ਨੌਵੇਂ ਪਾਤਸ਼ਾਹ ਦੇ ਸ਼ਹੀਦੀ ਪੁਰਬ ਮੌਕੇ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਵੱਡੀ ਗਿਣਤੀ ’ਚ ਨਤਮਸਤਕ

ਦੁਆਰਾ: Punjab Bani ਪ੍ਰਕਾਸ਼ਿਤ :Sunday, 17 December, 2023, 07:50 PM

ਨੌਵੇਂ ਪਾਤਸ਼ਾਹ ਦੇ ਸ਼ਹੀਦੀ ਪੁਰਬ ਮੌਕੇ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਵੱਡੀ ਗਿਣਤੀ ’ਚ ਨਤਮਸਤਕ
ਪੰਚਮੀ ਦੇ ਪਵਿੱਤਰ ਦਿਹਾੜੇ ’ਤੇ ਸੰਗਤਾਂ ਨੇ ਪਵਿੱਤਰ ਸਰੋਵਰ ’ਚ ਲਗਾਈ ਆਸਥਾਨ ਦੀ ਡੁੱਬਕੀ
ਧਰਮ, ਜਾਤ, ਨਸਲ ਤੋਂ ਉਪਰ ਉਠ ਕੇ ਨੌਵੇਂ ਪਾਤਸ਼ਾਹ ਨੇ ਦਿੱਤੀ ਲਾਸਾਨੀ ਸ਼ਹਾਦਤ : ਪ੍ਰੋ. ਬਡੂੰਗਰ
ਪਟਿਆਲਾ 17 ਦਸੰਬਰ ()
ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਗੁਰਪੁਰਬ ਮੌਕੇ ਅੱਜ ਗੁਰੂ ਸਾਹਿਬ ਦੇ ਚਰਨਛੋਹ ਅਸਥਾਨ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਨਤਮਸਤਕ ਹੋਈਆਂ, ਜਿਥੇ ਸੰਗਤਾਂ ਨੇ ਗੁਰਪੁਰਬ ਨੂੰ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਮਨਾਇਆ, ਉਥੇ ਹੀ ਪੰਚਮੀ ਦੇ ਦਿਹਾੜੇ ਮੌਕੇ ਸੰਗਤਾਂ ਨੇ ਗੁਰੂ ਦਰਬਾਰ ਵਿਚ ਸੀਸ ਨਿਵਾਇਆ ਅਤੇ ਪਵਿੱਤਰ ਸਰੋਵਰ ’ਚ ਆਸਥਾ ਦੀ ਡੁੱਬਕੀ ਲਗਾਈ। ਤੜਕ ਸਵੇਰੇ ਹੈਡ ਗ੍ਰੰਥੀ ਭਾਈ ਪ੍ਰਨਾਮ ਸਿੰਘ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਮੌਕੇ ਸ਼ਹੀਦੀ ਜੋੜ ਮੇਲ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।
ਸ਼ਹੀਦੀ ਗੁਰਪੁਰਬ ਮੌਕੇ ਆਯੋਜਿਤ ਧਾਰਮਕ ਦੀਵਾਨਾਂ ਵਿਚ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਅੰਤਿ੍ਰੰਗ ਕਮੇਟੀ ਜਥੇਦਾਰ ਜਸਮੇਰ ਸਿੰਘ ਲਾਛੜੂ, ਮੈਂਬਰ ਬੀਬੀ ਹਰਦੀਪ ਕੌਰ ਖੋਖ, ਜਥੇਦਾਰ ਜਰਨੈਲ ਸਿੰਘ ਕਰਤਾਰਪੁਰ, ਸ਼ੋ੍ਰਮਣੀ ਕਮੇਟੀ ਮੈਂਬਰ ਕੁਲਦੀਪ ਸਿੰਘ ਨੱਸਪੂਰ, ਜਥੇਦਾਰ ਸਤਵਿੰਦਰ ਸਿੰਘ ਟੌਹੜਾ ਉਚੇਚੇ ਤੌਰ ’ਤੇ ਪੁੱਜੇ ਹੋਏ ਸਨ। ਦੀਵਾਨਾਂ ਵਿਚ ਢਾਡੀ ਅਤੇ ਕਵੀਸ਼ਰੀ ਜੱਥਿਆਂ ਨੇ ਗੁਰੂ ਸਾਹਿਬ ਦੀ ਸ਼ਹੀਦੀ ਨੂੰ ਸਮਰਪਿਤ ਗੁਰਬਾਣੀ ਇਤਿਹਾਸ ਨਾਲ ਸੰਗਤਾਂ ਨੂੰ ਜੋੜਨ ਦਾ ਉਪਰਾਲਾ ਕੀਤਾ। ਇਸ ਮੌਕੇ ਢਾਡੀ ਜੱਥਿਆਂ ਵਿਚ ਭਾਈ ਬਲਦੇਵ ਸਿੰਘ ਲੌਂਗੋਵਾਲ, ਭਾਈ ਲਖਵਿੰਦਰ ਸਿੰਘ ਬੀ.ਏ., ਭਾਈ ਜੁਗਰਾਜ ਸਿੰਘ ਖੀਵਾ, ਭਾਈ ਅਮਰਜੀਤ ਸਿੰਘ ਅੰਬਾਲਾ, ਭਾਈ ਗੁਰਪਿਆਰ ਸਿੰਘ ਜੌਹਰ ਨੇ ਸੰਗਤਾਂ ਨੂੰ ਸਿੱਖ ਕੌਮ ਦੇ ਮਾਣਮੱਤਾ ਇਤਿਹਾਸ ਨਾਲ ਜੋੜਿਆ। ਇਸ ਮੌਕੇ ਦੀਵਾਨਾਂ ਵਿਚ ਸਜੀ ਸੰਗਤ ਨੂੰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਦਰਜ ਗੁਰਬਾਣੀ ਦੀ ਰੌਸ਼ਨੀ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਦੁਨੀਆ ਵਿਚ ਇਤਿਹਾਸ ਅੰਦਰ ਨੌਵੇਂ ਪਾਤਸ਼ਾਹ ਨੇ ਆਪਣਾ ਬਲਿਦਾਨ ਦੂਜੇ ਧਰਮ ਲਈ ਦਿੱਤਾ। ਗੁਰੂ ਸਾਹਿਬ ਜੀ ਵਲੋਂ ਧਰਮ, ਜਾਤ ਨਸਲ ਤੋਂ ਉਪਰ ਉਠ ਕੇ ਆਪਣੀ ਲਾਸਾਨੀ ਸ਼ਹਾਦਤ ਦਿੱਤੀ, ਜੋ ਇਤਿਹਾਸ ਅੰਦਰ ਮਾਨਵੀ ਹੱਕਾਂ ਲਈ ਵੱਡੀ ਮਿਸਾਲ ਪੇਸ਼ ਕਰਦੀ ਹੈ। ਪ੍ਰੋ. ਬਡੂੰਗਰ ਨੇ ਕਿਹਾ ਕਿ ਅੱਜ ਲੋੜ ਹੈ ਕਿ ਗੁਰੂ ਸਾਹਿਬ ਦੀ ਗੁਰਬਾਣੀ ਨੂੰ ਆਪਣੇ ਮਨ ਹਿਰਦੇ ਵਿਚ ਧਾਰਨੀ ਕਰੀਏ ਅਤੇ ਆਪਣਾ ਆਪ ਸ਼ਬਦ ਨੂੰ ਸਮਰਪਿਤ ਕਰਦੇ ਹੋਏ ਆਪਣਾ ਜੀਵਨ ਨੂੰ ਸਫਲ ਬਣਾਉਣ ਲਈ ਯਤਨਸ਼ੀਲ ਹੋਈਏ। ਇਸ ਮੌਕੇ ਜਥੇਦਾਰ ਬਲਤੇਜ ਸਿੰਘ ਖੋਖ ਨੇ ਪੁੱਜੀਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਗੁਰੂ ਸਾਹਿਬ ਵੱਲੋਂ ਦਰਸਾਏ ਮਾਰਗ ’ਤੇ ਚੱਲਣ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੈਨੇਜਰ ਕਰਨੈਲ ਸਿੰਘ ਵਿਰਕ, ਮੀਤ ਮੈਨੇਜਰ ਜਰਨੈਲ ਸਿੰਘ ਮਕਰੌੜ ਸਾਹਿਬ, ਭਾਗ ਸਿੰਘ ਚੌਹਾਨ, ਮਨਦੀਪ ਸਿੰਘ ਭਲਵਾਨ, ਪ੍ਰਚਾਰਕ ਪਰਵਿੰਦਰ ਸਿੰਘ ਬਰਾੜਾ, ਜਸਵੀਰ ਸਿੰਘ, ਪਰਵਿੰਦਰ ਸਿੰਘ ਰਿਓਂਦ, ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਰਾਜਲਾ, ਚੀਫ ਸਬ ਬਲਰਾਜ ਸਿੰਘ, ਮਨਪ੍ਰੀਤ ਸਿੰਘ ਭਲਵਾਨ, ਗੁਰਤੇਜ ਸਿੰਘ, ਸਰਬਜੀਤ ਸਿੰਘ, ਹਰਵਿੰਦਰ ਸਿੰਘ ਕਾਹਲਵਾਂ, ਕਰਮ ਸਿੰਘ, ਮਨਦੀਪ ਸਿੰਘ ਆਦਿ ਤੋਂ ਇਲਾਵਾ ਸ਼ੋ੍ਰਮਣੀ ਕਮੇਟੀ ਦੇ ਅਧਿਕਾਰੀ ਤੇ ਸਟਾਫ ਮੈਂਬਰ ਆਦਿ ਸ਼ਾਮਲ ਸਨ।

(ਡੱਬੀ )
ਗੁਰਮਤਿ ਸਮਾਗਮ ਦੌਰਾਨ ਆਯੋਜਿਤ ਕੀਤਾ ਗਿਆ ਕਵੀ ਦਰਬਾਰ
ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਵਿਖੇ ਕਰਵਾਏ ਗਏ ਗੁਰਮਤਿ ਸਮਾਗਮ ਦੌਰਾਨ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪ੍ਰਸਿੱਧ ਕਵੀਆਂ ’ਚ ਭਾਈ ਬਲਬੀਰ ਸਿੰਘ ਬੱਲ,ਭਾਈ ਹਰਨੇਕ ਸਿੰਘ ਵਡਾਲੀ, ਭਾਈ ਅਵਤਾਰ ਸਿੰਘ ਤਾਰੀ, ਭਾਈ ਬਲਬੀਰ ਸਿੰਘ ਕੋਮਲ, ਬੀਬੀ ਗੁਰਮੀਤ ਕੌਰ ਪਾਉਂਟਾ ਸਾਹਿਬ, ਬੀਬੀ ਅਮਨਦੀਪ ਕੌਰ ਪਾਉਂਟਾ ਸਾਹਿਬ, ਭਾਈ ਹਰਵਿੰਦਰਪਾਲ ਸਿੰਘ ਵਿੰਟੀ, ਭਾਈ ਅਜੀਤ ਸਿੰਘ ਰਤਨ, ਭਾਈ ਗੁਰਦੀਪ ਸਿੰਘ ਭੈਣੀ ਜੱਸਾ, ਬੀਬੀ ਮਨਜੀਤ ਕੌਰ ਪਹੁਵਿੰਡ,ਬੀਬੀ ਪਰਵਿੰਦਰ ਕੌਰ, ਕਵੀ ਹੀਰਾ ਸਿੰਘ ਕੋਮਲ ਆਦਿ ਨੇ ਆਪਣੀਆਂ ਰਚਨਾਵਾਂ ਵਿਚ ਨੌਵੇਂ ਪਾਤਸ਼ਾਹ ਬਾਰੇ ਉਸਤਤ ਕਰਦਿਆਂ ਸੰਗਤਾਂ ਨੂੰ ਇਤਿਹਾਸ ਨਾਲ ਜੋੜਨ ਦਾ ਉਪਰਾਲਾ ਕੀਤਾ।

(ਡੱਬੀ)
ਸ਼ਹੀਦੀ ਜੋੜ ਮੋਲ ਮੌਕੇ 24 ਪ੍ਰਾਣੀਆਂ ਨੇ ਲਈ ਅੰਮਿ੍ਰਤ ਦੀ ਦਾਤ
ਨੌਵੇਂ ਪਾਤਸ਼ਾਹ ਦੇ ਸ਼ਹੀਦੀ ਜੋੜ ਮੇਲ ਮੌਕੇ ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਵਿਖੇ ਅੰਮਿ੍ਰਤ ਸੰਚਾਰ ਕਰਵਾਇਆ ਗਿਆ। ਇਸ ਮੌਕੇ ਪੰਜ ਪਿਆਰਿਆਂ ਪਾਸੋਂ 24 ਦੇ ਕਰੀਬ ਅੰਮਿ੍ਰਤ ਅਭਿਲਾਖੀਆਂ ਨੇ ਖੰਡੇ ਬਾਟੇ ਦੀ ਪਾਹੁਲ ਪ੍ਰਾਪਤ ਕੀਤੀ। ਇਸ ਮੌਕੇ ਹੈਡ ਗ੍ਰੰਥੀ ਭਾਈ ਪ੍ਰਨਾਮ ਸਿੰਘ ਨੇ ਅੰਮਿ੍ਰਤ ਦੀ ਦਾਤ ਪ੍ਰਾਪਤ ਕਰਨ ਵਾਲਿਆਂ ਨੂੰ ਰਹਿਤ ਮਰਿਆਦਾ ਵਿਚ ਰਹਿਣ ਅਤੇ ਨਾਮ ਸਿਮਰਨ ਨੂੰ ਆਪਣੇ ਜੀਵਨ ਵਿਚ ਲੜ ਲੱਗਣ ਲਈ ਪ੍ਰੇਰਿਆ।



Scroll to Top