ਸਕੂਲ ਆਫ਼ ਐਮੀਨੈਂਸ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦਾ ਕੀਤਾ ਦੌਰਾ

ਸਕੂਲ ਆਫ਼ ਐਮੀਨੈਂਸ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦਾ ਕੀਤਾ ਦੌਰਾ
-ਐਕਸਪੋਜ਼ਰ ਵਿਜ਼ਟ ਦੌਰਾਨ ਵਿਦਿਆਰਥੀਆਂ ਨੇ ਡਿਪਟੀ ਕਮਿਸ਼ਨਰ ਨਾਲ ਕੀਤੀ ਮੁਲਾਕਾਤ
-ਡਿਪਟੀ ਕਮਿਸ਼ਨਰ ਨੇ ਵਿਦਿਆਰਥੀਆਂ ‘ਚ ਭਰਿਆ ਮਿਥੇ ਟੀਚੇ ਪ੍ਰਾਪਤ ਕਰਨ ਦਾ ਜਜ਼ਬਾ
-ਜ਼ਿੰਦਗੀ ‘ਚ ਟੀਚਿਆਂ ਦੀ ਪ੍ਰਾਪਤ ਲਈ ਮਿਹਨਤ ਜ਼ਰੂਰੀ : ਡਿਪਟੀ ਕਮਿਸ਼ਨਰ
ਪਟਿਆਲਾ, 27 ਦਸੰਬਰ:
ਪਟਿਆਲਾ ਜ਼ਿਲ੍ਹੇ ਦੇ ਸਕੂਲ ਆਫ਼ ਐਮੀਨੈਂਸ ਦੇ 51 ਵਿਦਿਆਰਥੀਆਂ ਨੇ ਅੱਜ ਐਕਸਪੋਜ਼ਰ ਵਿਜ਼ਟ ਤਹਿਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦਾ ਦੌਰਾ ਕੀਤਾ। ਇਸ ਮੌਕੇ ਵਿਦਿਆਰਥੀਆਂ ਨਾਲ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ, ਐਸ.ਡੀ.ਐਮ. ਦੁਧਨਸਾਧਾਂ ਕ੍ਰਿਪਾਲਬੀਰ ਸਿੰਘ ਤੇ ਸਹਾਇਕ ਕਮਿਸ਼ਨਰ (ਜ) ਰਵਿੰਦਰ ਸਿੰਘ ਨੇ ਮੁਲਾਕਾਤ ਕੀਤੀ ਅਤੇ ਵਿਦਿਆਰਥੀਆਂ ਨੂੰ ਜ਼ਿੰਦਗੀ ‘ਚ ਆਪਣੇ ਟੀਚਿਆਂ ਦੀ ਪ੍ਰਾਪਤੀ ਲਈ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਦੌਰੇ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਪ੍ਰਸ਼ਾਸਨਿਕ ਪ੍ਰਣਾਲੀ ਤੋਂ ਜਾਣੂ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਦਿਆਰਥੀਆਂ ਲਈ ਆਈ ਐਸਪਾਇਰ ਪ੍ਰੋਗਰਾਮ ਵੀ ਚਲਾਇਆ ਜਾ ਰਿਹਾ ਹੈ ਜਿਸ ‘ਚ ਵਿਦਿਆਰਥੀ ਜਿਸ ਖੇਤਰ ਵਿੱਚ ਜਾਣਾ ਚਾਹੁੰਦਾ ਹੈ, ਉਸ ਖੇਤਰ ਦੇ ਅਧਿਕਾਰੀ ਨਾਲ ਵਿਦਿਆਰਥੀ ਦੀ ਮੁਲਾਕਾਤ ਕਰਵਾਈ ਜਾਂਦੀ ਹੈ ਤੇ ਪੂਰਾ ਇੱਕ ਦਿਨ ਵਿਦਿਆਰਥੀ ਉਸ ਦਫ਼ਤਰ ਵਿੱਚ ਬਿਤਾਉਂਦਾ ਹੈ, ਇਸ ਨਾਲ ਵਿਦਿਆਰਥੀ ਨੂੰ ਉਸ ਖੇਤਰ ‘ਚ ਆਪਣਾ ਕਰੀਅਰ ਬਣਾਉਣ ਲਈ ਹੋਰ ਮਿਹਨਤ ਕਰਨ ਦੀ ਪ੍ਰੇਰਨਾ ਮਿਲਦੀ ਹੈ।
ਐਕਸਪੋਜ਼ਰ ਵਿਜ਼ਟ ਦੌਰਾਨ ਵਿਦਿਆਰਥੀਆਂ ਵੱਲੋਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਪਾਸੋਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਸਮੇਂ ਤਿਆਰੀ ਕਰਨ ਅਤੇ ਜ਼ਿਲ੍ਹਾ ਮੈਜਿਸਟਰੇਟ ਦੇ ਕੰਮ ਕਾਜ ਬਾਰੇ ਸਵਾਲ ਵੀ ਪੁੱਛੇ ਗਏ। ਜਿਸ ਦਾ ਜਵਾਬ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਿਸੇ ਵੀ ਮੁਕਾਬਲੇ ਦੀ ਪ੍ਰੀਖਿਆ ਦੀ ਤਿਆਰੀ ਲਈ ਵਿਦਿਆਰਥੀ ਪੜਨ ਦੀ ਆਦਤ ਪਾਉਣ ਤੇ ਰੋਜ਼ਾਨਾ ਅਖਬਾਰ ਨੂੰ ਪੜਕੇ ਦੇਸ਼ ਦੁਨੀਆ ਵਿੱਚ ਹੋ ਰਹੀਆਂ ਘਟਨਾਵਾਂ ਅਤੇ ਉਨ੍ਹਾਂ ਦੇ ਪਿਛੋਕੜ ਸਬੰਧੀ ਜਾਣਕਾਰੀ ਪ੍ਰਾਪਤ ਕਰਨ ਸਮੇਤ ਨਿਰੰਤਰ ਪੜਾਈ ਨਾਲ ਜੁੜੇ ਰਹਿਣ। ਉਨ੍ਹਾਂ ਕਿਹਾ ਕਿ ਜ਼ਿੰਦਗੀ ਵਿੱਚ ਸਫਲ ਹੋਣ ਅਤੇ ਆਪਣੇ ਟੀਚਿਆਂ ਦੀ ਪ੍ਰਾਪਤੀ ਲਈ ਮਿਹਨਤ ਕਰਨਾ ਜ਼ਰੂਰੀ ਹੈ।
ਇਸ ਮੌਕੇ ਸਕੂਲ ਆਫ਼ ਐਮੀਨੈਂਸ ਫੀਲਖਾਨਾ ਦੇ ਪ੍ਰਿੰਸੀਪਲ ਰਜਨੀਸ਼ ਗੁਪਤਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਤਹਿਤ ਸਕੂਲ ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਦੇ ਵਿਦਿਅਕ ਅਨੁਭਵ ਵਿੱਚ ਵਾਧਾ ਕਰਨ ਦੇ ਮਕਸਦ ਨਾਲ ਇਹ ਐਕਸਪੋਜ਼ਰ ਵਿਜ਼ਟ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅੱਜ ਵਿਦਿਆਰਥੀਆਂ ਦੇ ਵੱਖ ਵੱਖ ਤਿੰਨ ਗਰੁੱਪਾਂ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਮਾਤਾ ਕੌਂਸਲਿਆ ਹਸਪਤਾਲ ਅਤੇ ਜ਼ਿਲ੍ਹਾ ਖੇਡ ਅਫ਼ਸਰ ਦੇ ਦਫ਼ਤਰ ਦਾ ਦੌਰਾ ਕੀਤਾ ਗਿਆ ਹੈ।
ਇਸ ਮੌਕੇ ਸਕੂਲ ਆਫ਼ ਐਮੀਨੈਂਸ ਫੀਲਖਾਨਾ, ਸਕੂਲ ਆਫ਼ ਐਮੀਨੈਂਸ ਸਮਾਣਾ, ਸਕੂਲ ਆਫ਼ ਐਮੀਨੈਂਸ ਭਾਦਸੋਂ, ਸਕੂਲ ਆਫ਼ ਐਮੀਨੈਂਸ ਮਰਦਾਪੁਰਾ, ਸਕੂਲ ਆਫ਼ ਐਮੀਨੈਂਸ ਭੁਨਰਹੇੜੀ ਅਤੇ ਸਕੂਲ ਆਫ਼ ਐਮੀਨੈਂਸ ਘੱਗਾ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਏ ਬਲਾਕ ਦੀਆਂ ਵੱਖ ਵੱਖ ਬਰਾਂਚਾਂ ਵਿੱਚ ਜਾ ਕੇ ਚੱਲ ਰਹੇ ਕੰਮ ਨੂੰ ਦੇਖਿਆ ਅਤੇ ਸਟਾਫ਼ ਪਾਸੋਂ ਜਾਣਕਾਰੀ ਵੀ ਪ੍ਰਾਪਤ ਕੀਤੀ। ਇਸ ਮੌਕੇ ਸਕੂਲ ਆਫ਼ ਐਮੀਨੈਂਸ ਫੀਲਖਾਨਾ ਦੇ ਪ੍ਰਿੰਸੀਪਲ ਰਜਨੀਸ਼ ਗੁਪਤਾ, ਡੀ.ਡੀ.ਐਫ਼ ਅੰਬਰ ਬੰਦੋਪਾਧਿਆਏ, ਅਧਿਆਪਕ ਅਮਨਪ੍ਰੀਤ ਕੌਰ, ਮਨੀਸ਼ਾ, ਗੁਰਦੀਪ ਕੌਰ, ਬਲਜਿੰਦਰ ਕੌਰ ਵੀ ਮੌਜੂਦ ਸਨ।
