ਪੰਜਾਬੀ ਯੂਨੀਵਰਸਿਟੀ ਵਿਖੇ ਸ਼ੁਰੂ ਹੋਵੇਗਾ ਚਾਰ ਸਾਲਾ ਬੀ. ਏ. ਬੀ. ਐੱਡ ਇੰਟੀਗਰੇਟਿਡ ਟੀਚਰ ਐਜੂਕੇਸ਼ਨ ਪ੍ਰੋਗਰਾਮ
ਪੰਜਾਬੀ ਯੂਨੀਵਰਸਿਟੀ ਵਿਖੇ ਸ਼ੁਰੂ ਹੋਵੇਗਾ ਚਾਰ ਸਾਲਾ ਬੀ. ਏ. ਬੀ. ਐੱਡ ਇੰਟੀਗਰੇਟਿਡ ਟੀਚਰ ਐਜੂਕੇਸ਼ਨ ਪ੍ਰੋਗਰਾਮ
– ਐੱਨ.ਸੀ.ਟੀ.ਈ., ਨਵੀਂ ਦਿੱਲੀ ਤੋਂ ਮਿਲੀ ਪ੍ਰਵਾਨਗੀ
– ਨਵੀਂ ਸਿੱਖਿਆ ਨੀਤੀ 2020 ਤਹਿਤ ਐੱਨ.ਸੀ.ਟੀ.ਈ. ਵੱਲੋਂ ਚਲਾਇਆ ਜਾ ਰਿਹਾ ਹੈ ਇਹ ਫਲੈਗਸਿ਼ਪ ਪ੍ਰੋਗਰਾਮ ਪਟਿਆਲਾ
ਪਟਿਆਲਾ ਵਿਖੇ ਚਾਰ ਸਾਲਾ ਬੀ. ਏ. ਬੀ. ਐੱਡ ਇੰਟੀਗਰੇਟਿਡ ਟੀਚਰ ਐਜੂਕੇਸ਼ਨ ਪ੍ਰੋਗਰਾਮ (ਆਈ. ਟੀ. ਈ. ਪੀ.) ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਇਹ ਕੋਰਸ 2024-2025 ਸੈਸ਼ਨ ਤੋਂ ਉਪਲਬਧ ਹੋਵੇਗਾ। ਪੰਜਾਬੀ ਯੂਨੀਵਰਸਿਟੀ ਦੇ ਸਿੱਖਿਆ ਅਤੇ ਸੁਮਦਾਇ ਵਿਭਾਗ ਨੂੰ ਨੈਸ਼ਨਲ ਕੌਂਸਲ ਆਫ਼ ਟੀਚਰ ਐਜੂਕੇਸ਼ਨ (ਐੱਨ.ਸੀ.ਟੀ.ਈ.), ਨਵੀਂ ਦਿੱਲੀ ਤੋਂ ਇਸ ਸੰਬੰਧੀ ਪ੍ਰਵਾਨਗੀ ਪ੍ਰਾਪਤ ਹੋ ਗਈ ਹੈ। ਇਸ ਅੰਡਰ ਗਰੈਜੂਏਟ ਕੋਰਸ ਬੀ.ਏ. ਬੀ. ਐੱਡ (ਸੈਕੰਡਰੀ ਸਟੇਜ) ਲਈ ਇਹ ਪ੍ਰਵਾਨਗੀ 50 ਵਿਦਿਆਰਥੀਆਂ ਦੇ ਦਾਖਲੇ ਲਈ ਹੈ। ਜਿ਼ਕਰਯੋਗ ਹੈ ਕਿ ਇਹ ਕੋਰਸ ਨਵੀਂ ਸਿੱਖਿਆ ਨੀਤੀ 2020 ਤਹਿਤ ਨੈਸ਼ਨਲ ਕੌਂਸਲ ਆਫ਼ ਟੀਚਰ ਐਜੂਕੇਸ਼ਨ ਵੱਲੋਂ ਚਲਾਇਆ ਜਾ ਰਿਹਾ ਫਲੈਗਸਿ਼ਪ ਪ੍ਰੋਗਰਾਮ ਹੈ। ਦੇਸ ਭਰ ਦੀਆਂ ਵੱਕਾਰੀ ਅਤੇ ਨਾਮੀ ਸਰਕਾਰੀ ਸਿੱਖਿਆ ਸੰਸਥਾਵਾਂ, ਜਿਨ੍ਹਾਂ ਵਿੱਚ ਕੇਂਦਰੀ ਅਤੇ ਸਟੇਟ ਯੂਨੀਵਰਸਿਟੀਆਂ ਸ਼ਾਮਿਲ ਹਨ, ਵੱਲੋਂ ਇਹ ਕੋਰਸ ਪਾਇਲਟ ਮੋਡ ਵਿੱਚ ਚਲਾਇਆ ਜਾ ਰਿਹਾ ਹੈ।
ਉਪ ਕੁਲਪਤੀ ਪ੍ਰੋ. ਅਰਵਿੰਦ ਨੇ ਵਿਭਾਗ ਵੱਲੋਂ ਕੀਤੀ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ।ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿੱਚ ਪਹਿਲਾਂ ਹੀ ਵੱਖ-ਵੱਖ ਵਿਸਿ਼ਆਂ ਅਧੀਨ ਪੰਜ ਸਾਲਾ ਏਕੀਕ੍ਰਿਤ ਪ੍ਰੋਗਰਾਮ ਸਫਲਤਾਪੂਰਵਕ ਚੱਲ ਰਹੇ ਹਨ।
ਸਿੱਖਿਆ ਅਤੇ ਸੂਚਨਾ ਫ਼ੈਕਲਟੀ ਤੋਂ ਡੀਨ ਪ੍ਰੋ. ਪੁਸ਼ਪਿੰਦਰ ਕੌਰ ਨੇ ਵਿਭਾਗ ਨੂੰ ਇਸ ਕੋਰਸ ਦੀ ਪ੍ਰਵਾਨਗੀ ਸੰਬੰਧੀ ਵਧਾਈ ਦਿੰਦਿਆਂ ਕਿਹਾ ਕਿ ਇਹ ਕੋਰਸ ਅਧਿਆਪਕ ਸਿੱਖਿਆ ਨੂੰ ਮੁੜ ਸੁਰਜੀਤ ਕਰੇਗਾ।
ਵਿਭਾਗ ਮੁਖੀ ਡਾ.ਜਗਪ੍ਰੀਤ ਕੌਰ ਨੇ ਕਿਹਾ ਕਿ ਇਸ ਏਕੀਕ੍ਰਿਤ ਕੋਰਸ ਦਾ ਵਿਦਿਆਰਥੀਆਂ ਨੂੰ ਫਾਇਦਾ ਹੋਵੇਗਾ ਕਿਉਂਕਿ ਉਹ ਮੌਜੂਦਾ ਬੀਐੱਡ ਯੋਜਨਾ ਰਾਹੀਂ ਲੋੜੀਂਦੇ ਪੰਜ ਸਾਲਾਂ ਦੀ ਬਜਾਏ ਚਾਰ ਸਾਲਾਂ ਵਿੱਚ ਕੋਰਸ ਪੂਰਾ ਕਰਕੇ ਇੱਕ ਸਾਲ ਦੀ ਬਚਤ ਕਰ ਸਕਣਗੇ। ਉਨ੍ਹਾਂ ਦੱਸਿਆ ਕਿ ਇਸ ਕੋਰਸ ਵਿੱਚ ਦਾਖਲਾ ਨੈਸ਼ਨਲ ਕੌਮਨ ਐਂਟਰੈਂਸ ਟੈਸਟ (ਐੱਨ. ਸੀ. ਈ. ਟੀ.) ਰਾਹੀਂ ਲਿਆ ਜਾ ਸਕੇਗਾ। ਇਹ ਟੈਸਟ ਮਈ 2024 ਦੌਰਾਨ ਨੈਸ਼ਨਲ ਟੈਸਟਿੰਗ ਏਜੰਸੀ (ਐੱਨ.ਟੀ.ਏ.) ਵੱਲੋਂ ਕਰਵਾਇਆ ਜਾਣਾ ਹੈ। ਇਸ ਕੋਰਸ ਵਿੱਚ ਦਾਖ਼ਲੇ ਸਬੰਧੀ ਹੋਰ ਵੇਰਵੇ ਪੰਜਾਬੀ ਯੂਨੀਵਰਸਿਟੀ ਦੀ ਵੈੱਬਸਾਈਟ ਉੱਤੇ ਉਪਲਬਧ ਕਰਵਾ ਦਿੱਤੇ ਜਾਣਗੇ।