'ਆਲ ਇੰਡੀਆ ਤੀਰਅੰਦਾਜ਼ੀ ਅੰਤਰ ਯੂਨੀਵਰਸਿਟੀ ਚੈਂਪੀਅਨਸ਼ਿਪ' ਦੇ ਨਤੀਜਿਆਂ ਵਿੱਚ ਤਬਦੀਲੀ

‘ਆਲ ਇੰਡੀਆ ਤੀਰਅੰਦਾਜ਼ੀ ਅੰਤਰ ਯੂਨੀਵਰਸਿਟੀ ਚੈਂਪੀਅਨਸ਼ਿਪ’ ਦੇ ਨਤੀਜਿਆਂ ਵਿੱਚ ਤਬਦੀਲੀ
-‘ਚੰਡੀਗੜ੍ਹ ਯੂਨੀਵਰਸਿਟੀ ਮੋਹਾਲੀ’ ਦੇ ਖਿਡਾਰੀਆਂ ਉੱਪਰ ਲੱਗੇ ਸਨ ਇਤਰਾਜ਼
– ਦੋ ਦਿਨ ਦੇ ਸਮੇਂ ਦੌਰਾਨ ਇਤਰਾਜ਼ ਨੂੰ ਗ਼ਲਤ ਸਾਬਤ ਨਹੀਂ ਕਰ ਸਕੀ ਸੰਬੰਧਤ ਯੂਨੀਵਰਸਿਟੀ
– ਜਿਉਰੀ ਦੇ ਨਵੇਂ ਫੈਸਲੇ ਅਨੁਸਾਰ ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ ਪਹਿਲੇ ਸਥਾਨ ਉੱਤੇ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੂਜੇ ਸਥਾਨ ਉੱਤੇ
ਪਟਿਆਲਾ –
ਪੰਜਾਬੀ ਯੂਨੀਵਰਸਿਟੀ ਵਿਖੇ ਹੋਈ ‘ਆਲ ਇੰਡੀਆ ਤੀਰਅੰਦਾਜ਼ੀ ਅੰਤਰ ਯੂਨੀਵਰਸਿਟੀ ਚੈਂਪੀਅਨਸ਼ਿਪ’ ਦੇ ਨਤੀਜਿਆਂ ਵਿੱਚ ਕੁਝ ਤਬਦੀਲੀ ਹੋਈ ਹੈ।
ਪੰਜਾਬੀ ਯੂਨੀਵਰਸਿਟੀ ਤੋਂ ਖੇਡ ਵਿਭਾਗ ਦੇ ਡਾਇਰੈਕਟਰ ਪ੍ਰੋ. ਅਜੀਤਾ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੰਡੀਗੜ੍ਹ ਯੂਨੀਵਰਸਿਟੀ ਮੋਹਾਲੀ ਵੱਲੋਂ ਖੇਡੇ ਖਿਡਾਰੀਆਂ ਉੱਤੇ ਕੁੱਝ ਇਤਰਾਜ਼ ਸਾਹਮਣੇ ਆਏ ਸਨ। ਇਨ੍ਹਾਂ ਇਤਰਾਜ਼ਾਂ ਦੇ ਮੱਦੇਨਜ਼ਰ ਜਿਉਰੀ ਵੱਲੋਂ ਸੰਬੰਧਿਤ ਯੂਨੀਵਰਸਿਟੀ ਨੂੰ ਸਪਸ਼ਟੀਕਰਨ ਹਿਤ ਦੋ ਦਿਨ ਦਾ ਸਮਾਂ ਦਿੱਤਾ ਗਿਆ ਸੀ। ਸੰਬੰਧਤ ਯੂਨੀਵਰਸਿਟੀ ਵੱਲੋਂ ਨਿਰਧਾਰਿਤ ਸਮੇਂ ਵਿੱਚ ਆਪਣੇ ਆਪ ਨੂੰ ਸਹੀ ਨਹੀਂ ਸਾਬਤ ਕੀਤਾ ਜਾ ਸਕਿਆ। ਜਿਉਰੀ ਵੱਲੋਂ ਆਪਣੇ ਪੱਧਰ ਉੱਤੇ ਘੋਖ ਕਰਦਿਆਂ ਵੀ ਸੰਬੰਧਿਤ ਇਤਰਾਜ਼ਾਂ ਦੀ ਪੁਸ਼ਟੀ ਕੀਤੀ ਗਈ। ਜਿਉਰੀ ਵੱਲੋਂ ਸਮੁੱਚੀ ਚੈਂਪੀਅਨਸ਼ਿਪ ਦੇ ਖਿਡਾਰੀਆਂ ਵੱਲੋਂ ਪ੍ਰਾਪਤ ਅੰਕਾਂ ਦਾ ਪੁਨਰ ਵਿਸ਼ਲੇਸ਼ਣ ਕੀਤਾ ਗਿਆ ਅਤੇ ਇਸ ਦੀ ਲੋਅ ਵਿੱਚ ਜਿਉਰੀ ਵੱਲੋਂ ਨਵਾਂ ਨਤੀਜਾ ਐਲਾਨ ਦਿੱਤਾ ਗਿਆ।
ਨਵੇਂ ਨਤੀਜਿਆਂ ਅਨੁਸਾਰ ਹੁਣ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਸਮੁੱਚੀ ਚੈਂਪੀਅਨਸ਼ਿਪ ਵਿੱਚੋਂ ਓਵਰਆਲ ਪਹਿਲੇ ਸਥਾਨ ਉੱਤੇ ਰਹੀ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੂਜੇ ਸਥਾਨ ਉੱਤੇ ਰਹੀ। ਤੀਜਾ ਸਥਾਨ ਮਹਾਰਾਸ਼ਟਰ ਦੀ ਸ੍ਰੀ ਜਗਦੀਸ਼ ਪ੍ਰਸਾਦ ਟਿਬਰਵਾਲਾ ਯੂਨੀਵਰਸਿਟੀ ਮੁੰਬਈ ਨੇ ਪ੍ਰਾਪਤ ਕੀਤਾ ਹੈ।
ਪੰਜਾਬੀ ਯੂਨੀਵਰਸਿਟੀ ਦੀ ਤੀਰਅੰਦਾਜ਼ ਪਰਨੀਤ ਕੌਰ ਇਸ ਚੈਂਪੀਅਨਸ਼ਿਪ ਵਿੱਚ ਦੋ ਸੋਨ ਤਗ਼ਮੇ, ਇੱਕ ਚਾਂਦੀ ਦਾ ਤਗ਼ਮਾ ਅਤੇ ਇੱਕ ਕਾਂਸੀ ਦਾ ਤਗ਼ਮਾ ਜਿੱਤ ਕੇ ਚੈਂਪੀਅਨ ਬਣੀ। ਪੰਜਾਬੀ ਯੂਨੀਵਰਸਿਟੀ ਦੇ ਤੀਰਅੰਦਾਜ਼ਾਂ ਨੇ ਕੁੱਲ ਚਾਰ ਸੋਨ ਤਗ਼ਮੇ, ਤਿੰਨ ਚਾਂਦੀ ਦੇ ਤਗ਼ਮੇ ਅਤੇ ਚਾਰ ਕਾਂਸੇ ਦੇ ਤਗ਼ਮੇ ਇਸ ਚੈਂਪੀਅਨਸ਼ਿਪ ਵਿੱਚ ਜਿੱਤੇ ਹਨ। ਪੰਜਾਬੀ ਯੂਨੀਵਰਸਿਟੀ ਦੇ ਤੀਰਅੰਦਾਜ਼ ਸੰਗਮਪ੍ਰੀਤ ਅਤੇ ਆਜ਼ਾਦਵੀਰ ਨੇ ਵੀ ਸੋਨ ਤਗ਼ਮੇ ਜਿੱਤੇ। ਕੰਪਾਊਂਡ ਮਿਕਸਿੰਗ ਵਿੱਚ ਪਰਨੀਤ ਕੌਰ ਅਤੇ ਸੰਗਮ ਪ੍ਰੀਤ ਨੇ ਸੋਨ ਤਗ਼ਮਾ ਜਿੱਤਿਆ।
ਜ਼ਿਕਰਯੋਗ ਹੈ ਕਿ ਐਸੋਸੀਏਸ਼ਨ ਆਫ਼ ਇੰਡੀਅਨ ਯੂਨੀਵਰਸਿਟੀਜ਼ (ਏ.ਆਈ.ਯੂ.) ਵੱਲੋਂ ਹਰ ਸਾਲ ਕਰਵਾਈ ਜਾਂਦੀ ਇਹ ਰਾਸ਼ਟਰ ਪੱਧਰੀ ਚੈਂਪੀਅਨਸ਼ਿਪ ਤੀਜੀ ਵਾਰ ਪੰਜਾਬੀ ਯੂਨੀਵਰਸਿਟੀ ਵਿੱਚ ਹੋਈ। ਇਸ ਤੋਂ ਪਹਿਲਾਂ 2013 ਅਤੇ 2016 ਵਿੱਚ ਇਹ ਚੈਂਪੀਅਨਸ਼ਿਪ ਪੰਜਾਬੀ ਯੂਨੀਵਰਸਿਟੀ ਵਿੱਚ ਹੋਈ ਸੀ।
ਦੇਸ ਭਰ ਦੀਆਂ 32 ਯੂਨੀਵਰਸਿਟੀ ਵਿੱਚੋਂ 1000 ਦੇ ਕਰੀਬ ਤੀਰਅੰਦਾਜ਼ ਇਸ ਚੈਂਪੀਅਨਸ਼ਿਪ ਵਿੱਚ ਸ਼ਾਮਿਲ ਹੋਏ।
