ਮੇਰੇ ਖਿਲਾਫ ਝੂਠਾ ਕੇਸ ਬਣਾਇਆ ਜਾ ਰਿਹਾ ਹੈ :ਬਿਕਰਮ ਮਜੀਠੀਆ

ਮੇਰੇ ਖਿਲਾਫ ਝੂਠਾ ਕੇਸ ਬਣਾਇਆ ਜਾ ਰਿਹਾ ਹੈ :ਬਿਕਰਮ ਮਜੀਠੀਆ
ਪਟਿਆਲਾ- SIT ਅੱਗੇ ਤੋਂ ਪੇਸ਼ ਹੋਣ ਤੋਂ ਪਹਿਲਾਂ ਬਿਕਰਮ ਮਜੀਠੀਆ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਮੈਂ ਤਾਂ ਖੁਸ਼ੀ-ਖੁਸ਼ੀ ਆਇਆ ਹਾਂ, ਮੇਰੇ ਖ਼ਿਲਾਫ਼ ਝੂਠਾ ਕੇਸ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾ ਦਿਓ ਝੂਠਾ ਕੇਸ, ਜੇ ਪਾਉਣਾ ਹੈ ਤਾਂ। ਦਫ਼ਤਰ ਪੁੱਜਣ ਤੋਂ ਪਹਿਲਾਂ ਮਜੀਠੀਆ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਗ੍ਰਿਫ਼ਤਾਰੀ ਦਾ ਖਦਸ਼ਾ ਜਤਾਇਆ ਹੈ । ਦੱਸ ਦੇਈਏ ਕਿ ਇਸ ਸਬੰਧੀ ਮਜੀਠੀਆ ਤੋਂ ਮੁਖਵਿੰਦਰ ਸਿੰਘ ਛੀਨਾ ਦੀ ਅਗਵਾਈ ਵਿਚ 18 ਦਸੰਬਰ ਨੂੰ ਕਰੀਬ ਸੱਤ ਘੰਟੇ ਪੁੱਛਗਿਛ ਕੀਤੀ ਗਈ ਸੀ। ਡਰੱਗ ਕੇਸ ਦੀ ਜਾਂਚ ਲਈ ਗਠਿਤ ਕੀਤੀ ਗਈ ਵਿਸ਼ੇਸ਼ ਕਮੇਟੀ ਨੇ ਮਜੀਠੀਆ ਨੂੰ 27 ਦਸੰਬਰ ਨੂੰ ਪੇਸ਼ ਹੋਣ ਲਈ ਸੰਮਨ ਜਾਰੀ ਕੀਤਾ ਸੀ ਪਰ ਉਹ ਪੇਸ਼ ਨਹੀਂ ਹੋਏ। ਇਸ ਤੋਂ ਬਾਅਦ 30 ਦਸੰਬਰ ਨੂੰ ਪੇਸ਼ ਹੋਣ ਲਈ ਮੁੜ ਸੰਮਨ ਜਾਰੀ ਕੀਤੇ ਗਏ ਸਨ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮਜੀਠੀਆ ਨੇ S.I.T. ਦੇ ਮੁਖੀ ਨੂੰ ਪੱਤਰ ਲਿਖਿਆ, ਜਿਸ ‘ਚ ਉਨ੍ਹਾਂ ਨੇ ਖੁਦ ਨੂੰ ਐੱਸ.ਆਈ.ਟੀ. ਦੇ ਸਾਹਮਣੇ ਪੇਸ਼ ਹੋਣ ਲਈ ਇਕ ਮਹੀਨੇ ਦਾ ਸਮਾਂ ਮੰਗਿਆ ਸੀ। ਮਜੀਠੀਆ ਨੇ 30 ਨੂੰ ਐਸ.ਆਈ.ਟੀ. ਦੇ ਸਾਹਮਣੇ ਪੇਸ਼ ਹੋਣ ਤੋਂ ਅਸਮਰੱਥਾ ਪ੍ਰਗਟਾਈ। ਦਰਅਸਲ S.I.T. ਨੇ ਮਜੀਠੀਆ ਨੂੰ 27 ਤਰੀਕ ਨੂੰ ਪੇਸ਼ ਹੋਣ ਦਾ ਹੁਕਮ ਦਿੱਤਾ ਸੀ ਪਰ ਮਜੀਠੀਆ ਉਸ ਦਿਨ ਪੇਸ਼ ਨਹੀਂ ਹੋਏ।
ਮਜੀਠੀਆ ਨੇ ਕਿਹਾ ਸੀ ਕਿ ਐੱਸ.ਆਈ.ਟੀ. ਨੇ 18 ਤਰੀਕ ਨੂੰ ਸਵਾਲਾਂ ਦੀ ਸੂਚੀ ਦਿੱਤੀ ਸੀ, ਜਿਸ ਦੇ ਜਵਾਬ ਲਈ ਸਮਾਂ ਚਾਹੀਦਾ ਸੀ। ਮੈਨੂੰ ਇਨ੍ਹਾਂ ਸਾਰੀਆਂ ਗੱਲਾਂ ਦਾ ਜਵਾਬ ਦੇਣ ਲਈ ਘੱਟੋ-ਘੱਟ ਇੱਕ ਮਹੀਨੇ ਦਾ ਸਮਾਂ ਦਿੱਤਾ ਜਾਵੇ। ਜਦਕਿ ਮਜੀਠੀਆ ਨੇ ਕਿਹਾ ਕਿ ਐੱਸ.ਆਈ.ਟੀ. ਲਗਾਤਾਰ ਤਿੰਨ ਸੰਮਨ ਜਾਰੀ ਕਰਨਾ ਸਮਝ ਤੋਂ ਬਾਹਰ ਹੈ। ਮਜੀਠੀਆ ਦਾ ਕਹਿਣਾ ਹੈ ਕਿ ਐੱਸ.ਆਈ.ਟੀ. ਜਾਂਚ ਨੂੰ ਅਚਾਨਕ ਇੱਕ ਵਾਰ ਫਿਰ ਤੇਜ਼ ਕਰ ਦਿੱਤਾ ਗਿਆ ਹੈ ਅਤੇ ਮੈਨੂੰ ਡਰ ਹੈ ਕਿ ਮੈਨੂੰ ਝੂਠੇ ਕੇਸ ਵਿੱਚ ਫਸਾਇਆ ਜਾ ਸਕਦਾ ਹੈ।
