ਜੇਤੂ ਰਹੀ ਬਾਸਕਟਬਾਲ ਟੀਮ ਦਾ ਸਕੂਲ ਪੁੱਜਣ ’ਤੇ ਭਰਵਾਂ ਸਵਾਗਤ

ਜੇਤੂ ਰਹੀ ਬਾਸਕਟਬਾਲ ਟੀਮ ਦਾ ਸਕੂਲ ਪੁੱਜਣ ’ਤੇ ਭਰਵਾਂ ਸਵਾਗਤ
– ਸਕੂਲ ਦੇ ਹੋਰ ਵਿਦਿਆਰਥੀ ਵੀ ਖੇਡਾਂ ’ਚ ਭਾਗ ਲੈਣ – ਪ੍ਰਿੰਸੀਪਲ ਵਿਜੈ ਕਪੂਰ
20 ਨਵੰਬਰ 2023, ਪਟਿਆਲਾ।
ਸਰਕਾਰੀ ਕੋ-ਐਡ ਮਲਟੀਪਰਪਜ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਾਸੀ ਰੋਡ ਪਟਿਆਲਾ ਦੀ ਬਾਕਸਟਬਾਲ ਟੀਮ ਨੇ ਲੁਧਿਆਣਾ ਵਿਖੇ ਆਯੋਜਿਤ 67ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ’ਚ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ। ਉਕਤ ਜੇਤੂ ਟੀਮ ਅਤੇ ਕੋਚ ਸਾਹਿਬਾਨ ਦਾ ਸਕੂਲ ਪੁੱਜਣ ’ਤੇ ਪ੍ਰਿੰਸੀਪਲ ਵਿਜੈ ਕਪੂਰ ਦੀ ਅਗਵਾਈ ਹੇਠ ਭਰਵਾਂ ਸਵਾਗਤ ਕੀਤਾ ਗਿਆ।
ਇਸ ਮੈਚ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਵਿਜੈ ਕਪੂਰ ਨੇ ਦੱਸਿਆ ਕਿ 67ਵੀਂਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਤਹਿਤ ਮਲਟੀਪਰਪਜ ਸਕੂਲ ਦੀ ਬਾਕਸਟਬਾਲ ਟੀਮ ਨੇ ਅੰਡਰ-19 ਤਹਿਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਸ਼ਾਨਦਾਰ ਖੇਡ ਖੇਡਦਿਆਂ ਅੰਮ੍ਰਿਤਸਰ ਦੀ ਟੀਮ ਨੂੰ 44-23 ਅੰਕਾਂ ਨਾਲ, ਸ੍ਰੀ ਫਤਿਹਗੜ੍ਹ ਸਾਹਿਬ ਦੀ ਟੀਮ ਨੂੰ 54-12 ਅੰਕਾਂ ਨਾਲ, ਪ੍ਰੀ ਕੁਆਰਟਰ ਫਾਈਨਲ ਵਿੱਚ ਬਠਿੰਡਾ ਦੀ ਟੀਮ ਨੂੰ 31-16 ਅੰਕਾਂ ਨਾਲ, ਕੁਆਰਟਰ ਫਾਈਨਲ ਵਿੱਚ ਗੁਰਦਾਸਪੁਰ ਦੀ ਟੀਮ ਨੂੰ 35-18 ਅੰਕਾਂ ਨਾਲ ਅਤੇ ਸੈਮੀ ਫਾਈਨਲ ਵਿੱਚ ਲੁਧਿਆਣਾ ਜਿਲ੍ਹੇ ਦੀ ਟੀਮ ਨੂੰ 71-64 ਨਾਲ ਹਰਾਅ ਕੇ ਦੂਸਰਾ ਸਥਾਨ ਹਾਸਲ ਕੀਤਾ ਹੈ। ਇਸ ਦੌਰਾਨ ਪ੍ਰਿੰਸੀਪਲ ਵਿਜੈ ਕਪੂਰ ਨੇ ਉਚੇਚੇ ਤੌਰ ’ਤੇ ਬਾਸਕਟਬਾਲ ਕੋਚ ਅਮਰਜੋਤ ਸਿੰਘ ਅਤੇ ਸਹਿਯੋਗੀ ਗੁਰਮੀਤ ਸਿੰਘ ਦਾ ਧੰਨਵਾਦ ਕਰਦਿਆਂ ਵਧਾਈ ਦਿੱਤੀ, ਜਿਨ੍ਹਾਂ ਦੀ ਰਹਿਨੁਮਾਈ ਅਤੇ ਮਿਹਨਤ ਕਰਕੇ ਟੀਮ ਨੇ ਇਹ ਮੁਕਾਮ ਹਾਸਲ ਕੀਤਾ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ। ਇਸ ਦੌਰਾਨ ਸਕੂਲ ਪ੍ਰਿੰਸੀਪਲ ਵਿਜੈ ਕਪੂਰ ਨੇ ਟੀਮ ਦੇ ਕਪਤਾਨ ਮੈਨੁਅਲ ਅਤੇ ਟੀਮ ਨੂੰ ਨਕਦ ਇਨਾਮੀ ਰਾਸ਼ੀ ਦੇ ਕੇ ਅਸ਼ੀਰਵਾਦ ਦਿੱਤਾ ਤੇ ਨੈਸ਼ਨਲ ਲਈ ਸ਼ੁੱਭ ਇੱਛਾਵਾਂ ਦਿੱਤੀਆਂ। ਇਸ ਮੌਕੇ ਪ੍ਰਿੰਸੀਪਲ ਵਿਜੈ ਕਪੂਰ ਨੇ ਕਿਹਾ ਕਿ ਸਰਕਾਰੀ ਮਲਟੀਪਰਪਜ ਸਕੂਲ ਦਾ ਖੇਡਾਂ ਦੇ ਖੇਤਰ ਵਿੱਚ ਵੱਡਾ ਨਾਮ ਹੈ। ਸਕੂਲ ਦੇ ਕੋਚਾਂ ਵੱਲੋਂ ਕਰਵਾਈ ਜਾਂਦੀ ਮਿਹਨਤ ਸਦਕਾ ਸਕੂਲ ਦੇ ਖਿਡਾਰੀ ਵੱਖ-ਵੱਖ ਖੇਡਾਂ ’ਚ ਮੱਲਾਂ ਮਾਰ ਰਹੇ ਹਨ। ਉਨ੍ਹਾਂ ਕਿਹਾ ਕਿ ਸਕੂਲ ਦੇ ਹੋਰਨਾਂ ਵਿਦਿਆਰਥੀਆਂ ਨੂੰ ਵੀ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਭਾਗ ਲੈਣਾ ਚਾਹੀਦਾ ਹੈ। ਦੱਸਣਾ ਬਣਦਾ ਹੈ ਕਿ ਇਸ ਸਕੂਲ ਦੀ ਅੰਡਰ-14 ਅਤੇ ਅੰਡਰ-17 ਟੀਮਾਂ ਨੇ ਪਹਿਲਾਂ ਗੋਲਡ ਮੈਡਲ ਜਿੱਤਿਆ ਹੈ।
