ਧੁੰਦ ਦੇ ਮੌਸਮ ਨੂੰ ਦੇਖਦਿਆਂ ਵਾਹਨਾਂ ’ਤੇ ਲਗਾਏ ਰਿਫ਼ਲੈਕਟਰ
ਧੁੰਦ ਦੇ ਮੌਸਮ ਨੂੰ ਦੇਖਦਿਆਂ ਵਾਹਨਾਂ ’ਤੇ ਲਗਾਏ ਰਿਫ਼ਲੈਕਟਰ
ਪਟਿਆਲਾ, 2 ਜਨਵਰੀ
ਜ਼ਿਲ੍ਹਾ ਸਮਾਜਿਕ ਸੁਰੱਖਿਆ ਵਿਭਾਗ ਪਟਿਆਲਾ ਵੱਲੋਂ ਜ਼ਿਲ੍ਹਾ ਟਰੈਫ਼ਿਕ ਪੁਲਿਸ ਪਟਿਆਲਾ ਦੇ ਸਹਿਯੋਗ ਅਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਅਗਵਾਈ ਹੇਠ ਧੁੰਦ ਦੇ ਮੌਸਮ ਨੂੰ ਵੇਖਦਿਆਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਗੱਡੀਆਂ ਉਪਰ ਰਿਫ਼ਲੈਕਟਰ ਲਗਾਏ ਗਏ। ਇਸ ਮੌਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵਰਿੰਦਰ ਸਿੰਘ ਬੈਂਸ, ਜਤਵਿੰਦਰ ਗਰੇਵਾਲ ਮੈਂਬਰ ਨਸ਼ਾ ਮੁਕਤ ਭਾਰਤ ਅਭਿਆਨ, ਏ ਐਸ ਆਈ ਧਰਮ ਪਾਲ, ਰੁਪਿੰਦਰ ਕੌਰ, ਰੁਦਰਪ੍ਰਤਾਪ ਸਿੰਘ ਵੀ ਮੌਜੂਦ ਸਨ।
ਇਸ ਮੌਕੇ ਵਰਿੰਦਰ ਸਿੰਘ ਬੈਂਸ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਧੁੰਦ ਦੇ ਮੌਸਮ ਨੂੰ ਵੇਖਦਿਆਂ ਰਿਫ਼ਲੈਕਟਰ ਲਗਾਉਣੇ ਜ਼ਰੂਰੀ ਹਨ ਅਤੇ ਵੱਖ ਵੱਖ ਸੰਸਥਾਵਾਂ ਵੱਲੋਂ ਕੀਤੇ ਜਾ ਰਹੇ ਅਜਿਹੇ ਉਪਰਾਲੇ ਸ਼ਲਾਘਾਯੋਗ ਹਨ। ਉਨ੍ਹਾਂ ਕਿਹਾ ਕਿ ਧੁੰਦ ਦੇ ਮੌਸਮ ਨੂੰ ਦੇਖਦੇ ਹੋਏ ਵਾਹਨ ਚਾਲਕ ਆਪਣੇ ਦੋ ਪਹੀਆਂ ਅਤੇ ਚਾਰ ਪਹੀਆਂ ਵਾਹਨ ਪੂਰੀ ਸੂਝਬੂਝ ਨਾਲ ਚਲਾਉਣ ਅਤੇ ਓਵਰਟੇਕ ਨਾ ਕਰਨ। ਉਹ ਟਰੈਫ਼ਿਕ ਨਿਯਮਾਂ ਦਾ ਪਾਲਣ ਕਰਦੇ ਹੋਏ ਸਪੀਡ ਹੋਲੀ ਰੱਖਣ। ਉਨ੍ਹਾਂ ਦੱਸਿਆ ਕਿ ਹੁਣ ਤੱਕ ਸੌ ਤੋਂ ਉਪਰ ਰਿਫ਼ਲੈਕਟਰ ਲਗਾਏ ਜਾ ਚੁੱਕੇ ਹਨ।
ਇਸ ਮੌਕੇ ਪਰਮਿੰਦਰ ਭਲਵਾਨ, ਜਤਵਿੰਦਰ ਗਰੇਵਾਲ ਤੇ ਰੁਪਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਦੀਆਂ ਸਮਾਜ ਸੇਵੀ ਸੰਸਥਾਵਾਂ ਪਾਵਰ ਹਾਊਸ ਯੂਥ ਕਲੱਬ ਅਤੇ ਯੂਥ ਫੈਡਰੇਸ਼ਨ ਆਫ਼ ਇੰਡੀਆ ਵੱਲੋਂ ਧੁੰਦ ਦੇ ਮੌਸਮ ਨੂੰ ਵੇਖਦੇ ਹੋਏ ਪਟਿਆਲਾ ਜ਼ਿਲ੍ਹੇ ਵਿੱਚ ਵੱਖ- ਵੱਖ ਥਾਵਾਂ ਤੇ ਰਿਫ਼ਲੈਕਟਰ ਲਗਾਏ ਜਾ ਰਹੇ ਹਨ ਜਿਨ੍ਹਾਂ ਦੀ ਗਿਣਤੀ ਹਜ਼ਾਰ ਤੋਂ ਉਪਰ ਹੈ।