ਦਿਲੀ ਪੁਲਿਸ ਨੇ ਅਰਸ਼ ਡੱਲਾ ਗੈਗ ਦੇ ਦੋ ਸ਼ਾਰਪਸ਼ੂਟਰਾਂ ਨੁੰ ਕੀਤਾ ਗ੍ਰਿਫ਼ਤਾਰ

ਦਿਲੀ ਪੁਲਿਸ ਨੇ ਅਰਸ਼ ਡੱਲਾ ਗੈਗ ਦੇ ਦੋ ਸ਼ਾਰਪਸ਼ੂਟਰਾਂ ਨੁੰ ਕੀਤਾ ਗ੍ਰਿਫ਼ਤਾਰ
ਨਵੀਂ ਦਿੱਲੀ, 27 ਨਵੰਬਰ- ਮੁਕਾਬਲੇ ਤੋਂ ਬਾਅਦ ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਨੇ ਕੌਮੀ ਰਾਜਧਾਨੀ ਵਿਚ ਗੈਂਗਸਟਰ ਤੋਂ ਅੰਤਰਰਾਸ਼ਟਰੀ ਅਤਿਵਾਦੀ ਬਣੇ ਅਤੇ ਕੈਨੇਡਾ ਸਥਿਤ ਅਰਸ਼ਦੀਪ ਸਿੰਘ ਉਰਫ਼ ਡੱਲਾ ਦੇ ਦੋ ਸ਼ਾਰਪਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਰਾਜਪ੍ਰੀਤ ਸਿੰਘ ਉਰਫ਼ ਰਾਜਾ ਉਰਫ਼ ਬੰਬ ਅਤੇ ਵਰਿੰਦਰ ਸਿੰਘ ਉਰਫ਼ ਵਿੰਮੀ ਦੋਵੇਂ ਵਾਸੀ ਪੰਜਾਬ ਵਜੋਂ ਹੋਈ ਹੈ। ਅੱਜ ਤੜਕੇ ਦੋਨਾਂ ਨੂੰ ਮਯੂਰ ਵਿਹਾਰ ਵਿੱਚ ਸਮਾਚਾਰ ਅਪਾਰਟਮੈਂਟ ਦੇ ਸਾਹਮਣੇ ਅਕਸ਼ਰਧਾਮ ਮੰਦਿਰ ਵੱਲ ਮੁੱਖ ਮਾਰਗ ਤੋਂ ਛੋਟੇ ਜਿਹੇ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ। ਮੁਕਾਬਲੇ ਦੌਰਾਨ ਮੁਲਜ਼ਮਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ, ਜਿਨ੍ਹਾਂ ਵਿੱਚੋਂ ਦੋ ਪੁਲੀਸ ਦੀ ਬੁਲੇਟ ਪਰੂਫ਼ ਜੈਕੇਟ ਵਿੱਚ ਲੱਗੇ। ਜਵਾਬੀ ਕਾਰਵਾਈ ਵਿਚ ਪੁਲਿਸ ਟੀਮ ਨੇ 6 ਗੋਲੀਆਂ ਚਲਾਈਆਂ। ਵਰਿੰਦਰ ਦੀ ਸੱਜੀ ਲੱਤ ’ਤੇ ਗੋਲੀ ਲੱਗੀ ਹੈ। ਘਟਨਾ ਤੋਂ ਬਾਅਦ ਦੋਵਾਂ ਨੂੰ ਇਲਾਜ ਲਈ ਐੱਲਬੀਐੱਸ ਹਸਪਤਾਲ ਭੇਜਿਆ ਗਿਆ ਅਤੇ ਬਾਅਦ ਵਿੱਚ ਮਾਮਲੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ। ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਰਿਵਾਲਵਰ .45 ਐੱਮਐੱਮ, 6 ਕਾਰਤੂਸ, .30 ਐੱਮਐੱਮ ਪਿਸਤੌਲ 7 ਕਾਰਤੂਸ, ਹੈਂਡ ਗਰਨੇਡ ਅਤੇ ਚੋਰੀ ਦਾ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਦੋਵਾਂ ਮੁਲਜ਼ਮਾਂ ਦੇ ਖੁਲਾਸੇ ਦੇ ਆਧਾਰ ‘ਤੇ ਉੱਤਰ ਪ੍ਰਦੇਸ਼ ਦੇ ਗੌਤਮ ਬੁੱਧ ਨਗਰ ’ਚ ਛਾਪੇਮਾਰੀ ਕੀਤੀ ਗਈ ਅਤੇ ਉਨ੍ਹਾਂ ਦੇ ਇਕ ਹੋਰ ਸਾਥੀ ਸਚਿਨ ਭਾਟੀ ਨੂੰ ਗ੍ਰਿਫਤਾਰ ਕੀਤਾ ਗਿਆ।
