ਪੰਜਾਬੀ ਯੂਨੀਵਰਸਿਟੀ ਵਿਖੇ ‘ਡਾ. ਹਰਚਰਨ ਸਿੰਘ ਯਾਦਗਾਰੀ ਭਾਸ਼ਣ’ ਕਰਵਾਇਆ ਗਿਆ

ਦੁਆਰਾ: Punjab Bani ਪ੍ਰਕਾਸ਼ਿਤ :Thursday, 18 January, 2024, 06:08 PM

ਪੰਜਾਬੀ ਯੂਨੀਵਰਸਿਟੀ ਵਿਖੇ ‘ਡਾ. ਹਰਚਰਨ ਸਿੰਘ ਯਾਦਗਾਰੀ ਭਾਸ਼ਣ’ ਕਰਵਾਇਆ ਗਿਆ

ਪਟਿਆਲਾ-ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ‘ਡਾ. ਹਰਚਰਨ ਸਿੰਘ ਯਾਦਗਾਰੀ ਭਾਸ਼ਣ’ ਕਰਵਾਇਆ ਗਿਆ। ਪੰਜਾਬੀ ਚਿੰਤਕ ਅਮਰਜੀਤ ਸਿੰਘ ਗਰੇਵਾਲ ਦਾ ਇਹ ਭਾਸ਼ਣ ਪੰਜਾਬੀ ਵਿਭਾਗ ਅਤੇ ਰੰਗਮੰਚ ਅਤੇ ਫ਼ਿਲਮ ਪ੍ਰੋਡਕਸ਼ਨ ਵਿਭਾਗ ਵੱਲੋਂ ਸਾਂਝੇ ਤੌਰ ਉੱਤੇ ਕਰਵਾਇਆ ਗਿਆ।ਉਨ੍ਹਾਂ ‘ਇੱਕੀਵੀਂ ਸਦੀ ਦੇ ਨਿਰਮਾਣ ਲਈ ਨਾਟ ਚੇਤਨਾ ਦਾ ਮਹੱਤਵ’ ਵਿਸ਼ੇ ਉੱਤੇ ਆਪਣੀ ਗੱਲ ਰੱਖੀ।
ਅਮਰਜੀਤ ਸਿੰਘ ਗਰੇਵਾਲ ਨੇ ਆਪਣੇ ਭਾਸ਼ਣ ਦੌਰਾਨ ਡਾ. ਹਰਚਰਨ ਸਿੰਘ ਨਾਲ ਸੰਬੰਧਿਤ ਆਪਣੀਆਂ ਯਾਦਾਂ ਸਾਂਝੀਆਂ ਕਰਦਿਆਂ ਦੱਸਿਆ ਕਿ ਡਾ.ਹਰਚਰਨ ਸਿੰਘ ਹਮੇਸ਼ਾ ਸਿਰਜਣਾਤਮਕ ਕੰਮਾਂ ਵਿੱਚ ਵਿਸੇਸ਼ ਦਿਲਚਸਪੀ ਰਖਦੇ ਸਨ। ਭਾਸ਼ਣ ਦੇ ਮੁੱਖ ਵਿਸ਼ੇ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਅਹਿਮ ਗੱਲਾਂ ਕੀਤੀਆਂ। ਉਨ੍ਹਾਂ ਕਿਹਾ ਕਿ ਹੁਣ ਜਦੋਂ ਦੁਨੀਆਂ ਗਲੋਬਲੀਕਰਣ ਵੱਲ ਵਧ ਰਹੀ ਹੈ ਅਤੇ ਸ਼ਹਿਰੀਕਰਨ ਵਧ ਰਿਹਾ ਹੈ ਤਾਂ ਇਸ ਨਾਲ਼ ਸਾਡੀ ਚੇਤਨਾ ਦੇ ਧਰੁਵ ਵੀ ਬਦਲ ਰਹੇ ਹਨ। ਅੱਜ ਜਦੋਂ ਕੋਈ ਸਾਨੂੰ ਸਾਡਾ ਪਤਾ ਪੁੱਛਦਾ ਹੈ ਤਾਂ ਅਸੀਂ ਉਸਨੂੰ ਪਿੰਡ ਸ਼ਹਿਰ ਦਾ ਪਤਾ ਦੇਣ ਦੀ ਬਜਾਇ ਆਪਣਾ ਵਰਚੂਅਲ ਪਤਾ ਭਾਵ ਈ-ਮੇਲ ਜਾਂ ਸੋਸ਼ਲ ਮੀਡੀਆ ਖਾਤੇ ਦਾ ਪਤਾ ਹੀ ਦਿੰਦੇ ਹਾਂ। ਉਨ੍ਹਾਂ ਕਿਹਾ ਕਿ ਅਜਿਹੇ ਬਦਲ ਰਹੇ ਸਮਿਆਂ ਵਿੱਚ ਸੰਸਾਰ ਨੂੰ ਸਮਝਣ ਲਈ ਕਲਾ ਮਾਧਿਅਮਾਂ ਰਾਹੀਂ, ਸੰਵਾਦ ਰਾਹੀਂ ਲੋਕਾਂ ਦਾ ਆਪਸ ਵਿੱਚ ਜੁੜਨਾ ਬਹੁਤ ਜ਼ਰੂਰੀ ਹੈ।
ਵਾਈਸ ਚਾਂਸਲਰ ਪ੍ਰੋਫ਼ੈਸਰ ਅਰਵਿੰਦ ਨੇ ਆਪਣੇ ਪ੍ਰਧਾਨਗੀ ਸ਼ਬਦ ਸਾਂਝੇ ਕਰਦਿਆਂ ਕਿਹਾ ਕਿ ਜਿਹੜੀਆਂ ਸੰਸਥਾਵਾਂ ਆਪਣੇ ਪੁਰਾਣੇ ਵਿਦਵਾਨਾਂ ਨੂੰ ਨਾਲ ਲੈ ਕੇ ਅੱਗੇ ਵਧਦੀਆਂ ਹਨ ਉਹ ਹਮੇਸ਼ਾਂ ਕਾਮਯਾਬ ਰਹਿੰਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਜ਼ਰੂਰੀ ਗੱਲ ਹੈ ਕਿ ਪੰਜਾਬੀ ਯੂਨੀਵਰਸਿਟੀ ਵਿਖੇ ਚਲਦੇ ਕੋਰਸ ਵੀ ਯੂਨੀਵਰਸਿਟੀ ਦੀ ਨੁਹਾਰ ਅਤੇ ਸਰੋਕਾਰਾਂ ਦੇ ਨਾਲ਼ ਮੇਲ ਖਾਂਦੇ ਹੋਣ। ਇੱਕ ਹੋਰ ਅਹਿਮ ਟਿੱਪਣੀ ਵਿੱਚ ਉਨ੍ਹਾਂ ਕਿਹਾ ਕਿ ਇੱਕੀਵੀਂ ਸਦੀ ਵਿੱਚ ਅਸੀਂ ਪੰਜਾਬੀ ਲੋਕ ਹਰੀ ਕ੍ਰਾਂਤੀ ਹੱਥੋਂ ਹਾਰੇ ਹੋਏ ਹਾਂ ਸਾਨੂੰ ਇਹ ਸਵੀਕਾਰ ਕਰਨਾ ਚਾਹੀਦਾ। ਪਰ ਅਸੀਂ ਇਸ ਵਿੱਚੋਂ ਉੱਭਰ ਸਕਦੇ ਹਾਂ। ਇਸ ਲਈ ਢੁਕਵੇਂ ਸੁਚੇਤ ਯਤਨ ਕਰਨੇ ਪੈਣਗੇ।
ਡਾ. ਹਰਚਰਨ ਸਿੰਘ ਦੇ ਪੁੱਤਰ ਸ. ਹਰਬਖਸ਼ ਸਿੰਘ ਲਾਟਾ ਨੇ ਇਸ ਮੌਕੇ ਪੰਜਾਬੀ ਵਿਭਾਗ ਵਿੱਚ ਵੀ ਇੱਕ ਸਕਾਲਰਸ਼ਿਪ ਸ਼ੁਰੂ ਕਰਨ ਅਤੇ ਇਸ ਲਈ ਪਰਿਵਾਰ ਵੱਲੋਂ ਇਕੱਠੀ ਕੀਤੀ ਰਾਸ਼ੀ ਯੂਨੀਵਰਸਿਟੀ ਦੇ ਸੰਬੰਧਿਤ ਖਾਤੇ ਵਿੱਚ ਜਮਾਂ ਕਰਵਾਉਣ ਦਾ ਐਲਾਨ ਕੀਤਾ। ਇਸ ਮੌਕੇ ਐਮ.ਏ ਥੀਏਟਰ ਵਿੱਚ ਅੱਵਲ ਰਹਿਣ ਵਾਲੇ ਦੋ ਵਿਦਿਆਰਥੀਆਂ ਨੂੰ ‘ਡਾ. ਹਰਚਰਨ ਸਿੰਘ ਯਾਦਗਾਰੀ ਫੈਲੋਸ਼ਿਪ’ ਪ੍ਰਦਾਨ ਕੀਤੀ ਗਈ।
ਪ੍ਰੋਗਰਾਮ ਦੇ ਸਵਾਗਤੀ ਸ਼ਬਦ ਡੀਨ ਆਰਟਸ ਪ੍ਰੋ. ਅੰਬਾਲਿਕਾ ਸੂਦ ਜੈਕਬ ਨੇ ਸਾਂਝੇ ਕੀਤੇ ਜਦੋਂ ਕਿ ਧੰਨਵਾਦੀ ਸ਼ਬਦ ਡੀਨ ਭਾਸ਼ਾਵਾਂ ਪ੍ਰੋ. ਰਾਜੇਸ਼ ਸ਼ਰਮਾ ਨੇ ਪੇਸ਼ ਕੀਤੇ। ਪ੍ਰੋ. ਗੁਰਮੁਖ ਸਿੰਘ ਨੇ ਭਾਸ਼ਣ ਕਰਤਾ ਅਮਰਜੀਤ ਸਿੰਘ ਗਰੇਵਾਲ ਨਾਲ਼ ਅਤੇ ਡਾ. ਜਸਪਾਲ ਦਿਉਲ ਨੇ ਹਰਬਖਸ਼ ਸਿੰਘ ਲਾਟਾ ਨਾਲ਼ ਰਸਮੀ ਤੁਆਰਫ਼ ਕਰਵਾਇਆ। ਮੰਚ ਸੰਚਾਲਨ ਦੀ ਭੂਮਿਕਾ ਡਾ. ਗੁਰਸੇਵਕ ਲੰਬੀ ਨੇ ਨਿਭਾਈ।



Scroll to Top