ਕਾਂਗਰਸ ਨੇਤਾ ਨਵਜੋਤ ਸਿੱਧੂ ਦੇ ਪੁੱਤਰ ਕਰਨ ਸਿੱਧੂ ਇਨਾਅਤ ਰੰਧਾਵਾ ਨਾਲ ਵਿਆਹ ਦੇ ਬੰਧਨ ਵਿੱਚ ਬੱਝੇ

ਕਾਂਗਰਸ ਨੇਤਾ ਨਵਜੋਤ ਸਿੱਧੂ ਦੇ ਪੁੱਤਰ ਕਰਨ ਸਿੱਧੂ ਇਨਾਅਤ ਰੰਧਾਵਾ ਨਾਲ ਵਿਆਹ ਦੇ ਬੰਧਨ ਵਿੱਚ ਬੱਝੇ
– ਪਟਿਆਲਾ ਸਥਿਤ ਬਾਰਾਂਦਰੀ ਰਿਹਾਇਸ਼ ਵਿਖੇ ਹੋਇਆ ਦੋਵਾਂ ਦਾ ਵਿਆਹ : ਪੁੱਜੀਆਂ ਕਈ ਹਸਤੀਆਂ
ਚੰਡੀਗੜ , 7 ਦਸੰਬਰ 2023 :
ਸਾਬਕਾ ਕ੍ਰਿਕਟਰ ਅਤੇ ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਦੇ ਬੇਟੇ ਕਰਨ ਸਿੱਧੂ ਵਿਆਹ ਦੇ ਬੰਧਨ ‘ਚ ਬੱਝ ਗਏ ਹਨ। ਕਰਨ ਸਿੱਧੂ ਦਾ ਵਿਆਹ ਇਨਾਇਤ ਰੰਧਾਵਾ ਨਾਲ ਉਨ੍ਹਾਂ ਦੀ ਪਟਿਆਲਾ ਸਥਿਤ ਬਾਰਾਂਦਰੀ ਰਿਹਾਇਸ਼ ‘ਤੇ ਹੋਇਆ। ਵੀਰਵਾਰ ਸ਼ਾਮ ਨੂੰ ਨਿਮਰਾਣਾ ਹੋਟਲ, ਪਟਿਆਲਾ ਵਿਖੇ ਰਿਸੈਪਸ਼ਨ ਪਾਰਟੀ ਰੱਖੀ ਗਈ ਹੈ। ਇਸ ‘ਚ ਰਾਜਨੀਤੀ, ਫਿਲਮ ਅਤੇ ਕ੍ਰਿਕਟ ਜਗਤ ਦੀਆਂ ਕਈ ਹਸਤੀਆਂ ਸ਼ਾਮਲ ਹੋ ਸਕਦੀਆਂ ਹਨ।
ਨਵਜੋਤ ਸਿੰਘ ਸਿੱਧੂ ਦੀ ਨੂੰਹ ਇਨਾਇਤ ਰੰਧਾਵਾ ਵੀ ਪੰਜਾਬੀ ਹੈ ਅਤੇ ਪਟਿਆਲਾ ਵਿੱਚ ਹੀ ਰਹਿੰਦੀ ਹੈ। ਉਹ ਫੌਜੀ ਪਰਿਵਾਰ ਨਾਲ ਸਬੰਧ ਰੱਖਦੀ ਹੈ ਅਤੇ ਪਟਿਆਲਾ ਦੇ ਮਸ਼ਹੂਰ ਮਨਿੰਦਰ ਰੰਧਾਵਾ ਦੀ ਬੇਟੀ ਹੈ। ਇਨਾਇਤ ਦੇ ਪਿਤਾ ਮਨਿੰਦਰ ਰੰਧਾਵਾ ਇਸ ਸਮੇਂ ਪੰਜਾਬ ਰੱਖਿਆ ਸੇਵਾਵਾਂ ਭਲਾਈ ਵਿਭਾਗ ਵਿੱਚ ਡਿਪਟੀ ਡਾਇਰੈਕਟਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਸਿੱਧੂ ਦੇ ਬੇਟੇ ਕਰਨ ਦੀ ਗੱਲ ਕਰੀਏ ਤਾਂ ਸਾਲ 2018 ਵਿੱਚ ਕਰਨ ਸਿੱਧੂ ਨੂੰ ਪੰਜਾਬ ਸਰਕਾਰ ਵਿੱਚ ਅਸਿਸਟੈਂਟ ਐਡੀਸ਼ਨਲ ਐਡਵੋਕੇਟ ਜਨਰਲ ਨਿਯੁਕਤ ਕੀਤਾ ਗਿਆ ਸੀ। ਪਰ ਵਿਰੋਧੀ ਪਾਰਟੀਆਂ ਦੇ ਨਾਂਹ-ਪੱਖੀ ਪ੍ਰਤੀਕਰਮ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਪਿੱਛੇ ਹਟ ਗਏ ਅਤੇ ਮੀਡੀਆ ਨੂੰ ਕਿਹਾ ਕਿ ਕਰਨ ਅਹੁਦਾ ਸਵੀਕਾਰ ਨਹੀਂ ਕਰਨਗੇ।
ਐਮਿਟੀ ਯੂਨੀਵਰਸਿਟੀ ਤੋਂ ਐਲਐਲਬੀ ਕਰਨ ਤੋਂ ਬਾਅਦ, ਕਰਨ ਨੇ ਬੈਂਜਾਮਿਨ ਐਨ ਕਾਰਡੋਜ਼ੋ ਸਕੂਲ ਆਫ ਲਾਅ, ਨਿਊਯਾਰਕ ਤੋਂ ਕਾਨੂੰਨ ਦੀ ਡਿਗਰੀ ਪ੍ਰਾਪਤ ਕੀਤੀ ਅਤੇ ਉਹ ਇੱਕ ਵਕੀਲ ਹਨ। ਆਪਣੇ ਮਾਤਾ-ਪਿਤਾ ਦੇ ਰਾਜਨੀਤੀ ਵਿੱਚ ਹੋਣ ਦੇ ਬਾਵਜੂਦ ਕਰਨ ਸਿੰਘ ਰਾਜਨੀਤੀ ਅਤੇ ਲਾਈਮ ਲਾਈਟ ਤੋਂ ਦੂਰ ਰਹਿੰਦੇ ਹਨ। ਫਿਲਹਾਲ, ਉਸ ਨੇ ਇੱਕ ਚੰਗਾ ਪੁੱਤਰ ਹੋਣ ਦਾ ਆਪਣਾ ਫਰਜ਼ ਨਿਭਾਇਆ ਹੈ ਅਤੇ ਆਪਣੀ ਮਾਂ ਦੇ ਜ਼ੋਰ ਪਾਉਣ ‘ਤੇ ਵਿਆਹ ਕਰਨ ਲਈ ਰਾਜ਼ੀ ਹੋਏ ਹਨ।
