੰਜਾਬੀ ਯੂਨੀਵਰਸਿਟੀ ਦੇ ਸਿੱਖਿਆ ਵਿਭਾਗ ਤੋਂ ਮੁਖੀ ਡਾ. ਜਗਪ੍ਰੀਤ ਕੌਰ ਨੂੰ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਵੱਲੋਂ ਖੋਜ ਨੂੰ ਵੱਡਾ ਹੁਲਾਰਾ ਦਿੰਦੇ ਹੋਏ ‘ਸਪਾਰਕ’ ਸਕੀਮ ਦੇ ਤਹਿਤ ਅੰਤਰਰਾਸ਼ਟਰੀ ਪ੍ਰੋਜੈਕਟ ਮਿਲਿਆ ਹੈ। ਉਨ੍ਹਾਂ ਨੂੰ ਇਹ ਪ੍ਰੋਜੈਕਟ ਐੱਮ. ਡੀ. ਯੂ., ਰੋਹਤਕ ਦੇ ਸਿੱਖਿਆ ਵਿਭਾਗ ਤੋਂ ਅਧਿਆਪਕ ਡਾ. ਮਾਧੁਰੀ ਹੁੱਡਾ ਨਾਲ਼ ਸਾਂਝੇ ਤੌਰ ਉੱਤੇ ਪ੍ਰਾਪਤ ਹੋਇਆ ਹੈ। ਇਹ ਪ੍ਰੋਜੈਕਟ ਸਿੱਖਿਆ ਮੰਤਰਾਲੇ ਵੱਲੋਂ ਚਲਾਈ ਜਾਂਦੀ ਅਕਾਦਮਿਕ ਅਤੇ ਖੋਜ ਸਾਂਝੇਦਾਰੀ ਨੂੰ ਪ੍ਰਫੁੱਲਤ ਕਰਨ ਹਿਤ ਯੋਜਨਾ ‘ਸਕੀਮ ਫ਼ਾਰ ਪ੍ਰੋਮੋਸ਼ਨ ਆਫ਼ ਅਕੈਡਮਿਕ ਐਂਡ ਰਿਸਰਚ ਕਲੈਬੋਰੇਸ਼ਨ’ ਤਹਿਤ ਮਿਲਿਆ ਹੈ। ‘ਸਪਾਰਕ’ ਪ੍ਰਾਜੈਕਟ ਨਾਮਵਰ ਭਾਰਤੀ ਸੰਸਥਾਵਾਂ ਅਤੇ ਚੋਟੀ ਦੇ ਦਰਜਾ ਪ੍ਰਾਪਤ ਅੰਤਰਰਾਸ਼ਟਰੀ ਸੰਸਥਾਵਾਂ ਵਿਚਕਾਰ ਅਕਾਦਮਿਕ ਅਤੇ ਖੋਜ ਸਹਿਯੋਗ ਦੀ ਸਹੂਲਤ ਦੇਣਾ ਹੈ, ਜਿਸ ਨਾਲ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪ੍ਰਸੰਗਿਕਤਾ ਦੀਆਂ ਸਮੱਸਿਆਵਾਂ ਦੇ ਹੱਲ ਪ੍ਰਦਾਨ ਕੀਤੇ ਜਾਂਦੇ ਹਨ। ਇਹ ਜ਼ਿਕਰਯੋਗ ਹੈ ਕਿ ਪੰਜਾਬੀ ਯੂਨੀਵਰਸਿਟੀ ਪਹਿਲੀ ਵਾਰ ਇਸ ਪ੍ਰੋਜੈਕਟ ਵਿੱਚ ਸ਼ਾਮਿਲ ਹੋ ਰਹੀ ਹੈ। ਇਸ ਪ੍ਰੋਜੈਕਟ ਰਾਹੀਂ ‘ਮੂਕਸ’ ਦੇ ਨਾਮ ਨਾਲ਼ ਜਾਣੇ ਜਾਂਦੇ ਡਿਜੀਟਲ ਵਿਧੀ ਵਾਲ਼ੇ ਕੋਰਸਾਂ ਦੇ ਕੁੱਝ ਵਿਸ਼ੇਸ਼ ਪੱਖਾਂ ਬਾਰੇ ਅਧਿਐਨ ਕੀਤਾ ਜਾਣਾ ਹੈ।
ਜ਼ਿਕਰਯੋਗ ਹੈ ਕਿ ਪੰਜਾਬੀ ਯੂਨੀਵਰਸਿਟੀ ਵਿਖੇ ਸਥਿਤ ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ (ਈ. ਐੱਮ. ਆਰ. ਸੀ.) ਵਿਖੇ ਲਗਾਤਾਰ ‘ਮੂਕਸ’ ਦਾ ਨਿਰਮਾਣ ਕੀਤਾ ਜਾਂਦਾ ਹੈ।
ਡਾ. ਜਗਪ੍ਰੀਤ ਕੌਰ ਨੇ ਇਸ ਪ੍ਰੋਜੈਕਟ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਇੱਕ ਅੰਤਰਰਾਸ਼ਟਰੀ ਸਹਿਯੋਗ ਵਾਲ਼ਾ ਪ੍ਰੋਜੈਕਟ ਹੈ ਜੋ ਕਿ ਆਸਟ੍ਰੇਲੀਆ ਦੇ ਪਰਥ ਵਿਚਲੀ ਕਰਟਿਨ ਯੂਨੀਵਰਸਿਟੀ ਦੇ ਦੋ ਅਧਿਆਪਕਾਂ ਡਾ. ਰੇਖਾ ਬੀ. ਕੌਲ ਅਤੇ ਪ੍ਰੋ. ਪੀ ਜੌਨ ਵਿਲੀਅਮਜ਼ ਦੇ ਸਹਿਯੋਗ ਨਾਲ ਪੂਰਾ ਕੀਤਾ ਜਾਣਾ ਹੈ। ਉਨ੍ਹਾਂ ਦੱਸਿਆ ਕਿ ਸਿੱਖਿਆ ਮੰਤਰਾਲੇ ਦਾ ਇਹ ਪ੍ਰੋਜੈਕਟ ਆਈ. ਆਈ. ਟੀ. ਖੜਗਪੁਰ ਦੀ ਦੇਖ ਰੇਖ ਹੇਠ ਨੇਪਰੇ ਚਾੜ੍ਹਿਆ ਜਾਣਾ ਹੈ।
ਇਸ ਅੰਤਰਰਾਸ਼ਟਰੀ ਪ੍ਰੋਜੈਕਟ ਲਈ 47.43 ਲੱਖ ਰੁਪਏ ਬਜਟ ਨਿਰਧਾਰਿਤ ਕੀਤਾ ਗਿਆ ਹੈ। ਇਹ ਪ੍ਰੋਜੈਕਟ ਤਿੰਨ ਪੜਾਵਾਂ ਵਿੱਚ ਚਲਾਇਆ ਜਾਵੇਗਾ। ਇਹ ਪ੍ਰੋਜੈਕਟ ‘ਮੂਕਸ’ ਲਈ ਸੰਕਲਪਿਕ ਢਾਂਚਾ ਵਿਕਸਤ ਕਰੇਗਾ ਅਤੇ ਇਸ ਵਿੱਚ ਸ਼ਾਮਿਲ ਵੱਖ-ਵੱਖ ਸੰਸਥਾਵਾਂ ਦਰਮਿਆਨ ਅਕਾਦਮਿਕ ਸਾਂਝ ਅਤੇ ਖੋਜ ਸਹਿਯੋਗ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰੇਗਾ।
ਉਪ-ਕੁਲਪਤੀ ਪ੍ਰੋ. ਅਰਵਿੰਦ ਨੇ ਇਸ ਪ੍ਰੋਜੈਕਟ ਸਬੰਧੀ ਵਧਾਈ ਦਿੰਦਿਆਂ ਕਿਹਾ ਕਿ ਕਿਸੇ ਵੀ ਵਿੱਦਿਅਕ ਅਦਾਰੇ ਦੀ ਪਹਿਚਾਣ ਉਸ ਦੇ ਅਧਿਆਪਕਾਂ ਨਾਲ਼ ਹੁੰਦੀ ਹੈ। ਅਧਿਆਪਕਾਂ ਨੂੰ ਮਿਲਣ ਵਾਲ਼ੇ ਅਜਿਹੇ ਪ੍ਰੋਜੈਕਟ ਜਿੱਥੇ ਅਧਿਆਪਕਾਂ ਦੇ ਵੱਕਾਰ ਵਿੱਚ ਵਾਧਾ ਕਰਦੇ ਹਨ, ਉੱਥੇ ਹੀ ਇਸ ਨਾਲ਼ ਅਦਾਰੇ ਦੇ ਮਾਣ ਵਿੱਚ ਵੀ ਵਾਧਾ ਹੁੰਦਾ ਹੈ।