ਚੇਤਨ ਸਿੰਘ ਜੌੜਾਮਾਜਰਾ ਵੱਲੋਂ ਆਲੂ ਉਤਪਾਦਕਾਂ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ
ਚੇਤਨ ਸਿੰਘ ਜੌੜਾਮਾਜਰਾ ਵੱਲੋਂ ਆਲੂ ਉਤਪਾਦਕਾਂ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ
ਚੰਡੀਗੜ੍ਹ, 11 ਜਨਵਰੀ:
ਪੰਜਾਬ ਦੇ ਬਾਗ਼ਬਾਨੀ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਪੰਜਾਬ ਆਲੂ ਉਤਪਾਦਕ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੂੰ ਭਰੋਸਾ ਦਿਵਾਇਆ ਕਿ ਸਰਕਾਰ ਵੱਲੋਂ ਉਨ੍ਹਾਂ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ।
ਪੰਜਾਬ ਸਿਵਲ ਸਕੱਤਰੇਤ ਸਥਿਤ ਆਪਣੇ ਦਫ਼ਤਰ ਵਿਖੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੈਬਨਿਟ ਮੰਤਰੀ ਨੇ ਆਲੂ ਪੁੱਟਣ ਵਾਲੀਆਂ ਮਸ਼ੀਨਾਂ ‘ਤੇ ਸਬਸਿਡੀ ਦੇਣ ਦੀ ਮੰਗ ‘ਤੇ ਹਮਦਰਦੀ ਨਾਲ ਹੁੰਗਾਰਾ ਭਰਦਿਆਂ ਵਿਭਾਗ ਦੇ ਡਾਇਰੈਕਟਰ ਸ੍ਰੀਮਤੀ ਸ਼ੈਲੇਂਦਰ ਕੌਰ ਨੂੰ ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ (ਆਰ.ਕੇ.ਵੀ.ਵਾਈ) ਤਹਿਤ ਵਿਆਪਕ ਯੋਜਨਾ ਉਲੀਕਣ ਦੇ ਨਿਰਦੇਸ਼ ਦਿੱਤੇ। ਅਤਿ-ਆਧੁਨਿਕ ਤਕਨਾਲੌਜੀ ਨੂੰ ਅਪਣਾਉਣ ਦੀ ਮਹੱਤਤਾ ‘ਤੇ ਜ਼ੋਰ ਦਿੰਦਿਆਂ ਕੈਬਨਿਟ ਮੰਤਰੀ ਨੇ ਆਲੂਆਂ ਦੀ ਪੁਟਾਈ ਲਈ ਨਵੀਨਤਮ ਅਤੇ ਕੁਸ਼ਲ ਤਕਨੀਕਾਂ ਅਪਨਾਉਣ ਦੀ ਗੱਲ ਵੀ ਆਖੀ।
ਆਲੂਆਂ ਲਈ ਧੋਗੜੀ ਇੰਡੋ ਡੱਚ ਸੈਂਟਰ ਫਾਰ ਐਕਸੀਲੈਂਸ ਵਿਖੇ ਡਿਜ਼ੀਜ਼ ਟੈਸਟਿੰਗ ਲੈਬ ਸਥਾਪਤ ਕਰਨ ਸਬੰਧੀ ਐਸੋਸੀਏਸ਼ਨ ਦੀ ਇੱਕ ਹੋਰ ਮੰਗ ‘ਤੇ ਵਿਚਾਰ ਕਰਦਿਆਂ ਸ. ਚੇਤਨ ਸਿੰਘ ਜੌੜਾਮਾਜਰਾ ਨੇ ਵਿਭਾਗ ਦੀ ਡਾਇਰੈਕਟਰ ਨੂੰ ਇਸ ਤਜਵੀਜ਼ ਦੀਆਂ ਸੰਭਾਵਨਾਵਾਂ ਬਾਰੇ ਚੰਗੀ ਤਰ੍ਹਾਂ ਘੋਖ ਕਰਨ ਲਈ ਕਿਹਾ। ਡਾਇਰੈਕਟਰ ਨੇ ਮੰਤਰੀ ਨੂੰ ਦੱਸਿਆ ਕਿ ਇਸ ਕੇਂਦਰ ਵਿੱਚ ਇੱਕ ਲੈਬ ਬਣਨ ਜਾ ਰਹੀ ਹੈ।
ਵਿਚਾਰ-ਵਟਾਂਦਰੇ ਦੌਰਾਨ ਆਲੂ ਉਤਪਾਦਕਾਂ ਨੇ ਦੱਸਿਆ ਕਿ ਆਲੂ ਦੇ ਬੀਜਾਂ ਰਾਹੀਂ ਹੋਣ ਵਾਲੀ ਆਮਦਨ ਕੁੱਲ ਅਰਥ-ਵਿਵਸਥਾ ਦਾ ਇੱਕ ਤਿਹਾਈ ਹਿੱਸਾ ਹੈ। ਆਲੂ ਉਤਪਾਦਕਾਂ ਨੇ ਆਲੂ ਦੇ ਬੀਜ ਵਾਲੇ ਖੇਤਰਾਂ ਸਬੰਧੀ ਨੋਟੀਫਿਕੇਸ਼ਨ ਜਾਰੀ ਕਰਨ ਲਈ ਆਖਿਆ, ਜਿਸ ‘ਤੇ ਕੈਬਨਿਟ ਮੰਤਰੀ ਨੇ ਸਹਿਮਤੀ ਜਤਾਈ। ਉਨ੍ਹਾਂ ਦੱਸਿਆ ਕਿ ਆਲੂ ਦੇ ਨਕਲੀ ਬੀਜਾਂ ਦੀ ਸਪਲਾਈ, ਜਿਸ ਨਾਲ ਆਲੂ ਬੀਜ ਪ੍ਰਣਾਲੀ ਦਾ ਭਾਰੀ ਨੁਕਸਾਨ ਹੋ ਰਿਹਾ ਹੈ, ਨੂੰ ਰੋਕਣ ਲਈ ਇੱਕ ਖਰੜਾ ਭੇਜਿਆ ਜਾਵੇਗਾ।