ਸਿਹਤ ਮੰਤਰੀ ਨੇ ਪੰਜਾਬ ਰਾਜ ਏਡਜ਼ ਕੰਟਰੋਲ ਸੋਸਾਇਟੀ ਦੀਆਂ ਦੋ ਅਹਿਮ ਰਿਪੋਰਟਾਂ ਕੀਤੀਆਂ ਜਾਰੀ
ਸਿਹਤ ਮੰਤਰੀ ਨੇ ਪੰਜਾਬ ਰਾਜ ਏਡਜ਼ ਕੰਟਰੋਲ ਸੋਸਾਇਟੀ ਦੀਆਂ ਦੋ ਅਹਿਮ ਰਿਪੋਰਟਾਂ ਕੀਤੀਆਂ ਜਾਰੀ
– ਪੀਐਸਏਸੀਐਸ ਨੇ ਇਮਤਿਹਾਨ ਤਕਨਾਲੋਜੀ ਨੂੰ ਮਜ਼ਬੂਤ ਕਰਨ ਲਈ ਬਲਾਕਚੈਨ ਟੈਕਨਾਲੋਜੀ ਦੀ ਵਰਤੋਂ ਕਰਦਿਆਂ ਐਜੂਬਲਾਕ ਪ੍ਰੋ ਰਿਪੋਰਟ ਕੀਤੀ ਪੇਸ਼
ਚੰਡੀਗੜ੍ਹ, 22 ਦਸੰਬਰ:
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ ਅਗਵਾਈ ਹੇਠ ਪੰਜਾਬ ਲਈ ਇੱਕ ਕਾਇਆਕਲਪੀ ਅਧਿਆਏ ਦੀ ਨਿਸ਼ਾਨਦੇਹੀ ਕਰਦਿਆਂ, ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਸ਼ੁੱਕਰਵਾਰ ਨੂੰ ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ (ਪੀ.ਐਸ.ਏ.ਸੀ.ਐਸ.) ਦੀਆਂ ਦੋ ਮਹੱਤਵਪੂਰਨ ਰਿਪੋਰਟਾਂ ਜਾਰੀ ਕੀਤੀਆਂ, ਜਿਸ ਵਿੱਚ ‘‘ ਸਾਲਾਨਾ ਰਿਪੋਰਟ 2022-23’’ ਅਤੇ ‘‘ ਪ੍ਰੀਖਿਆ ਦੀ ਸੁਰੱਖਿਆ ਨੂੰ ਵਧਾਉਣ ਅਤੇ ਪ੍ਰਸ਼ਨ ਪੱਤਰ ਲੀਕ ਹੋਣ ਤੋਂ ਰੋਕਣ ਲਈ ਬਲਾਕਚੈਨ ਟੈਕਨਾਲੋਜੀ ਦੀ ਵਰਤੋਂ’’ , ਸ਼ਾਮਲ ਹਨ।
ਡਾ. ਬਲਬੀਰ ਸਿੰਘ ਨੇ ਕਿਹਾ ਕਿ ਆਪਣੀ ਸਾਲਾਨਾ ਰਿਪੋਰਟ 2022-23 ਵਿੱਚ, ਪੀਐਸਏਸੀਐਸ ਨੇ ਐੱਚਆਈਵੀ/ਏਡਜ਼ ਨੂੰ ਕੰਟਰੋਲ ਕਰਨ ਵਿੱਚ ਆਪਣੀਆਂ ਮਹੱਤਵਪੂਰਨ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਰਿਪੋਰਟ ਵਿੱਚ ਡਵੀਜਨਾ: ਬੁਨਿਆਦੀ ਸੇਵਾਵਾਂ, ਖੂਨ ਚੜ੍ਹਾਉਣ ਸਬੰਧੀ ਸੇਵਾਵਾਂ, ਦੇਖਭਾਲ, ਸਹਾਇਤਾ ਅਤੇ ਇਲਾਜ, ਜਾਣਕਾਰੀ, ਸਿੱਖਿਆ ਅਤੇ ਸੰਚਾਰ, ਲੈਬ ਸੇਵਾਵਾਂ, ਰਣਨੀਤਕ ਜਾਣਕਾਰੀ, ਅਤੇ ਟਾਰਗੈਟਡ ਇੰਟਰਵੈਂਸ਼ਨਜ਼ ਸ਼ਾਮਲ ਹਨ, ਵੱਲੋਂ ਸ਼ਲਾਘਾਯੋਗ ਯੋਗਦਾਨ ਪਾਇਆ ਗਿਆ ਹੈ।
ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਨੇ ਇਮਤਿਹਾਨਾਂ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਸਰਕਾਰੀ ਭਰਤੀ ਪ੍ਰੀਖਿਆਵਾਂ ਵਿੱਚ ਪ੍ਰਸ਼ਨ ਪੱਤਰ ਲੀਕ ਹੋਣ ਨੂੰ ਰੋਕਣ ਸਬੰਧੀ ਬਲਾਕਚੈਨ ਤਕਨਾਲੋਜੀ ਦੀ ਵਰਤੋਂ ਕਰਦੇ ਹੋਏ ਐਜੂਬਲਾਕ ਪ੍ਰੋ ਵੀ ਪੇਸ਼ ਕੀਤਾ ।
“ਇਸ ਮਹੱਤਵਪੂਰਨ ਹੱਲ ਦਾ ਉਦੇਸ਼ ਸਰਕਾਰੀ ਪ੍ਰੀਖਿਆ ਪ੍ਰਸ਼ਾਸਨ ਵਿੱਚ ਕ੍ਰਾਂਤੀ ਲਿਆਉਣਾ, ਸਿੱਖਿਆ ਪ੍ਰਣਾਲੀ ਵਿੱਚ ਪਾਰਦਰਸ਼ਤਾ, ਅਖੰਡਤਾ ਅਤੇ ਜਨਤਕ ਨਿਵੇਸ਼ਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ।” ਉਨ੍ਹਾਂ ਅੱਗੇ ਕਿਹਾ ਕਿ ਭਵਿੱਖ ਵਿੱਚ ਇਸ ਤਕਨੀਕ ਨੂੰ ਪਾਰਦਰਸ਼ੀ ਭਰਤੀ ਪ੍ਰਕਿਰਿਆ ਨੂੰ ਯਕੀਨੀ ਬਣਾਉਣ ਲਈ ਹੋਰ ਵਿਭਾਗਾਂ ਵਿੱਚ ਲਾਗੂ ਕੀਤਾ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਰਾਜ ਏਡਜ਼ ਕੰਟਰੋਲ ਸੁਸਾਇਟੀ ਸਮਾਜ ਦੀ ਬਿਹਤਰੀ ਲਈ ਨਵੀਨਤਮ ਹੱਲ ਅਤੇ ਪ੍ਰੋਗਰਾਮ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।
ਇਸ ਮੌਕੇ ਵਿਸ਼ੇਸ਼ ਸਕੱਤਰ ਹੈਲਥ ਕਮ ਪ੍ਰੋਜੈਕਟ ਡਾਇਰੈਕਟਰ ਪੀ.ਐਸ.ਏ.ਸੀ.ਐਸ ਡਾ.ਅਡੱਪਾ ਕਾਰਤਿਕ, ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਵਰਿੰਦਰ ਸ਼ਰਮਾ, ਡਾਇਰੈਕਟਰ (ਸਿਹਤ ਸੇਵਾਵਾਂ ਪੰਜਾਬ) ਡਾ: ਆਦਰਸ਼ਪਾਲ ਕੌਰ, ਪਰਿਵਾਰ ਭਲਾਈ ਵਿਭਾਗ ਦੇ ਡਾ: ਹਿਤਿੰਦਰ ਕੌਰ ਅਤੇ ਵਧੀਕ ਪ੍ਰੋਜੈਕਟ ਡਾਇਰੈਕਟਰ ਪੀ.ਐਸ.ਏ.ਸੀ.ਐਸ ਡਾ: ਬੌਬੀ ਗੁਲਾਟੀ ਆਦਿ ਹਾਜ਼ਰ ਸਨ।