15 ਜਨਵਰੀ ਨੂੰ ਲੰਬਿਤ ਪਏ ਇੰਤਕਾਲ ਦਰਜ ਅਤੇ ਤਸਦੀਕ ਕਰਨ ਲਈ ਮੁੜ ਲਗਾਏ ਜਾਣਗੇ ਵਿਸ਼ੇਸ਼ ਕੈਂਪ

ਦੁਆਰਾ: Punjab Bani ਪ੍ਰਕਾਸ਼ਿਤ :Sunday, 14 January, 2024, 07:25 PM

15 ਜਨਵਰੀ ਨੂੰ ਲੰਬਿਤ ਪਏ ਇੰਤਕਾਲ ਦਰਜ ਅਤੇ ਤਸਦੀਕ ਕਰਨ ਲਈ ਮੁੜ ਲਗਾਏ ਜਾਣਗੇ ਵਿਸ਼ੇਸ਼ ਕੈਂਪ

-ਪਹਿਲੇ ਕੈਂਪ ਦੌਰਾਨ 1800 ਤੋਂ ਵੱਧ ਲੰਬਿਤ ਇੰਤਕਾਲ ਕੀਤੇ ਗਏ ਸੀ ਦਰਜ : ਸਾਕਸ਼ੀ ਸਾਹਨੀ

-ਡਿਪਟੀ ਕਮਿਸ਼ਨਰ ਵੱਲੋਂ ਲੋਕਾਂ ਨੂੰ ਕੈਂਪ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ

ਪਟਿਆਲਾ, 14 ਜਨਵਰੀ:
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਦਿੱਤੇ ਨਿਰਦੇਸ਼ਾਂ ਉੱਤੇ ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਦੀ ਅਗਵਾਈ ਵਿੱਚ ਮਾਲ ਵਿਭਾਗ ਵੱਲੋਂ ਮੁੜ 15 ਜਨਵਰੀ (ਸੋਮਵਾਰ) ਨੂੰ ਲੰਬਿਤ ਪਏ ਇੰਤਕਾਲ ਦਰਜ ਕਰਨ ਲਈ ਪਟਿਆਲਾ ਜ਼ਿਲ੍ਹੇ ‘ਚ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ 15 ਜਨਵਰੀ ਨੂੰ ਪਟਿਆਲਾ ਜ਼ਿਲ੍ਹੇ ਦੇ ਮਾਲ ਦਫ਼ਤਰਾਂ ਵਿੱਚ ਅਧਿਕਾਰੀ ਤੇ ਮੁਲਾਜ਼ਮ ਲੰਬਿਤ ਪਏ ਇੰਤਕਾਲ ਦਰਜ ਅਤੇ ਤਸਦੀਕ ਕਰਨਗੇ। ਉਨ੍ਹਾਂ ਲੋਕਾਂ ਨੂੰ ਇਸ ਵਿਸ਼ੇਸ਼ ਕੈਂਪ ਦਾ ਵੱਧ ਤੋਂ ਵੱਧ ਲਾਹਾ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਜਿਨ੍ਹਾਂ ਦਾ ਕੋਈ ਇੰਤਕਾਲ ਦਾ ਮਾਮਲਾ ਲੰਬਿਤ ਪਿਆ ਹੈ ਉਹ ਆਪਣੇ ਸਬੰਧਤ ਤਹਿਸੀਲ ਦਫ਼ਤਰ ਵਿਖੇ 15 ਜਨਵਰੀ ਨੂੰ ਜਾ ਕੇ ਇਸ ਦਾ ਨਿਪਟਾਰਾ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਵਿਸ਼ੇਸ਼ ਕੈਂਪ ਦੌਰਾਨ ਸਾਰੇ ਲੰਬਿਤ ਇੰਤਕਾਲ ਮੌਕੇ ਉਤੇ ਹੀ ਦਰਜ ਕਰਨ ਲਈ ਅਧਿਕਾਰੀਆਂ ਨੂੰ ਪਹਿਲਾਂ ਹੀ ਆਦੇਸ਼ ਦਿੱਤੇ ਜਾ ਚੁੱਕੇ ਹਨ ਤਾਂ ਜੋ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਹ ਲੰਬਿਤ ਇੰਤਕਾਲਾਂ ਦੇ ਨਿਬੇੜੇ ਦੇ ਕੰਮ ਉਤੇ ਲਗਾਤਾਰ ਨਿਗਰਾਨੀ ਰੱਖ ਰਹੇ ਹਨ ਤਾਂ ਜੋ ਇਹ ਕੰਮ ਸਮਾਂਬੱਧ ਢੰਗ ਨਾਲ ਨੇਪਰੇ ਚੜ੍ਹ ਸਕੇ। ਉਨ੍ਹਾਂ ਦੱਸਿਆ ਕਿ 6 ਜਨਵਰੀ ਨੂੰ ਲੱਗੇ ਵਿਸ਼ੇਸ਼ ਕੈਂਪ ਦੌਰਾਨ ਵੀ ਜ਼ਿਲ੍ਹੇ ਅੰਦਰ 1800 ਤੋਂ ਵੱਧ ਲੰਬਿਤ ਇੰਤਕਾਲ ਦਰਜ ਕੀਤੇ ਗਏ ਸਨ।