ਸਿੰਘਾਂ ਦੀ ਰਿਹਾਈ ਲਈ ਭੀਖ ਨਹੀ ਮੰਗ ਰਹੇ ਸਗੋ ਇਨਸਾਫ ਦੀ ਲੜਾਈ ਲੜ ਰਹੇ ਹਾਂ : ਧਾਮੀ

ਸਿੰਘਾਂ ਦੀ ਰਿਹਾਈ ਲਈ ਭੀਖ ਨਹੀ ਮੰਗ ਰਹੇ ਸਗੋ ਇਨਸਾਫ ਦੀ ਲੜਾਈ ਲੜ ਰਹੇ ਹਾਂ : ਧਾਮੀ
ਅੰਮਿਤ੍ਸਰ : ਇਤਿਹਾਸਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਵਿਖੇ ਨਗਰ ਕੀਰਤਨ ਨੂੰ ਰਵਾਨਾ ਕਰਨ ਉਪਰੰਤ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਕੇਂਦਰ ਸਰਕਾਰ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਦਾ ਕੋਈ ਠੋਸ ਹੱਲ ਕੱਢੇ। ਉਨ੍ਹਾਂ ਕਿਹਾ ਕਿ ਅਸੀਂ ਸਿੰਘਾਂ ਦੀ ਰਿਹਾਈ ਲਈ ਕੋਈ ਭੀਖ ਨਹੀਂ ਮੰਗ ਰਹੇ ਸਗੋਂ ਇਨਸਾਫ਼ ਦੀ ਲੜਾਈ ਲੜ ਰਹੇ ਹਾਂ। ਭਾਈ ਰਾਜੋਆਣਾ ਦੀ ਰਿਹਾਈ ’ਤੇ ਅਮਿਤ ਸ਼ਾਹ ਵੱਲੋਂ ਦਿੱਤਾ ਬਿਆਨ ਠੀਕ ਨਹੀਂ ਸੀ ਤੇ ਕਿਹਾ ਕਿ ਅਸੀਂ ਇਸ ਮੁੱਦੇ ਨੂੰ ਗੱਲਬਾਤ ਰਾਹੀਂ ਹੱਲ ਕਰਨ ਦਾ ਯਤਨ ਕਰਾਂਗੇ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਇਸ ਮੁੱਦੇ ’ਤੇ 5 ਮੈਂਬਰੀ ਕਮੇਟੀ ਬਣਾਈ ਗਈ ਹੈ ਜਿਸ ਵੱਲੋਂ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਿਆ ਜਿਸ ਦਾ ਜਵਾਬ ਇਹ ਆਇਆ ਕਿ ਤੁਸੀਂ ਕੇਂਦਰੀ ਗ੍ਰਹਿ ਮੰਤਰੀ ਨਾਲ ਸੰਪਰਕ ਕਰੋ। ਕੇਂਦਰ ਸਰਕਾਰ ਨੇ ਜੋ ਹੋਰ ਕੈਦੀਆਂ ਨੂੰ ਛੱਡਿਆ ਹੈ, ਉਹ ਕਿਹੜੀਆਂ ਮੁਆਫ਼ੀਆਂ ਮੰਗ ਕੇ ਗਏ ਹਨ, ਇਸ ਲਈ ਗੁਰੂ ਸਾਹਿਬ ਦਾ ਸਿਧਾਂਤ ਸਰਬ ਸਾਂਝੀਵਾਲਤਾ ਦੇ ਪ੍ਰਤੀਕ ਨੂੰ ਮੁੱਖ ਰੱਖਦਿਆਂ ਕੇਂਦਰ ਸਰਕਾਰ ਬੰਦੀ ਸਿੰਘਾਂ ਦੀ ਰਿਹਾਈ ਲਈ ਗੰਭੀਰਤਾ ਦਿਖਾਵੇ।
ਪ੍ਰਧਾਨ ਧਾਮੀ ਨੇ ਕਿਹਾ ਕਿ ਉਹ ਜੇਲ੍ਹ ’ਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਨਾਲ 2 ਮੀਟਿੰਗਾਂ ਕਰ ਚੁੱਕੇ ਹਨ ਪਰ ਇਸ ਬਾਰੇ ਜੋ ਗੱਲਾਂ ਹੋਈਆਂ ਹਨ, ਉਹ ਜਨਤਕ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਅਮਿਤ ਸ਼ਾਹ ਸਾਰੇ ਦੇਸ਼ ਦੇ ਗ੍ਰਹਿ ਮੰਤਰੀ ਹਨ, ਇਸ ਲਈ ਉਨ੍ਹਾਂ ਨੂੰ ਅਜਿਹੀ ਸ਼ਬਦਾਵਲੀ ਨਹੀਂ ਵਰਤਣੀ ਚਾਹੀਦੀ। ਪੰਜਾਬ ’ਚ ਧਰਮ ਪਰਿਵਰਤਨ ਦੇ ਮੁੱਦੇ ’ਤੇ ਉਨ੍ਹਾਂ ਕਿਹਾ ਕਿ ਇਹ ਧਰਮ ਨਹੀਂ ਬਲਕਿ ਲਾਲਚ ਪਰਿਵਰਤਨ ਹੈ ਕਿਉਂਕਿ ਕੁਝ ਲੋਕਾਂ ਨੂੰ ਲਾਲਚ ਦੇ ਕੇ ਬਹਿਕਾਇਆ ਜਾ ਰਿਹਾ ਹੈ। ਸ਼ੋਮਣੀ ਕਮੇਟੀ ਦੇ ਪ੍ਰਚਾਰਕਾਂ ਵੱਲੋਂ ਸਿੱਖ ਧਰਮ ਦਾ ਪ੍ਰਚਾਰ ਕਰ ਕੇ ਲੋਕਾਂ ਨੂੰ ਗੁੰਮਰਾਹ ਹੋਣ ਤੋਂ ਬਚਾਉਣ ਲਈ ਯਤਨ ਕੀਤੇ ਜਾ ਰਹੇ ਹਨ।
ਸ਼ਹੀਦੀ ਪੰਦਰਵਾੜੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜੋ ਮਾਤਮੀ ਬਿਗੁਲ ਵਜਾਉਣ ਦਾ ਫ਼ੈਸਲਾ ਵਾਪਸ ਲਿਆ ਹੈ, ਉਹ ਠੀਕ ਕੀਤਾ ਕਿਉਂਕਿ ਅਜਿਹਾ ਕਰਨਾ ਸਾਡੇ ਸਿੱਖੀ ਸਿਧਾਤਾਂ ’ਚ ਨਹੀਂ ਹੈ। ਇਸ ਮੌਕੇ ਪਰਮਜੀਤ ਸਿੰਘ ਢਿੱਲੋਂ, ਸੁਖਮਿੰਦਰ ਸਿੰਘ, ਸਰਬੰਸ ਸਿੰਘ ਮਾਣਕੀ, ਰਣਜੀਤ ਸਿੰਘ ਮੰਗਲੀ, ਰਘਵੀਰ ਸਿੰਘ ਸਹਾਰਨਮਾਜਰਾ, ਹਰਜਿੰਦਰ ਕੌਰ ਬਾਜਵਾ, ਹਰਜਤਿੰਦਰ ਸਿੰਘ ਬਾਜਵਾ, ਗੁਰਬਖ਼ਸ਼ ਸਿੰਘ, ਉਜਾਗਰ ਸਿੰਘ ਬੈਨੀਪਾਲ, ਸਰਬਦਿਆਲ ਸਿੰਘ ਘਰਿਆਲਾ, ਬਾਬਾ ਮੋਹਣ ਸਿੰਘ ਆਦਿ ਮੌਜੂਦ ਸਨ।
