ਅਵਾਰਾ ਕੁਤਿਆਂ ਨੇ ਕੀਤਾ ਚਾਰ ਦੇ ਬੱਚੇ ਉਪਰ ਹਮਲਾ, ਕੀਤਾ ਬੁਰੀ ਤਰ੍ਹਾਂ ਜਖਮੀ

ਅਵਾਰਾ ਕੁਤਿਆਂ ਨੇ ਕੀਤਾ ਚਾਰ ਦੇ ਬੱਚੇ ਉਪਰ ਹਮਲਾ, ਕੀਤਾ ਬੁਰੀ ਤਰ੍ਹਾਂ ਜਖਮੀ
ਚੰਡੀਗੜ੍ਰ : ਜ਼ੀਰਕਪੁਰ ਦੇ ਭਬਾਤ ਇਲਾਕੇ ਦੀ ਮੰਨਤ ਐਨਕਲੇਵ ਫੇਜ਼-2 ਕਲੋਨੀ ਵਿੱਚ ਆਵਾਰਾ ਕੁੱਤਿਆਂ ਨੇ ਹਮਲਾ ਕਰਕੇ ਚਾਰ ਸਾਲ ਦੇ ਮਾਸੂਮ ਬੱਚੇ ਦੇ ਗੁਪਤ ਅੰਗਾਂ ਨੂੰ ਬੁਰੀ ਤਰ੍ਹਾਂ ਨਾਲ ਨੋਚ ਦਿੱਤਾ। ਗੰਭੀਰ ਹਾਲਤ ‘ਚ ਬੱਚੇ ਨੂੰ ਜ਼ੀਰਕਪੁਰ ਦੇ ਇੱਕ ਨਿੱਜੀ ਹਸਪਤਾਲ ‘ਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਬੱਚੇ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਚੰਡੀਗੜ੍ਹ ਸੈਕਟਰ-16 ਦੇ ਸਰਕਾਰੀ ਹਸਪਤਾਲ ‘ਚ ਰੈਫਰ ਕਰ ਦਿੱਤਾ, ਪਰ ਬਾਅਦ ਬੱਚੇ ਨੂੰ ਉੱਥੋ ਪੀਜੀਆਈ ਰੈਫਰ ਕਰ ਦਿੱਤਾ ਗਿਆ। ਪੀਜੀਆਈ ਵਿੱਚ ਇਲਾਜ ਤੋਂ ਬਾਅਦ ਬੱਚੇ ਨੂੰ ਘਰ ਭੇਜ ਦਿੱਤਾ ਗਿਆ ਹੈ। 15 ਦਸੰਬਰ ਨੂੰ ਬੱਚੇ ਦਾ ਆਪਰੇਸ਼ਨ ਕੀਤਾ ਜਾਵੇਗਾ।
ਇਹ ਘਟਨਾ 5 ਦਸੰਬਰ ਦੀ ਸ਼ਾਮ ਦੀ ਦੱਸੀ ਜਾਂਦੀ ਹੈ ਪਰ ਸੂਚਨਾ ਮਿਲਣ ਤੋਂ ਬਾਅਦ ਕਲੋਨੀ ਵਾਸੀਆਂ ਵਿੱਚ ਭਾਰੀ ਰੋਸ ਹੈ ਕਿਉਂਕਿ ਕਲੋਨੀ ਵਿੱਚ ਅਵਾਰਾ ਕੁੱਤਿਆਂ ਦੀ ਭਰਮਾਰ ਹੈ। ਲੋਕਾਂ ਦਾ ਦੋਸ਼ ਹੈ ਕਿ ਉਨ੍ਹਾਂ ਨੇ ਆਪਣੇ ਵਾਰਡ ਦੇ ਕੌਂਸਲਰ ਸਮੇਤ ਜ਼ੀਰਕਪੁਰ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਕਲੋਨੀ ਵਿੱਚ ਘੁੰਮਦੇ ਅਵਾਰਾ ਕੁੱਤਿਆਂ ਬਾਰੇ ਜਾਣੂ ਕਰਵਾਇਆ ਸੀ ਪਰ ਕੋਈ ਧਿਆਨ ਨਹੀਂ ਦਿੱਤਾ ਗਿਆ।
ਕੁੱਤੇ ਹੁਣ ਮਾਸੂਮ ਬੱਚਿਆਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ। ਪੀੜਤ ਬੱਚੇ ਦੇ ਪਰਿਵਾਰ ਨੇ ਨਗਰ ਕੌਂਸਲ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਹੈ। ਦੱਸ ਦੇਈਏ ਕਿ ਇਸ ਬਸਤੀ ਵਿੱਚ ਪਿਛਲੇ ਦੋ ਦਿਨਾਂ ਵਿੱਚ ਕੁੱਤਿਆਂ ਨੇ 24 ਦੇ ਕਰੀਬ ਲੋਕਾਂ ਨੂੰ ਵੱਢ ਕੇ ਜ਼ਖ਼ਮੀ ਕਰ ਦਿੱਤਾ ਹੈ। ਲੋਕਾਂ ਨੇ ਇਸ ਸਬੰਧੀ ਨਗਰ ਕੌਂਸਲ ਪ੍ਰਸ਼ਾਸਨ ਨੂੰ ਜਾਣੂ ਕਰਵਾ ਕੇ ਸਮੱਸਿਆ ਦੇ ਹੱਲ ਦੀ ਮੰਗ ਕੀਤੀ ਹੈ।
