ਡੋਲੀ ਵਾਲੀ ਕਾਰ ਸਜ਼ਾ ਕੇ ਜਾ ਰਹੇ ਡਰਾਈਵਰ ’ਤੇ ਅਣਪਛਾਤਿਆਂ ਨੇ ਚਲਾਈਆਂ ਗੋਲੀਆਂ, ਗੰਭੀਰ ਜਖਮੀ

ਡੋਲੀ ਵਾਲੀ ਕਾਰ ਸਜ਼ਾ ਕੇ ਜਾ ਰਹੇ ਡਰਾਈਵਰ ’ਤੇ ਅਣਪਛਾਤਿਆਂ ਨੇ ਚਲਾਈਆਂ ਗੋਲੀਆਂ, ਗੰਭੀਰ ਜਖਮੀ
ਮੋਗਾ : ਮੋਗਾ ਦੇ ਨਜ਼ਦੀਕ ਪਿੰਡ ਸਿੰਘਾਂਵਾਲਾ ਦੇ ਕੋਲ ਡੋਲੀ ਵਾਲੀ ਕਾਰ ਸਜ਼ਾ ਕੇ ਜਾ ਰਹੇ ਡਰਾਈਵਰ ’ਤੇ ਅਣਪਛਾਤਿਆਂ ਵੱਲੋਂ ਗੋਲ਼ੀਆਂ ਮਾਰ ਦਿੱਤੀਆਂ ਗਈਆਂ। ਗੋਲ਼ੀ ਲੱਗਣ ਕਾਰਣ ਗੰਭੀਰ ਜ਼ਖ਼ਮੀ ਹੋਏ ਡਰਾਈਵਰ ਨੂੰ ਸਥਾਨਕ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ ਚਿੰਤਾਜਨਕ ਹਾਲਤ ਨੂੰ ਦੇਖਦੇ ਹੋਏ ਡੀ.ਐੱਮ.ਸੀ. ਰੈਫਰ ਕਰ ਦਿੱਤਾ ਗਿਆ ਹੈ। ਪਤਾ ਲੱਗਾ ਹੈ ਕਿ ਹਮਲਾਵਰਾਂ ਨੇ ਦੋ ਦਿਨ ਪਹਿਲਾਂ ਹੀ ਵਿਆਹ ਲਈ ਕਾਰ ਬੁੱਕ ਕਰਵਾਈ ਸੀ। ਅੱਜ ਡਰਾਈਵਰ ਕਾਰ ਬੁੱਕ ਕਰਵਾਉਣ ਵਾਲੇ ਵਿਅਕਤੀਆਂ ਨਾਲ ਬਾਘਾਪੁਰਾਣਾ ਵੱਲ ਜਾ ਰਿਹਾ ਸੀ ਤਾਂ ਰਸਤੇ ਵਿਚ ਸਿੰਘਾ ਵਾਲਾ ਨੇੜੇ ਕਾਰ ਸਵਾਰ ਵਿਅਕਤੀਆਂ ਨੇ ਉਸ ਨੂੰ ਗੋਲ਼ੀ ਮਾਰ ਦਿੱਤੀ ਅਤੇ ਫਰਾਰ ਹੋ ਗਏ। ਕਾਰ ਚਾਲਕ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਤੋਂ ਲੁਧਿਆਣਾ ਰੈਫਰ ਕਰ ਦਿੱਤਾ ਗਿਆ। ਪੁਲਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
ਜਾਣਕਾਰੀ ਦਿੰਦਿਆਂ ਥਾਣਾ ਸਿਟੀ ਸਾਊਥ ਦੇ ਐੱਸ. ਐੱਚ. ਓ ਇਕਬਾਲ ਹੁਸੈਨ ਨੇ ਦੱਸਿਆ ਕਿ ਅੱਜ ਸਵੇਰੇ ਮੋਗਾ ਦੇ ਸਿੰਘਾਵਾਲਾ ਨੇੜੇ ਇਕ ਕਾਰ ਸਵਾਰ ਨੂੰ ਗੋਲ਼ੀ ਮਾਰਨ ਦੀ ਸੂਚਨਾ ਮਿਲੀ ਸੀ। ਜਿਸ ਨੂੰ ਗੋਲ਼ੀ ਮਾਰੀ ਗਈ ਹੈ, ਉਸ ਦਾ ਨਾਂ ਨਵਦੀਪ ਸਿੰਘ ਹੈ, ਜੋ ਕਿ ਪੁਰਾਣਾ ਮੋਗਾ ਦਾ ਰਹਿਣ ਵਾਲਾ ਹੈ ਅਤੇ ਟੈਕਸੀ ਚਲਾਉਂਦਾ ਹੈ। ਦੋ ਦਿਨ ਪਹਿਲਾਂ ਕਿਸੇ ਵਿਅਕਤੀ ਨੇ ਵਿਆਹ ਲਈ ਕਾਰ ਬੁੱਕ ਕਰਵਾਈ ਸੀ ਅਤੇ ਅੱਜ ਸਵੇਰੇ ਕਾਰ ਸਜਾ ਕੇ ਨਵਦੀਪ ਸਿੰਘ ਅਤੇ ਬੁਕਿੰਗ ਕਰਵਾਉਣ ਵਾਲੇ ਦੋ ਵਿਅਕਤੀ ਕਾਰ ਵਿਚ ਬੈਠ ਕੇ ਬਾਘਾਪੁਰਾਣਾ ਵੱਲ ਜਾ ਰਹੇ ਸਨ ਤਾਂ ਡਰਾਈਵਰ ਨਵਦੀਪ ਸਿੰਘ ਨੂੰ ਗੋਲ਼ੀ ਮਾਰ ਦਿੱਤੀ ਗਈ। ਨਵਦੀਪ ਨੂੰ ਜ਼ਖ਼ਮੀ ਹਾਲਤ ਵਿਚ ਮੋਗਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਪਰ ਉਸ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ। ਕਾਰ ਬੁੱਕ ਕਰਨ ਵਾਲੇ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ।
