ਪੰਜਾਬੀ ਯੂਨੀਵਰਸਿਟੀ ਵਿਖੇ ਹੋਵੇਗੀ ਆਈ.ਪੀ.ਆਰਜ਼ ਚੇਅਰ ਦੀ ਸਥਾਪਨਾ
ਪੰਜਾਬੀ ਯੂਨੀਵਰਸਿਟੀ ਵਿਖੇ ਹੋਵੇਗੀ ਆਈ.ਪੀ.ਆਰਜ਼ ਚੇਅਰ ਦੀ ਸਥਾਪਨਾ
– ਭਾਰਤ ਸਰਕਾਰ ਦੇ ਉਦਯੋਗ ਅਤੇ ਵਣਜ ਮੰਤਰਾਲੇ ਵੱਲੋਂ ਮਿਲੀ ਮਾਨਤਾ
-ਇਸ ਚੇਅਰ ਦੀ ਸਥਾਪਨਾ ਵਾਲ਼ੀ ਸੂਬੇ ਦੀ ਪਹਿਲੀ ਯੂਨੀਵਰਸਿਟੀ ਬਣੀ ਪੰਜਾਬੀ ਯੂਨੀਵਰਸਿਟੀ
-ਯੂਨੀਵਰਸਿਟੀ ਵਿੱਚ ਹੋਣ ਵਾਲ਼ੀ ਖੋਜ ਦੇ ਮਿਆਰ ਨੂੰ ਧਿਆਨ ਵਿੱਚ ਰੱਖ ਕੇ ਦਿੱਤੀ ਗਈ ਹੈ ਇਸ ਚੇਅਰ ਦੀ ਮਾਨਤਾ
ਪਟਿਆਲਾ- ਭਾਰਤ ਸਰਕਾਰ ਦੇ ਉਦਯੋਗ ਅਤੇ ਵਣਜ ਮੰਤਰਾਲੇ ਅਧੀਨ ਕੰਮ ਕਰਦੇ ਉਦਯੋਗ ਅਤੇ ਅੰਦਰੂਨੀ ਵਪਾਰ ਪ੍ਰੋਤਸਾਹਨ ਵਿਭਾਗ ਨੇ ‘ਸਪਰੀਹਾ’ ਦੇ ਨਾਮ ਨਾਲ਼ ਜਾਣੀ ਜਾਂਦੀ ਆਪਣੀ ਇੱਕ ਖੋਜ ਸਕੀਮ ਦੇ ਤਹਿਤ ਪੰਜਾਬੀ ਯੂਨੀਵਰਸਿਟੀ, ਪਟਿਆਲਾ ਲਈ ਇੱਕ ਚੇਅਰ ਦੀ ਸਥਾਪਨਾ ਨੂੰ ਮਨਜ਼ੂਰੀ ਦਿੱਤੀ ਹੈ।ਪੰਜਾਬੀ ਯੂਨੀਵਰਸਿਟੀ ਇਸ ਆਈ. ਪੀ. ਆਰਜ਼ ਚੇਅਰ ਦੀ ਸਥਾਪਨਾ ਕਰਨ ਵਾਲੀ ਪੰਜਾਬ ਰਾਜ ਦੀ ਪਹਿਲੀ ਯੂਨੀਵਰਸਿਟੀ ਬਣ ਗਈ ਹੈ। ਜਿ਼ਕਰਯੋਗ ਹੈ ਕਿ ਕਿਸੇ ਵੀ ਯੂਨੀਵਰਸਿਟੀ ਦੀ ਸ਼ਾਨਦਾਰ ਆਈ.ਪੀ.ਆਰ. ਪ੍ਰੋਫਾਈਲ ਭਾਵ ਉੱਥੇ ਹੋਣ ਵਾਲੀ ਖੋਜ ਦੇ ਮਿਆਰ ਨੂੰ ਧਿਆਨ ਵਿੱਚ ਰੱਖਦਿਆਂ ਹੀ ਭਾਰਤ ਸਰਕਾਰ ਵੱਲੋਂ ਇਸ ਚੇਅਰ ਦੀ ਸਥਾਪਨਾ ਲਈ ਮਾਨਤਾ ਦਿੱਤੀ ਗਈ ਹੈ। ਪੰਜਾਬੀ ਯੂਨੀਵਰਸਿਟੀ ਨੇ ਹਾਲ ਹੀ ਦੇ ਸਾਲਾਂ ਵਿੱਚ ਬਹੁਤ ਸਾਰੇ ਪੇਟੈਂਟ ਫਾਈਲ ਕੀਤੇ ਹਨ ਅਤੇ ਅਗਲੇਰੇ ਪੜਾਅ ਵਜੋਂ ਕੁਝ ਤਕਨੀਕਾਂ ਸਫਲਤਾਪੂਰਵਕ ਢੰਗ ਨਾਲ਼ ਉਦਯੋਗ ਖੇਤਰ ਨੂੰ ਮੁਹੱਈਆ ਕਰਵਾਈਆਂ ਹਨ।
ਵਾਈਸ-ਚਾਂਸਲਰ, ਪ੍ਰੋ. ਅਰਵਿੰਦ ਨੇ ਇਸ ਪਹਿਲਕਦਮੀ ਲਈ ਯੂਨੀਵਰਸਿਟੀ ਦੇ ਆਈ.ਪੀ.ਆਰਜ਼ ਅਤੇ ਟੈਕਨਾਲੋਜੀ ਟ੍ਰਾਂਸਫਰ ਸੈੱਲ ਨੂੰ ਵਿਸ਼ੇਸ਼ ਤੌਰ ਉੱਤੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਸ ਆਈ.ਪੀ.ਆਰਜ਼ ਚੇਅਰ ਦੀ ਸਥਾਪਨਾ ਨਾਲ ਬੌਧਿਕ ਸੰਪਤੀ ਅਧਿਕਾਰ ਦੇ ਖੇਤਰ ਵਿੱਚ ਖੋਜ, ਵਿਸਤਾਰ ਅਤੇ ਸਿਖਲਾਈ ਗਤੀਵਿਧੀਆਂ ਨੂੰ ਹੋਰ ਹੁਲਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਅਜਿਹਾ ਹੋਣ ਨਾਲ਼ ਯੂਨੀਵਰਸਿਟੀ ਦੇ ਇੱਕ ਹੋਰ ਕਦਮ ਅਗਾਂਹ ਵੱਲ ਨੂੰ ਪੁੱਟਿਆ ਹੈ ਜਿਸ ਨਾਲ਼ ਖੋਜ ਦੇ ਖੇਤਰ ਵਿੱਚ ਸਾਰਥਿਕ ਨਤੀਜੇ ਵੇਖਣ ਨੂੰ ਮਿਲਣਗੇ।
ਆਈ.ਪੀ.ਆਰਜ਼ ਚੇਅਰ ਦੇ ਪ੍ਰੋਫੈਸਰ ਇੰਚਾਰਜ ਡਾ. ਬਲਵਿੰਦਰ ਸਿੰਘ ਸੂਚ ਨੇ ਦੱਸਿਆ ਕਿ ਮੰਤਰਾਲੇ ਨੇ ਇਸ ਆਈ.ਪੀ.ਆਰਜ਼ ਚੇਅਰ ਦੀ ਸਥਾਪਨਾ ਰਾਹੀਂ ਬੌਧਿਕ ਸੰਪੱਤੀ ਅਧਿਕਾਰ ਦੇ ਖੇਤਰ ਵਿੱਚ ਯੂਨੀਵਰਸਿਟੀ ਦੀ ਸਮਰਥਾ ਨੂੰ ਮਾਨਤਾ ਦਿੱਤੀ ਹੈ। ਇਹ ਚੇਅਰ ਆਉਣ ਵਾਲੇ ਸਾਲਾਂ ਵਿੱਚ ਬਹੁਤ ਸਾਰੀ ਖੋਜ ਅਤੇ ਜਾਗਰੂਕਤਾ ਗਤੀਵਿਧੀਆਂ ਤੋਂ ਇਲਾਵਾ, ਇਸ ਖੇਤਰ ਵਿੱਚ ਨਵੇਂ ਅਕਾਦਮਿਕ ਕੋਰਸ ਵੀ ਸ਼ੁਰੂ ਕਰੇਗੀ।
ਡੀਨ ਅਕਾਦਮਿਕ ਮਾਮਲੇ, ਡਾ. ਏ. ਕੇ. ਤਿਵਾੜੀ ਨੇ ਇਸ ਸੰਬੰਧੀ ਗੱਲ ਕਰਦਿਆ ਯੂਨੀਵਰਸਿਟੀ ਦੇ ਆਈ.ਪੀ.ਆਰ ਸੈੱਲ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਚੇਅਰ ਦੀ ਸਥਾਪਨਾ ਨਾਲ਼ ਵਿਦਿਆਰਥੀਆਂ ਲਈ ਅਕਾਦਮਿਕ ਅਤੇ ਖੋਜ ਦੇ ਨਵੇਂ ਮੌਕੇ ਪ੍ਰਾਪਤ ਹੋਣਗੇ।
ਯੋਜਨਾ ਅਤੇ ਨਿਗਰਾਨ ਮਾਮਲਿਆਂ ਬਾਰੇ ਡਾਇਰੈਕਟਰ ਡਾ. ਸੰਜੀਵ ਪੁਰੀ ਨੇ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਇਸ ਚੇਅਰ ਵੱਲੋਂ ਕੀਤੀਆਂ ਜਾਣ ਵਾਲ਼ੀਆਂ ਵੱਖ-ਵੱਖ ਗਤੀਵਿਧੀਆਂ ਰਾਹੀਂ ਖਿੱਤੇ ਵਿੱਚ ਇੱਕ ਆਈ.ਪੀ.ਆਰਜ਼ ਈਕੋਸਿਸਟਮ ਵਿਕਸਤ ਕਰੇਗੀ।