ਐੱਨਜੈੱਡਸੀਸੀ ਦੇ ਵਿਹੜੇ ’ਚ ਚਾਰ ਰੋਜਾ ਪਟਿਆਲਾ ਸੰਗੀਤ ਸਮਾਰੋਹ ਦੀ ਹੋਈ ਸ਼ੁਰੂਆਤ

ਦੁਆਰਾ: Punjab Bani ਪ੍ਰਕਾਸ਼ਿਤ :Friday, 22 December, 2023, 07:38 PM

ਐੱਨਜੈੱਡਸੀਸੀ ਦੇ ਵਿਹੜੇ ’ਚ ਚਾਰ ਰੋਜਾ ਪਟਿਆਲਾ ਸੰਗੀਤ ਸਮਾਰੋਹ ਦੀ ਹੋਈ ਸ਼ੁਰੂਆਤ
-ਪ੍ਰੋਫ਼ੈਸਰ ਅਮਨਦੀਪ ਦੇ ਦਿਲਰੁਬਾ ਵਾਦਨ ਅਤੇ ਅੰਜਨਾ ਨਾਥ ਦੀ ਗਾਇਕੀ ਨੇ ਕੀਲੇ ਸ਼ਰੋਤੇ
ਪਟਿਆਲਾ- 22 ਦਸੰਬਰ –
ਪਟਿਆਲਾ ਦੇ ਸੱਭਿਆਚਾਰਕ ਇਤਿਹਾਸ ਵਿੱਚ ਇੱਕ ਨਵਾਂ ਅਧਿਆਏ ਲਿਖਣ ਲਈ ਨਾਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ( ਐੱਨਜੈੱਡਸੀਸੀ) ਵੱਲੋਂ ਪਟਿਆਲਾ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਮੁੜ ਸੁਰਜੀਤ ਕਰਨ ਅਤੇ ਅੱਗੇ ਤੋਰਨ ਲਈ ਕਰਵਾਏ ਜਾ ਰਹੇ ਚਾਰ ਰੋਜ਼ਾ ਸ਼ਾਸਤਰੀ ਸੰਗੀਤ ਸਮਾਰੋਹ ਦੀ ਧੂਮਧਾਮ ਤੇ ਉਤਸ਼ਾਹ ਪੂਰਵਕ ਸ਼ੁਰੂਆਤ ਹੋਈ। ਇੱਥੇ ਕਾਲੀਦਾਸ ਆਡੀਟੋਰੀਅਮ ਵਿਰਸਾ ਵਿਹਾਰ ’ਚ ਸ਼ੁਰੂ ਹੋਏ ਚਾਰ ਰੋਜ਼ਾ ਸੰਗੀਤ ਉਤਸਵ ਦੇ ਪਹਿਲੇ ਦਿਨ ਦੀ ਸ਼ੁਰੂਆਤ ਮੌਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੋਫੈਸਰ ਅਮਨਦੀਪ ਸਿੰਘ “ਦਿਲਰੁਬਾ” ਸਾਜ਼ ਦੀਆਂ ਸੰਗੀਤਕ ਤਰੰਗਾਂ ਨਾਲ ਹੋਈ, ਜਿਨ੍ਹਾਂ ਵੱਲੋਂ ਵੱਖ ਵੱਖ ਰਾਗਾਂ ਨਾਲ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ। ਉਪਰੰਤ ਦੂਜੇ ਸੈਸ਼ਨ ’ਚ ਪਟਿਆਲਾ ਘਰਾਣੇ ਦੀ ਪ੍ਰਸਿੱਧ ਗਾਇਕਾ ਅੰਜਨਾ ਨਾਥ ਨੇ ਆਪਣੀ ਗਾਇਕੀ ਨਾਲ ਪਟਿਆਲਾ ਵਾਸੀਆਂ ਨੂੰ ਆਪਣੇ ਵਿਰਸੇ ਨਾਲ ਜੋੜਿਆ।
ਸ਼ਾਸਤਰੀ ਸੰਗੀਤ ਨੂੰ ਸਮਰਪਿਤ 25 ਦਸੰਬਰ ਤੱਕ ਚੱਲਣ ਵਾਲੇ ਚਾਰ ਰੋਜ਼ਾ ਸਮਾਰੋਹ ਦੇ ਉਦਘਾਟਨ ਮੌਕੇ ਨਾਰਥ ਜ਼ੋਨ ਕਲਚਰਲ ਸੈਂਟਰ ਦੇ ਡਾਇਰੈਕਟਰ ਫਰਕਾਨ ਖਾਨ ਨੇ ਦੱਸਿਆ ਕਿ ਪਟਿਆਲਾ ਦੀ ਸੰਗੀਤਕ ਵਿਰਾਸਤ ਬਹੁਤ ਅਮੀਰ ਵਿਰਾਸਤ ਹੈ ਜਿਸਨੂੰ ਸਾਂਭਣ ਦੇ ਉਦਮ ਸਦਕਾ ਐੱਨਜੈੱਡਸੀਸੀ ਵੱਲੋਂ ਉਪਰਾਲਾ ਕਰਦਿਆ ਸੰਗੀਤਕ ਉਤਸ਼ਵ ਦੀ ਸੁਰੂਆਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸ਼ਾਸਤਰੀ ਸੰਗੀਤ ਪ੍ਰਤੀ ਦਰਸ਼ਕਾਂ ਦੀ ਰੂਚੀ ਨੇ ਸਾਬਤ ਕਰ ਦਿੱਤਾ ਹੈ ਕਿ ਪੁਰਾਣੇ ਸੰਗੀਤ ’ਚ ਹਾਲੇ ਵੀ ਵਿਅਕਤੀ ਦੀ ਰੂਹ ਨੂੰ ਸਾਂਤ ਕਰਨ ਦਾ ਬਲ ਹੈ। ਡਾਇਰੈਕਟਰ ਖਾਨ ਨੇ ਆਖਿਆ ਕਿ ਅੱਜ ਦੀ ਸੰਗੀਤਕ ਸ਼ਾਮ ਨਾਲ ਦਰਸਕਾਂ ਦੀ ਸੰਗੀਤ ਪ੍ਰਤੀ ਤ੍ਰਿਪਤਾ ਪੂਰੀ ਕਰਨ ਦਾ ਐੱਨਜੈੱਡਸੀਸੀ ਵੱਲੋਂ ਕੀਤੇ ਗਏ ਛੋਟੇ ਜਿਹੇ ਉਪਰਾਲੇ ਦੀ ਪਹਿਲੀ ਸ਼ੁਰੂਆਤ ਹੈ ਜੋ ਕਿ 4 ਦਿਨ ਲਗਾਤਾਰ ਚੱਲੇਗੀ।
ਪ੍ਰੋਗਰਾਮ ਦੀ ਸ਼ੁਰੂਆਤ ਮੌਕੇ ਪੰਜਾਬੀ ਯੂਨੀਵਰਸਿਟੀ ਦੇ ਗੁਰਮਤਿ ਸੰਗੀਤ ਦੇ ਪ੍ਰੋਫੈਸਰ ਪ੍ਰੋ: ਅਮਨਦੀਪ ਸਿੰਘ ‘‘ਦਿਲਰੁਬਾ’’ ਵੱਲੋਂ ਯਮਨ ਰਾਗ ਅਤੇ ਠੁਮਰੀ ਦੀ ਪੇਸ਼ਕਾਰੀ ਦੀ ਦਿੱਤੀ। ਪ੍ਰੋ ਅਮਨਦੀਪ ਨੇ ਦੱਸਿਆ ਕਿ ਯਮਨ ਰਾਗ ਨੂੰ ਰਾਤ ਦੇ ਮਧਿਅਮ ਪਹਿਰ ਤੇ ਸ਼ਾਮ ਨੂੰ ਬਜਾਇਆ ਜਾਂਦਾ ਹੈ। ਇਸ ਰਾਗ ਦੀ ਵਿਸ਼ੇਸ਼ਤਾ ਹੈ ਕਿ ਤੇਜ਼ ਮੱਧਮ ਦੀ ਵਰਤੋਂ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਹ ਵਿਭਿੰਨ ਭਾਵਨਾਵਾਂ ਨੂੰ ਪ੍ਰਗਟ ਕਰਨ ਵਾਲੀ ਸ਼ੈਲੀ ਹੈ।ਭਾਵ ਰਾਗ ਦੀ ਸ਼ੁੱਧਤਾ ਦੀ ਤੁਲਨਾ ਵਿੱਚ ਭਾਵਨਾਤਮਕਤਾ ਨੂੰ ਵਧੇਰੇ ਮਹੱਤਵਪੂਰਨ ਮੰਨਿਆ ਜਾਂਦਾ ਹੈ। ਪ੍ਰੋ: ਅਮਨਦੀਪ ਸਿੰਘ ਨੇ ਹਿੰਦੁਸਤਾਨੀ ਸੰਗੀਤ ਅਤੇ ਗੁਰਮਤਿ ਸੰਗੀਤ ਦੇ ਤੰਤੀ ਸਾਜ਼ ਵਜਾਉਣ ਦੀ ਪਰੰਪਰਾ ਨੂੰ ਸੁਰਜੀਤ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਹੈ।
ਦੂਜੇ ਸ਼ੈਸਨ ’ਚ
ਕੋਲਕਾਤਾ ਦੀ ਵਿਦਵਾਨ ਅੰਜਨਾ ਨਾਥ ਨੇ ਉਸਤਾਦ ਵੱਡੇ ਗੁਲਾਮ ਅਲੀ ਖਾਨ ਦੇ ਪੰਸੀਦਦਾ ‘‘ਰਾਗ ਜੈਜਾਵੰਤੀ’’ ’ਚ ਗਾਇਆ ਅਤੇ ‘‘ ਲਾਲ ਮੁਝਸੇ ਪ੍ਰੀਤ ਨਾ ਜਾਨੋਂ’’ ਨਾਲ ਦਰਸ਼ਕ ਕੀਲੇ ਅਤੇ ਪ੍ਰੋਗਰਾਮ ਦਾ ਅੰਤ ‘‘ਰਾਗ ਭੈਰਵੀ’’ ’ਚ ‘‘ਪ੍ਰੇਮ ਅਗਨ ਜਿਆਰਾ’’ ਗਾਇਆ। ਵਿਦਵਾਨ ਅੰਜਨਾ ਨਾਥ ਨੇ ਪੰਡਿਤ ਅਜੈ ਚੱਕਰਵਰਤੀ ਦੀ ਦੇਖ-ਰੇਖ ਵਿੱਚ ਆਪਣੇ ਆਪ ਨੂੰ ਪਟਿਆਲਾ ਘਰਾਣੇ ਦੀ ਇੱਕ ਸਥਾਪਿਤ ਗਾਇਕ ਵਜੋਂ ਸਥਾਪਿਤ ਕੀਤਾ ਤੇ ਕਈ ਅਵਾਰਡ ਜੇਤੂ ਹੈ।
ਇਸ ਮੌਕੇ ਜਾਣਕਾਰੀ ਦਿੰਦਿਆ ਉੱਤਰ ਖੇਤਰ ਸੱਭਿਆਚਾਰਕ ਕੇਂਦਰ ਦੇ ਡਾਇਰੈਕਟਰ ਫੁਕਰਾਨ ਖਾਨ ਨੇ ਦੱਸਿਆ ਕਿ ਸ਼ਨੀਵਾਰ ਨੂੰ ਮਸ਼ਹੂਰ ਸਿਤਾਰ ਵਾਦਕ ਅਦਨਾਨ ਅਤੇ ਬਨਾਰਸ ਕੇ ਗਾਇਕ ਰਾਹੁਲ ਮਿਸ਼ਰਾ ਅਤੇ ਰੋਹਿਤਾ ਮਿਸ਼ਰਾ ਆਪਣੀ ਪੇਸ਼ਕਾਰੀ ਕਰਨਗੇ। 24 ਦਸੰਬਰ ਨੂੰ ਝਾਰਖੰਡ ਕੇਡੀਆ ਬੰਧੂ ਦੀ ਸਰੋਦ ਅਤੇ ਸਿਤਾਰ ਦੀ ਜੁਗਲਬੰਦੀ ਦੇ ਨਾਲ ਮਸ਼ਹੂਰ ਗਾਇਕ ਅਮਦਮਾਨ ਖਾਨ ਦੀ ਵੀ ਪੇਸ਼ਕਾਰੀ ਹੋਵੇਗੀ। ਸਮਾਰੋਹ ਦੇ ਅੰਤਮ ਦਿਨ 25 ਦਸੰਬਰ ਨੂੰ ਗਰਾਮੀ ਅਵਾਰਡ ਜੇਤੂ ਪਦਮਭੂਸ਼ਣ ਵਿਸ਼ਵ ਮੋਹਨ ਭੱਟ, ਮੋਹਨ ਵੀਣਾ ਅਤੇ ਪੰਡਿਤ ਸਲਿਲ ਭੱਟ ਸਾਤਵਿਕ ਵੀਣਾ ਦੀ ਜੁਗਲਬੰਦੀ ਪੇਸ਼ ਕਰਨਗੇ ਅਤੇ ਸਾਸਤਰੀਆ ਗਾਇਕ ਹਰੀਸ਼ ਤਿਵਾਰੀ ਪੇਸ਼ਕਾਰੀ ਦੇਣਗੇ।