ਮਨੁੰ ਮਹਾਵਾ ਗਿਰੋਹ ਦੇ ਤਿੰਨ ਮੈਬਰਾਂ ਨੁੰ ਗ੍ਰਿਫਤਾਰ ਕਰ ਬਰਾਮਦ ਕੀਤੀ 3.5 ਕਿਲੋ ਹੈਰੋਇਨ

ਮਨੁੰ ਮਹਾਵਾ ਗਿਰੋਹ ਦੇ ਤਿੰਨ ਮੈਬਰਾਂ ਨੁੰ ਗ੍ਰਿਫਤਾਰ ਕਰ ਬਰਾਮਦ ਕੀਤੀ 3.5 ਕਿਲੋ ਹੈਰੋਇਨ
ਚੰਡੀਗੜ੍ਹ/ਅੰਮ੍ਰਿਤਸਰ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਨਸ਼ਿਆਂ ਵਿਰੁੱਧ ਵਿੱਢੀ ਫੈਸਲਾਕੁੰਨ ਜੰਗ ਦੇ ਹਿੱਸੇ ਵਜੋਂ 19 ਕਿਲੋ ਹੈਰੋਇਨ ਬਰਾਮਦਗੀ ਮਾਮਲੇ ਦੀ ਜ਼ੋਰਦਾਰ ਪੜਤਾਲ ਤੋਂ ਅੱਗੇ ਵਧਦਿਆਂ ਪੰਜਾਬ ਪੁਲਿਸ ਨੇ ਸੋਮਵਾਰ ਨੂੰ ਮੰਨੂ ਮਹਾਵਾ ਗਿਰੋਹ ਦੇ ਤਿੰਨ ਹੋਰ ਮੈਂਬਰਾਂ ਨੂੰ ਗ੍ਰਿਫਤਾਰ ਕਰਕੇ 3.5 ਕਿਲੋ ਹੈਰੋਇਨ ਹੋਰ ਬਰਾਮਦ ਕੀਤੀ ਹੈ। ਇਸ ਕੇਸ ਵਿੱਚ ਹੁਣ ਹੈਰੋਇਨ ਦੀ ਕੁੱਲ ਬਰਾਮਦਗੀ 22.5 ਕਿਲੋ ਹੋ ਗਈ ਹੈ। ਡੀਜੀਪੀ ਗੌਰਵ ਯਾਦਵ ਨੇ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਬਲਰਾਜ ਸਿੰਘ ਉਰਫ ਕਾਕਾ ਵਾਸੀ ਪਿੰਡ ਲਾਹੌਰੀਮਲ, ਅੰਮ੍ਰਿਤਸਰ, ਅਨਮੋਲ ਸਿੰਘ ਉਰਫ ਲਾਲੂ ਅਤੇ ਸਰਬਜੀਤ ਸਿੰਘ ਦੋਵੇਂ ਵਾਸੀ ਰਾਂਝੇ ਦੀ ਹਵੇਲੀ, ਅੰਮ੍ਰਿਤਸਰ ਵਜੋਂ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਤਿੰਨ ਹੋਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾਲ ਕੁੱਲ ਗ੍ਰਿਫ਼ਤਾਰੀਆਂ ਦੀ ਗਿਣਤੀ 10 ਹੋ ਗਈ ਹੈ।
ਉਨ੍ਹਾਂ ਦੱਸਿਆ ਕਿ ਹੈਰੋਇਨ ਦੀ ਬਰਾਮਦਗੀ ਤੋਂ ਇਲਾਵਾ ਪੁਲਿਸ ਟੀਮਾਂ ਨੇ ਇਨ੍ਹਾਂ ਦੋਸ਼ੀਆਂ ਕੋਲੋਂ .30 ਬੋਰ ਦੇ 10 ਜਿੰਦਾ ਕਾਰਤੂਸ ਅਤੇ 9 ਐਮ.ਐਮ ਦੇ 9 ਜਿੰਦਾ ਕਾਰਤੂਸਾਂ ਸਣੇ ਇੱਕ ਕਾਰ (ਸਫਾਰੀ) ਵੀ ਬਰਾਮਦ ਕੀਤੀ ਹੈ।
ਇਹ ਕਾਰਵਾਈ , ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਅਮਰੀਕਾ ਸਥਿਤ ਤਸਕਰ ਮਨਪ੍ਰੀਤ ਉਰਫ਼ ਮੰਨੂ ਮਹਾਵਾ ਵੱਲੋਂ ਚਲਾਏ ਜਾ ਰਹੇ ਸਰਹੱਦ ਪਾਰ ਨਸ਼ਾ ਅਤੇ ਹਥਿਆਰ ਤਸਕਰੀ ਰੈਕੇਟ ਦਾ ਪਰਦਾਫਾਸ਼ ਕਰਨ ਤੋਂ ਲਗਭਗ ਹਫ਼ਤੇ ਬਾਅਦ ਅਮਲ ਵਿੱਚ ਲਿਆਂਦੀ ਗਈ ਹੈ। ਦੱਸਣਯੋਗ ਹੈ ਉਕਤ ਰੈਕੇਟ ਵਿਰੁੱਧ ਕਾਰਵਾਈ ਕਰਦਿਆਂ ਪੁਲਿਸ ਨੇ ਦੋ ਮੁੱਖ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ 19 ਕਿਲੋ ਹੈਰੋਇਨ, 23 ਲੱਖ ਰੁਪਏ ਦੀ ਡਰਗ ਮਨੀ , 7 ਪਿਸਤੌਲਾਂ ਸਮੇਤ ਇੱਕ 9 ਐਮਐਮ ਗਲਾਕ ਅਤੇ ਡਰੋਨ ਦੇ ਕਲ-ਪੁਰਜ਼ੇ ਬਰਾਮਦ ਕੀਤੇ ਸਨ।
