ਸੰਮੀ ਅਤੇ ਮਲਵਈ ਗਿੱਧੇ ਨਾਲ਼ ਲੱਗੀਆਂ ਪੰਜਾਬੀ ਯੂਨੀਵਰਿਸਟੀ ਵਿੱਚ ਰੌਣਕਾਂ
ਸੰਮੀ ਅਤੇ ਮਲਵਈ ਗਿੱਧੇ ਨਾਲ਼ ਲੱਗੀਆਂ ਪੰਜਾਬੀ ਯੂਨੀਵਰਿਸਟੀ ਵਿੱਚ ਰੌਣਕਾਂ
-ਅੰਤਰ ਖੇਤਰੀ ਯੁਵਕ ਅਤੇ ਲੋਕ ਮੇਲੇ ਦਾ ਦੂਜਾ ਦਿਨ ਸਫਲਤਾਪੂਰਵਕ ਨੇਪਰੇ ਚੜ੍ਹਿਆ
ਪਟਿਆਲਾ- ਪੰਜਾਬੀ ਯੂਨੀਵਰਸਿਟੀ ਵਿਖੇ ਚੱਲ ਰਹੇ ਅੰਤਰ ਖੇਤਰੀ ਯੁਵਕ ਅਤੇ ਲੋਕ ਮੇਲੇ ਦੇ ਦੂਜੇ ਦਿਨ ਗੁਰੂ ਤੇਗ ਬਹਾਦਰ ਹਾਲ ਦੀ ਸਟੇਜ ਉੱਤੇ ਲੋਕ ਨਾਚ ਸੰਮੀ ਅਤੇ ਮਲਵਈ ਗਿੱਧੇ ਦੀਆਂ ਪੇਸ਼ਕਾਰੀਆਂ ਨੇ ਖ਼ੂਬ ਰੌਣਕਾਂ ਲਗਾਈਆਂ। ਯੁਵਕ ਭਲਾਈ ਵਿਭਾਗ ਦੇ ਇੰਚਾਰਜ ਡਾ. ਗਗਨਦੀਪ ਥਾਪਾ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੁੱਖ ਸਟੇਜ ਦੇ ਸਮਾਨਾਂਤਰ ਕੈਂਪਸ ਵਿੱਚ ਵੱਖ-ਵੱਖ ਥਾਵਾਂ ਉੱਤੇ ਪੱਛਮੀ ਸਾਜ਼ (ਏਕਲ), ਪੱਛਮੀ ਗਾਇਨ (ਏਕਲ), ਪੱਛਮੀ ਸਮੂਹ ਗਾਇਨ, ਨੁੱਕੜ ਨਾਟਕ, ਭੰਡ, ਪੰਜਾਬੀ ਲੋਕਧਾਰਾ ਅਤੇ ਸੱਭਿਆਚਾਰਕ ਅਧਾਰਿਤ ਲਘੂ ਫਿਲਮ, ਰੰਗੋਲੀ, ਕਲੇਅ ਮਾਡਲਿੰਗ, ਮੌਕੇ `ਤੇ ਚਿੱਤਰਕਾਰੀ, ਫ਼ੋਟੋਗਰਾਫ਼ੀ, ਪੋਸਟਰ ਮੇਕਿੰਗ, ਕਾਰਟੂਨਿੰਗ, ਕੋਲਾਜ ਸਿਰਜਣਾ, ਇੰਸਟਾਲੇਸ਼ਨ ਆਦਿ ਦੇ ਮੁਕਾਬਲੇ ਵੀ ਰੌਚਿਕ ਰਹੇ।
ਉਨ੍ਹਾਂ ਦੱਸਿਆ ਕਿ ਤੀਜੇ ਦਿਨ ਹੋਣ ਵਾਲ਼ੇ ਮੁਕਾਬਲਿਆਂ ਵਿੱਚ ਇਕਾਂਗੀ,ਮਿਮਿਕਰੀ, ਲੋਕ ਗੀਤ, ਲੋਕ ਸਾਜ਼, ਫੋਕ ਆਰਕੈਸਟਰਾ ਆਦਿ ਕਲਾ ਵੰਨਗੀਆਂ ਸ਼ਾਮਿਲ ਹਨ।
ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਕਿਹਾ ਕਿ ਇਹ ਮੇਲੇ ਵਿਦਿਆਰਥੀਆਂ ਦੇ ਸ਼ਖ਼ਸੀਅਤ ਨਿਰਮਾਣ ਵਿੱਚ ਵਿਸ਼ੇਸ਼ ਮਹੱਤਵ ਰਖਦੇ ਹਨ। ਵੱਖ-ਵੱਖ ਕਲਾ ਵੰਨਗੀਆਂ ਦੇ ਮੁਕਾਬਲਿਆਂ ਵਿੱਚ ਭਾਗ ਲੈ ਕੇ ਨੌਜਵਾਨਾਂ ਵਿੱਚ ਆਪਣੇ ਆਪ ਨੂੰ ਪ੍ਰਗਟਾ ਸਕਣ ਦੀ ਸਮਰਥਾ ਵਿੱਚ ਵਾਧਾ ਹੁੰਦਾ ਹੈ।
ਦੂਜੇ ਦਿਨ ਦੇ ਆਖਰੀ ਸੈਸ਼ਨ ਵਿੱਚ ਡਾਇਰੈਕਟਰ ਕਾਂਸਟੀਚਿਊਟ ਕਾਲਜ ਡਾ. ਮੁਕੇਸ਼ ਕੁਮਾਰ ਠੱਕਰ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ।
ਲੋਕ ਨਾਚ ਸੰਮੀ ਵਿੱਚੋਂ ਪਹਿਲਾ ਸਥਾਨ ਪੰਜਾਬੀ ਯੂਨੀਵਰਸਿਟੀ ਕੈਂਪਸ, ਦੂਜਾ ਸਥਾਨ ਮਾਤਾ ਗੁਜਰੀ ਕਾਲਜ, ਫਤਹਿਗੜ੍ਹ ਸਾਹਿਬ ਅਤੇ ਤੀਜਾ ਸਥਾਨ ਰਾਜਿੰਦਰਾ ਕਾਲਜ ਬਠਿੰਡਾ ਨੇ ਪ੍ਰਾਪਤ ਕੀਤਾ। ਮਲਵਈ ਗਿੱਧੇ ਵਿੱਚ ਪਹਿਲਾ ਸਥਾਨ ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ ਕੋਟਕਪੂਰਾ, ਦੂਜਾ ਸਥਾਨ ਪੰਜਾਬੀ ਯੂਨੀਵਰਸਿਟੀ ਕੈਂਪਸ ਅਤੇ ਤੀਜਾ ਸਥਾਨ ਮਾਤਾ ਗੁਜਰੀ ਕਾਲਜ, ਫਤਹਿਗੜ੍ਹ ਸਾਹਿਬ ਨੇ ਪ੍ਰਾਪਤ ਕੀਤਾ।
ਵਰਨਣਯੋਗ ਹੈ ਕਿ ਪਹਿਲੇ ਦਿਨ ਹੋਏ ਭੰਗੜੇ ਦੇ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਅਨੰਦਪੁਰ ਸਾਹਿਬ, ਦੂਜਾ ਸਥਾਨ ਡੀ. ਏ. ਵੀ. ਕਾਲਜ ਬਠਿੰਡਾ ਅਤੇ ਤੀਜਾ ਸਥਾਨ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਨੇ ਪ੍ਰਾਪਤ ਕੀਤਾ। ‘ਸਰਵੋਤਮ ਭੰਗੜਚੀ’ ਦਾ ਐਵਾਰਡ ਪੰਜਾਬੀ ਯੂਨੀਵਰਸਿਟੀ ਕੈਂਪਸ ਦੇ ਪਵਨਜੀਤ ਨੇ ਜਿੱਤਿਆ। ਇਸੇ ਤਰ੍ਹਾਂ ਸਕਿੱਟ ਵਿੱਚੋਂ ਪਹਿਲਾ ਸਥਾਨ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਅਨੰਦਪੁਰ ਸਾਹਿਬ, ਦੂਜਾ ਸਥਾਨ ਸੰਤ ਬਾਬਾ ਅਤਰ ਸਿੰਘ ਖਾਲਸਾ ਕਾਲਜ ਸੰਦੌੜ ਅਤੇ ਤੀਜਾ ਸਥਾਨ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਨੇ ਪ੍ਰਾਪਤ ਕੀਤਾ। ਮਾਈਮ ਵਿੱਚੋਂ ਪਹਿਲਾ ਸਥਾਨ ਸਰਕਾਰੀ ਕਾਲਜ (ਲੜਕੀਆਂ) ਪਟਿਆਲਾ, ਦੂਜਾ ਸਥਾਨ ਸਰਕਾਰੀ ਕੀਰਤੀ ਕਾਲਜ ਨਿਆਲ ਪਾਤੜਾਂ ਅਤੇ ਤੀਜਾ ਸਥਾਨ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਨੇ ਪ੍ਰਾਪਤ ਕੀਤਾ।