ਮਾਘੀ ਦੇ ਪਵਿੱਤਰ ਦਿਹਾੜੇ ਮੌਕੇ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਵੱਡੀ ਗਿਣਤੀ ’ਚ ਸੰਗਤਾਂ ਨਤਮਸਤਕ

ਮਾਘੀ ਦੇ ਪਵਿੱਤਰ ਦਿਹਾੜੇ ਮੌਕੇ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਵੱਡੀ ਗਿਣਤੀ ’ਚ ਸੰਗਤਾਂ ਨਤਮਸਤਕ
ਗੁਰਦੁਆਰਾ ਸ੍ਰੀ ਨਥਾਣਾ ਸਾਹਿਬ ਵਿਖੇ ਸਜਾਏ ਧਾਰਮਕ ਦੀਵਾਨ, ਸੰਗਤਾਂ ਨੇ ਪਵਿੱਤਰ ਸਰੋਵਰ ’ਚ ਕੀਤਾ ਇਸ਼ਨਾਨ
ਸ਼ਬਦ ਗੁਰੂ ਦੇ ਲੜ ਲੱਗਕੇ ਆਪਣਾ ਆਪ ਗੁਰੂ ਸਾਹਿਬ ਨੂੰ ਕੀਤਾ ਜਾਵੇਗਾ ਸਮਰਪਿਤ : ਜਥੇਦਾਰ ਜਸਮੇਰ ਸਿੰਘ ਲਾਛੜੂ
ਪਟਿਆਲਾ 14 ਜਨਵਰੀ ()
ਮਾਘੀ ਦੇ ਪਵਿੱਤਰ ਦਿਹਾੜੇ ਮੌਕੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਛੋਹ ਅਸਥਾਨ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਸੰਗਤਾਂ ਵੱਡੀ ਗਿਣਤੀ ਵਿਚ ਨਤਮਸਤਕ ਹੋਈਆਂ ਅਤੇ ਗੁਰੂ ਦਰਬਾਰ ਵਿਚ ਪਹੁੰਚ ਕੇ ਹਜੂਰੀ ਕੀਰਤਨੀ ਜੱਥਿਆਂ ਪਾਸੋਂ ਗੁਰਬਾਣੀ ਕੀਰਤਨ ਦਾ ਆਨੰਦ ਮਾਣਿਆ। ਪਵਿੱਤਰ ਦਿਹਾੜੇ ਮੌਕੇ ਹੈਡ ਗ੍ਰੰਥੀ ਭਾਈ ਪ੍ਰਨਾਮ ਸਿੰਘ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਗਿਆਨੀ ਪਿ੍ਰਤਪਾਲ ਸਿੰਘ ਨੇ ਕਥਾ ਇਤਿਹਾਸ ਰਾਹੀਂ ਮਾਘੀ ਦੇ ਪਵਿੱਤਰ ਦਿਹਾੜੇ ਦੀ ਮਹਾਨਤਾ ਬਾਰੇ ਸੰਗਤਾਂ ਨੂੰ ਜਾਣੂੰ ਕਰਵਾਇਆ। ਇਸੇ ਤਰ੍ਹਾਂ ਗੁਰਦੁਆਰਾ ਸ੍ਰੀ ਨਥਾਣਾ ਸਾਹਿਬ ਵਿਖੇ ਵਿਖੇ ਮਾਘੀ ਦੇ ਸਾਲਾਨਾ ਜੋੜ ਮੇਲ ਮੌਕੇ ਇਲਾਕੇ ਦੀਆਂ ਸੰਗਤਾਂ ਨੇ ਗੁਰੂ ਘਰ ਮੱਥਾ ਟੇਕਿਆ ਅਤੇ ਪਵਿੱਤਰ ਸਰੋਵਰ ’ਚ ਇਸ਼ਨਾਨ ਕੀਤਾ।
ਇਸ ਮੌਕੇ ਅੰਤਿ੍ਰੰਗ ਕਮੇਟੀ ਮੈਂਬਰ ਜਥੇਦਾਰ ਜਸਮੇਰ ਸਿੰਘ ਲਾਛੜੂ ਦੀ ਅਗਵਾਈ ਵਿਚ ਕਰਵਾਏ ਧਾਰਮਕ ਸਮਾਗਮ ਦੌਰਾਨ ਪੰਥਕ ਸਖਸ਼ੀਅਤ ਗਿਆਨੀ ਜਸਵੰਤ ਸਿੰਘ ਨੇ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਨ ਦਾ ਉਪਰਾਲਾ ਕੀਤਾ। ਦੀਵਾਨਾਂ ’ਚ ਸੰਗਤਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਜਥੇਦਾਰ ਜਸਮੇਰ ਸਿੰਘ ਲਾਛਡੂ ਨੇ ਜਾਣੂੰ ਕਰਵਾਇਆ ਸਿੱਖ ਇਤਿਹਾਸ ਅਦੁੱਤੀ ਸ਼ਹੀਦੀਆਂ ਅਤੇ ਕੁਰਬਾਨੀਆਂ ਨਾਲ ਭਰਿਆ ਪਿਆ ਹੈ ਅਤੇ ਮਾਘੀ ਦੇ ਪਵਿੱਤਰ ਦਿਹਾੜੇ ਦਾ ਇਤਿਹਾਸ ਅੰਦਰ ਦੱਸਿਆ ਗਿਆ ਹੈ ਕਿ ਗੁਰੂ ਬਖਸ਼ਣ ਹਾਰ ਹੈ ਕਿਉਂਕਿ ਜਿਹੜੇ ਸਿੰਘ ਦਸਮੇਸ਼ ਪਿਤਾ ਨੂੰ ਬੇਦਾਵਾ ਦੇ ਕੇ ਗਏ ਸਨ, ਉਨ੍ਹਾਂ ਨੂੰ ਸਾਹਿਬ ਏ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮੁਕਤਸਰ ਸਾਹਿਬ ਦੀ ਧਰਤੀ ’ਤੇ ਬੇਦਾਵਾ ਪਾੜ ਕੇ ਮੁਕਤ ਕੀਤਾ ਅਤੇ ਖਿਦਰਾਣੇ ਦੀ ਢਾਬ ’ਤੇ ਹੋਈ ਲੜਾਈ ਦੌਰਾਨ 40 ਮੁਕਤਿਆਂ ਨੇ ਡਟ ਕੇ ਮੁਕਾਬਲਾ ਕਰਦਿਆਂ ਆਪਣੀ ਸ਼ਹਾਦਤ ਦਿੱਤੀ। ਜਥੇਦਾਰ ਲਾਛੜੂ ਨੇ ਕਿਹਾ ਕਿ ਅੱਜ ਇਤਿਹਾਸ ਅੰਦਰ ਪਏ ਅਨਮੋਲ ਖਜਾਨੇ ਨੂੰ ਸਾਂਭਣ ਦੀ ਲੋੜ ਹੈ, ਉਥੇ ਹੀ ਗੁਰਬਾਣੀ ਫਲਸਫੇ ਨਾਲ ਜੋੜ ਕੇ ਆਪਣੇ ਜੀਵਨ ਨੂੰ ਗੁਰੂ ਆਸ਼ੇ ਅਨੁਸਾਰ ਸਫਲ ਬਣਾਉਣ ਲਈ ਸ਼ਬਦ ਗੁਰੂ ਦਾ ਧਾਰਨੀ ਹੋ ਕੇ ਆਪਣਾ ਆਪ ਸਮਰਪਿਤ ਕਰਨ ਦੀ ਲੋੜ ਹੈ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਮੈਨੇਜਰ ਕਰਨੈਲ ਸਿੰਘ ਵਿਰਕ ਨੇ ਇਲਾਕੇ ਦੀਆਂ ਸੰਗਤਾਂ ਅਤੇ ਪੁੱਜੀਆਂ ਸਖਸ਼ੀਅਤਾਂ ਦਾ ਵੀ ਧੰਨਵਾਦ ਕੀਤਾ।
ਧਾਰਮਕ ਸਮਾਗਮ ਦੌਰਾਨ ਸੰਤ ਮਹਾਂਪੁਰਸ਼ ਬਾਬਾ ਅਮਰੀਕ ਸਿੰਘ ਕਾਰ ਸੇਵਾ ਵਾਲੇ, ਸ਼ੋ੍ਰਮਣੀ ਕਮੇਟੀ ਮੈਂਬਰ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ, ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਹਲਕਾ ਇੰਚਾਰਜ ਭੁਪਿੰਦਰ ਸਿੰਘ ਸ਼ੇਖੂਪੁਰ, ਸਿਆਸੀ ਸਲਾਹਕਾਰ ਜਗਜੀਤ ਸਿੰਘ ਕੋਹਲੀ, ਗੁਰਦੁਆਰਾ ਸਾਹਿਬ ਦੇ ਮੈਨੇਜਰ ਕਰਨੈਲ ਸਿੰਘ ਵਿਰਕ, ਮੀਤ ਮੈਨੇ.ਜਰਨੈਲ ਸਿੰਘ, ਇੰਦਰਜੀਤ ਸਿੰਘ ਗਿੱਲ, ਲੋਕਲ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸੁਖਦੇਵ ਸਿੰਘ ਰਾਏ, ਗੁਰਦੁਆਰਾ ਨਥਾਣਾ ਸਾਹਿਬ ਦੇ ਪ੍ਰਬੰਧਕ ਰਜਨੀਸ਼ ਸਿੰਘ, ਪ੍ਰਚਾਰਕ ਪਰਵਿੰਦਰ ਸਿੰਘ ਬਰਾੜਾ, ਭਾਈ ਅਵਤਾਰ ਸਿੰਘ ਬੱਲਪੁਰ, ਸਰਬਜੀਤ ਸਿੰਘ, ਹਰਵਿੰਦਰ ਸਿੰਘ ਕਾਲਵਾਂ, ਭਾਈ ਹਜੂਰ ਸਿੰਘ, ਅਕਾਊਟੈਂਟ ਵਰਿੰਦਰ ਸਿੰਘ ਗੋਲਡੀ ਆਦਿ ਤੋਂ ਇਲਾਵਾ ਸ਼ੋ੍ਰਮਣੀ ਕਮੇਟੀ ਦੇ ਅਧਿਕਾਰੀ, ਸਟਾਫ ਮੈਂਬਰ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਆਦਿ ਹਾਜ਼ਰ ਸਨ।
