ਅਮਰੀਕਾ ਤੋ 28 ਵਿਦਿਆਰਥੀ ਕੀਤੇ ਗਏ ਡਿਪੋਰਟ

ਦੁਆਰਾ: Punjab Bani ਪ੍ਰਕਾਸ਼ਿਤ :Saturday, 16 December, 2023, 04:07 PM

ਅਮਰੀਕਾ ਤੋ 28 ਵਿਦਿਆਰਥੀ ਕੀਤੇ ਗਏ ਡਿਪੋਰਟ
ਨਵੀਂ ਦਿੱਲੀ : ਇਸ ਸਾਲ 28 ਭਾਰਤੀ ਵਿਦਿਆਰਥੀਆਂ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ। ਸ਼ੁੱਕਰਵਾਰ ਨੂੰ ਲੋਕ ਸਭਾ ‘ਚ ਵਿਦੇਸ਼ ਰਾਜ ਮੰਤਰੀ ਵੀ. ਮੁਰਲੀਧਰਨ ਨੇ ਦੱਸਿਆ ਕਿ ਉਹ ਅਮਰੀਕੀ ਸਰਕਾਰ ਦੇ ਇਸ ਰਵੱਈਏ ਤੋਂ ਲਗਾਤਾਰ ਪਰੇਸ਼ਾਨ ਹਨ। ਵੀ. ਮੁਰਲੀਧਰਨ ਨੇ ਕਿਹਾ ਕਿ ਮੰਤਰਾਲੇ ਨਾਲ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ 2023 ‘ਚ 28 ਵਿਦਿਆਰਥੀਆਂ ਨੂੰ ਅਮਰੀਕਾ ਤੋਂ ਭਾਰਤ ਵਾਪਸ ਭੇਜਿਆ ਗਿਆ। ਵਿਦੇਸ਼ ਮੰਤਰਾਲਾ ਇਸ ਸਮੱਸਿਆ ਨੂੰ ਲੈ ਕੇ ਅਮਰੀਕੀ ਪ੍ਰਸ਼ਾਸਨ ਨੂੰ ਲਗਾਤਾਰ ਚਿੰਤਾ ਜ਼ਾਹਰ ਕਰ ਰਿਹਾ ਹੈ। ਨਾਲ ਹੀ ਵੈਲਿਡ ਸਟੂਡੈਂਟ ਵੀਜ਼ਾ ਰਾਹੀਂ ਭਾਰਤੀ ਵਿਦਿਆਰਥੀਆਂ ਦੇ ਦਾਖਲੇ ਨੂੰ ਹੋਰ ਨਿਰਪੱਖ ਬਣਾਉਣ ਲਈ ਵੀ ਬੇਨਤੀ ਕੀਤੀ।
ਵੀ. ਮੁਰਲੀਧਰਨ ਨੇ ਇਹ ਵੀ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਵਿਦਿਆਰਥੀਆਂ ਸਮੇਤ ਕਈ ਭਾਰਤੀ ਨਾਗਰਿਕਾਂ ਨੂੰ ਕੈਨੇਡਾ ਤੋਂ ਕੱਢਿਆ ਜਾ ਰਿਹਾ ਹੈ। ਕਥਿਤ ਤੌਰ ‘ਤੇ ਇਨ੍ਹਾਂ ਭਾਰਤੀਆਂ ‘ਤੇ ਕੈਨੇਡਾ ਦੇ ਕਈ ਵਿੱਦਿਅਕ ਅਦਾਰਿਆਂ ‘ਚ ਦਾਖਲੇ ਲਈ ਫਰਜ਼ੀ ਪੱਤਰ ਦਾਖਲ ਕਰਨ ਦਾ ਦੋਸ਼ ਹੈ। ਬਾਅਦ ‘ਚ ਇਹ ਵੀ ਸਾਹਮਣੇ ਆਇਆ ਕਿ ਕਈ ਵਿਦਿਆਰਥੀ ਭਾਰਤ ਤੋਂ ਝੂਠੇ ਤੇ ਬੇਈਮਾਨ ਏਜੰਟਾਂ ਵੱਲੋਂ ਭੇਜੇ ਗਏ ਸਨ। ਇਨ੍ਹਾਂ ਘਟਨਾਵਾਂ ‘ਤੇ ਤੁਰੰਤ ਕਾਰਵਾਈ ਕਰਦੇ ਹੋਏ ਮੰਤਰਾਲੇ ਨੇ ਪੰਜਾਬ ਸਰਕਾਰ ਨੂੰ ਅਜਿਹੇ ਮਾਮਲਿਆਂ ‘ਚ ਸ਼ਾਮਲ ਏਜੰਟਾਂ ਅਤੇ ਸੰਸਥਾਵਾਂ ਦੀ ਪੂਰੀ ਤਰ੍ਹਾਂ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ।