ਪੰਜਾਬੀ ਯੂਨੀਵਰਸਿਟੀ ਦੀ ਪ੍ਰੀਖਿਆ ਸ਼ਾਖਾ ਨੇ ਪ੍ਰੀਖਿਆਵਾਂ ਪੂਰੀਆਂ ਹੋਣ ਦੇ ਸਿਰਫ਼ 10 ਦਿਨਾਂ ਦੇ ਅੰਦਰ ਦਸੰਬਰ 2023 ਦੀਆਂ ਪ੍ਰੀਖਿਆਵਾਂ ਲਈ ਦੂਜਾ ਨਤੀਜਾ ਘੋਸ਼ਿਤ ਕੀਤਾ

ਪੰਜਾਬੀ ਯੂਨੀਵਰਸਿਟੀ ਦੀ ਪ੍ਰੀਖਿਆ ਸ਼ਾਖਾ ਨੇ ਪ੍ਰੀਖਿਆਵਾਂ ਪੂਰੀਆਂ ਹੋਣ ਦੇ ਸਿਰਫ਼ 10 ਦਿਨਾਂ ਦੇ ਅੰਦਰ ਦਸੰਬਰ 2023 ਦੀਆਂ ਪ੍ਰੀਖਿਆਵਾਂ ਲਈ ਦੂਜਾ ਨਤੀਜਾ ਘੋਸ਼ਿਤ ਕੀਤਾ
ਪਟਿਆਲਾ-ਪੰਜਾਬੀ ਯੂਨੀਵਰਸਿਟੀ ਦੀ ਪ੍ਰੀਖਿਆ ਸ਼ਾਖਾ ਦੇ ਕੰਮ ਵਿੱਚ ਲਗਾਤਾਰ ਤੇਜ਼ੀ ਆ ਰਹੀ ਹੈ। ਯੂਨੀਵਰਸਿਟੀ ਦੀ ਪ੍ਰੀਖਿਆ ਸ਼ਾਖਾ ਨੇ ਪੰਜ ਸਾਲਾ ਏਕੀਕ੍ਰਿਤ ਕੋਰਸ ਭੌਤਿਕ ਵਿਗਿਆਨ (ਆਨਰਜ਼ ਸਕੂਲ ਸਿਸਟਮ) ਵਿੱਚ ਐੱਮ.ਐੱਸ.ਸੀ. ਪ੍ਰੋਗਰਾਮ ਨੌਵੇਂ ਸਮੈਸਟਰ ਦੀਆਂ ਅੰਤਮ ਪ੍ਰੀਖਿਆਵਾਂ ਸ਼ੁਰੂ ਹੋਣ ਤੋਂ ਲਗਭਗ 10 ਦਿਨਾਂ ਦੇ ਅੰਦਰ ਨਤੀਜਾ ਐਲਾਨ ਦਿੱਤਾ ਹੈ।
ਕੰਟਰੋਲਰ ਪ੍ਰੀਖਿਆਵਾਂ ਪ੍ਰੋ. ਵਿਸ਼ਾਲ ਗੋਇਲ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਮੁਖੀਆਂ ਅਤੇ ਅਧਿਆਪਕਾਂ ਦਾ ਵਿਸ਼ੇਸ਼ ਤੌਰ ਉੱਤੇ ਧੰਨਵਾਦ ਕੀਤਾ ਜਿਨ੍ਹਾਂ ਨੇ ਉੱਤਰ ਪੱਤਰੀਆਂ ਦਾ ਮੁਲਾਂਕਣ ਸਮੇਂ ਸਿਰ ਕਰਨ ਵਿੱਚ ਸਹਿਯੋਗ ਦਿੱਤਾ। ਉਨ੍ਹਾਂ ਕਿਹਾ ਕਿ ਪ੍ਰੀਖਿਆ ਸ਼ਾਖਾ ਨੇ ਮੁਲਾਂਕਣ ਮੁਕੰਮਲ ਹੋਣ ਤੋਂ ਤੁਰੰਤ ਬਾਅਦ ਨਤੀਜਾ ਘੋਸ਼ਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪ੍ਰੀਖਿਆ ਸ਼ਾਖਾ ਵਿਖੇ ਕਾਰਜਸ਼ੀਲ ਦਲਬੀਰ ਸਿੰਘ ਦੀ ਅਗਵਾਈ ਵਾਲੀ ਆਈ.ਟੀ ਟੀਮ ਪ੍ਰੀਖਿਆ ਸ਼ਾਖਾ ਦੇ ਵੱਖ-ਵੱਖ ਮੌਡਿਊਲਾਂ ਨੂੰ ਆਟੋਮੇਟ ਕਰਨ ਭਾਵ ਸਵੈਚਾਲਤ ਤਰੀਕੇ ਨਾਲ਼ ਕੰਮ ਕਰਨ ਦੇ ਸਮਰੱਥ ਬਣਾਉਣ ਹਿਤ ਸਖ਼ਤ ਮਿਹਨਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਦਿਗਵੀਰ ਸਿੰਘ ਨਾਗਰਾ, ਨਿਗਰਾਨ, ਕੰਪਿਊਟਰ ਲੈਬ ਕੁਸ਼ਲਤਾ ਸਹਿਤ ਵਿਚਰਦਿਆਂ ਨਤੀਜੇ ਘੋਸ਼ਿਤ ਕਰਨ ਲਈ ਵਿਦਿਆਰਥੀਆਂ ਦੀ ਮਦਦ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਹਨ ਅਤੇ ਜਦੋਂ ਵੀ ਉੱਤਰ ਪੱਤਰੀਆਂ ਦੇ ਮੁਲਾਂਕਣ ਉਪਰੰਤ ਉਨ੍ਹਾਂ ਕੋਲ਼ ਸਾਰੀ ਜਾਣਕਾਰੀ ਉਪਲਬਧ ਹੁੰਦੀ ਹੈ ਤਾਂ ਉਹ ਤੁਰੰਤ ਨਤੀਜਾ ਘੋਸ਼ਿਤ ਕਰ ਦਿੰਦੇ ਹਨ।
ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਇੱਕ ਵਾਰ ਫਿਰ ਪ੍ਰੀਖਿਆ ਸ਼ਾਖਾ ਦੀ ਟੀਮ ਨੂੰ ਸ਼ਾਖਾ ਦੇ ਕੰਮ ਨੂੰ ਹੋਰ ਕੁਸ਼ਲ ਬਣਾਉਣ ਲਈ ਕੀਤੇ ਜਾ ਰਹੇ ਸਖ਼ਤ ਯਤਨਾਂ ਲਈ ਵਧਾਈ ਦਿੱਤੀ। ਉਨ੍ਹਾਂ ਉਮੀਦ ਪ੍ਰਗਟਾਈ ਕਿ ਜਲਦੀ ਹੀ ਜ਼ਿਆਦਾਤਰ ਪ੍ਰੀਖਿਆ ਸ਼ਾਖਾ ਦਾ ਮੁਕੰਮਲ ਕੰਪਿਊਟਰੀਕਰਨ ਹੋ ਜਾਵੇਗਾ।
