ਭਾਰਤ ਨੇ ਇੱਕ ਹੋਰ ਮੀਲ ਪੱਥਰ ਕੀਤਾ ਹਾਸਲ
ਭਾਰਤ ਨੇ ਇੱਕ ਹੋਰ ਮੀਲ ਪੱਥਰ ਕੀਤਾ ਹਾਸਲ
ਬੰਗਲੌਰ, 6 ਜਨਵਰੀ
ਭਾਰਤ ਨੇ ਇੱਕ ਹੋਰ ਮੀਲ ਪੱਥਰ ਹਾਸਲ ਕਰ ਲਿਆ ਤੇ ਆਦਿਤਿਆ-ਐੱਲ1 ਆਪਣੀ ਮੰਜ਼ਿਲ ‘ਤੇ ਪਹੁੰਚ ਗਿਆ ਹੈ। ਇਹ ਐਲਾਨ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ। ਇਸ ਤੋਂ ਪਹਿਲਾਂ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਕਿਹਾ ਸੀ ਕਿ ਉਹ ਅੱਜ ਧਰਤੀ ਤੋਂ 15 ਲੱਖ ਕਿਲੋਮੀਟਰ ਦੂਰ ਸੂਰਜ ਦਾ ਅਧਿਐਨ ਕਰਨ ਲਈ ਦੇਸ਼ ਦੇ ਪਹਿਲੇ ਪੁਲਾੜ ਮਿਸ਼ਨ ਆਦਿਤਿਆ ਐੱਲ1 ਪੁਲਾੜ ਵਾਹਨ ਨੂੰ ਆਪਣੀ ਆਖਰੀ ਪੰਧ ’ਤੇ ਟਿਕਾ ਦੇੇਵੇਗਾ। ਇਸਰੋ ਦੇ ਅਧਿਕਾਰੀਆਂ ਮੁਤਾਬਕ ਪੁਲਾੜ ਵਾਹਨ ਧਰਤੀ ਤੋਂ 15 ਲੱਖ ਕਿਲੋਮੀਟਰ ਦੂਰ ਸੂਰਜ-ਧਰਤੀ ਪ੍ਰਣਾਲੀ ਦੇ ਲੈਗਰੇਂਜ ਪੁਆਇੰਟ 1 (ਐੱਲ1) ਦੇ ਆਲੇ-ਦੁਆਲੇ ਵਾਲੇ ਇਲਾਕੇ ’ਚ ਪੁੱਜ ਗਿਆ। ਐੱਲ1 ਬਿੰਦੂ ਧਰਤੀ ਅਤੇ ਸੂਰਜ ਵਿਚਕਾਰ ਕੁੱਲ ਦੂਰੀ ਦਾ ਇੱਕ ਪ੍ਰਤੀਸ਼ਤ ਹੈ। ਇਥੋਂ ਸੂਰਜ ਨੂੰ ਲਗਾਤਾਰ ਦੇਖਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਸੂਰਜੀ ਗਤੀਵਿਧੀਆਂ ਨੂੰ ਦੇਖਣ ਅਤੇ ਪੁਲਾੜ ਦੇ ਮੌਸਮ ‘ਤੇ ਇਸ ਦੇ ਪ੍ਰਭਾਵ ਦਾ ਮੁਲਾਂਕਣ ਕਰਨ ਜ਼ਿਆਦਾ ਲਾਭ ਮਿਲੇਗਾ। ‘ਲੈਗਰੇਂਜ ਪੁਆਇੰਟ’ ਉਹ ਖੇਤਰ ਹੈ, ਜਿੱਥੇ ਧਰਤੀ ਅਤੇ ਸੂਰਜ ਵਿਚਕਾਰ ਗੁਰੂਤਾ ਸ਼ਕਤੀ ਖ਼ਤਮ ਹੋ ਜਾਂਦੀ ਹੈ।