'ਕਨੇਡਾ ਦਾ ਲੱਡੂ' ਨਾਟਕ ਨਾਲ਼ ਪੰਜਾਬੀ ਯੂਨੀਵਰਸਿਟੀ ਵਿਖੇ ਥੀਏਟਰ ਫੈਸਟੀਵਲ ਸ਼ੁਰੂ

ਦੁਆਰਾ: Punjab Bani ਪ੍ਰਕਾਸ਼ਿਤ :Saturday, 02 December, 2023, 03:36 PM

‘ਕਨੇਡਾ ਦਾ ਲੱਡੂ’ ਨਾਟਕ ਨਾਲ਼ ਪੰਜਾਬੀ ਯੂਨੀਵਰਸਿਟੀ ਵਿਖੇ ਥੀਏਟਰ ਫੈਸਟੀਵਲ ਸ਼ੁਰੂ
– ਵਿਦੇਸ਼ ਵਸਦੇ ਪੰਜਾਬੀਆਂ ਦੇ ਜੀਵਨ ਨੂੰ ਦਰਸਾਉਂਦੇ ਨਾਟਕ ਦੀ ਪੇਸ਼ਕਾਰੀ ਨੇ ਦਰਸ਼ਕਾ ਨੂੰ ਭਾਵੁਕ ਕੀਤਾ
ਪਟਿਆਲਾ – ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਯੁਵਕ ਭਲਾਈ ਵਿਭਾਗ, ਨੌਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਅਤੇ ਸਾਰਥਕ ਰੰਗਮੰਚ ਅਤੇ ਸੋਸ਼ਲ ਵੈਲਫੇਅਰ ਸੁਸਾਇਟੀ, ਪਟਿਆਲਾ ਵੱਲੋਂ ਕਰਵਾਏ ਜਾ ਰਹੇ ‘9ਵੇਂ ਨੋਰ੍ਹਾ ਰਿਚਰਡ ਥੀਏਟਰ ਫੈਸਟੀਵਲ’ ਦਾ ਆਗਾਜ਼ ਸਾਰਥਕ ਰੰਗਮੰਚ ਪਟਿਆਲਾ ਵੱਲੋਂ ਨਾਹਰ ਸਿੰਘ ਔਜਲਾ ਦੇ ਲਿਖੇ ਅਤੇ ਡਾ. ਲੱਖਾ ਲਹਿਰੀ ਦੁਆਰਾ ਨਿਰਦੇਸ਼ਿਤ ਨਾਟਕ ‘ਕਨੇਡਾ ਦਾ ਲੱਡੂ’ ਨਾਲ ਹੋਇਆ।
ਮੇਲੇ ਦਾ ਉਦਘਾਟਨ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਨੋਰ੍ਹਾ ਰਿਚਰਡਜ਼ ਵੱਲੋਂ ਪਾਈ ਪਿਰਤ ਨੂੰ ਅੱਗੇ ਤੋਰਨ ਦੇ ਯਤਨਾਂ ਦੇ ਸੰਦੇਸ਼ ਨਾਲ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬੀ ਨਾਟਕ ਦੀ ਨੱਕੜਦਾਦੀ ਨੋਰ੍ਹਾ ਜੀ ਦੀ ਪੰਜਾਬੀ ਰੰਗਮੰਚ ਨੂੰ ਬਹੁਤ ਵੱਡੀ ਦੇਣ ਹੈ। ਉਹਨਾਂ ਨੇ ਅੰਧਰੇਟਾ ਵਿਖੇ ਰਹਿ ਕੇ ਪੰਜਾਬੀ ਨਾਟਕ ਨੂੰ ਪ੍ਰਫੁਲਿਤ ਕੀਤਾ। ਉਹਨਾਂ ਦੀ ਯਾਦ ਵਿੱਚ ਨਾਟਕ ਮੇਲਾ ਕਰਵਾਉਣਾ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਹੈ।
ਯੁਵਕ ਭਲਾਈ ਵਿਭਾਗ ਦੇ ਇੰਚਾਰਜ ਡਾ. ਗਗਨਦੀਪ ਥਾਪਾ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਦੱਸਿਆ ਕਿ ਇਹ ਮੇਲਾ ਸੱਤ ਦਿਨ ਲਈ ਕਰਵਾਇਆ ਜਾ ਰਿਹਾ ਹੈ।
ਇਸ ਮੇਲੇ ਦੀ ਪਹਿਲੀ ਪੇਸ਼ਕਾਰੀ ਵਜੋਂ ਨਾਹਰ ਸਿੰਘ ਔਜਲਾ ਰਚਿਤ ਨਾਟਕ ‘ਕੈਨੇਡਾ ਦਾ ਲੱਡੂ’ ਕਲਾ ਭਵਨ ਦੇ ਮੰਚ ਉਪਰ ਲੱਖਾ ਲਹਿਰੀ ਦੀ ਨਿਰਦੇਸ਼ਨਾ ਅਧੀਨ ਪੇਸ਼ ਕੀਤਾ ਗਿਆ। ਨਾਟਕ ਰਾਹੀਂ ਪਰਵਾਸੀ ਜੀਵਨ ਦੀ ਹੱਡ ਭੰਨਵੀਂ ਕਮਾਈ ਨਾਲ ਦੋ ਦੋ ਸ਼ਿਫ਼ਟਾਂ ਲਾ ਕੇ ਦਿਖਾਵੇ ਲਈ ਵੱਡਾ ਘਰ ਲੈਣ ਅਤੇ ਲੋੜ ਵੇਲੇ ਬੱਚਿਆਂ ਵਲ ਧਿਆਨ ਨਾ ਦੇਣ ਕਾਰਣ ਕਹਾਣੀ ਵਿਚਲੀਆਂ ਤਿੰਨ ਪੀੜ੍ਹੀਆਂ ਵਲੋਂ ਹੰਢਾਏ ਜਾ ਰਹੇ ਸੰਤਾਪ ਨੂੰ ਕਲਾਤਮਿਕਤਾ ਅਤੇ ਸਾਰਥਕਤਾ ਨਾਲ਼ ਪੇਸ਼ ਕੀਤਾ ਗਿਆ। ਨਾਟਕ ਦੀ ਪੇਸ਼ਕਾਰੀ ਲਾਜਵਾਬ ਰਹੀ ਜਿਸ ਨੇ ਜਿੱਥੇ ਬਹੁਤ ਸਾਰੇ ਦ੍ਰਿਸ਼ਾਂ ਰਾਹੀਂ ਦਰਸ਼ਕਾਂ ਨੂੰ ਖੁੱਲ੍ਹ ਕੇ ਹਸਾਇਆ ਉੱਥੇ ਹੀ ਕੁਝ ਭਾਵਕ ਦ੍ਰਿਸ਼ਾਂ ਰਾਹੀਂ ਹਰ ਅੱਖ ਨੂੰ ਮੱਲੋਮੱਲੀ ਰੋਣ ਲਈ ਮਜਬੂਰ ਵੀ ਕੀਤਾ। ਇਸ ਨਾਟਕ ਨੇ ਬਾਹਰੋਂ ਦਿਸਦੀ ਜੀਵਨ ਦੀ ਚਮਕ ਅਤੇ ਸੁਨਹਿਰੀ ਦਿੱਖ ਪਿੱਛੇ ਭੋਗੇ ਜਾ ਰਹੇ ਕਰੂਰ ਸੰਤਾਪ ਨੂੰ ਨੰਗਿਆਂ ਕਰਕੇ ਸਮਾਜ ਨੂੰ ਇਧਰਲੇ ਪੰਜਾਬੀ ਜੀਵਨ ਅਤੇ ਪਰਵਾਸੀ ਜੀਵਨ ਦੇ ਪਾੜੇ ਸੰਬੰਧੀ ਪੇਸ਼ਕਾਰੀ ਰਾਹੀਂ ਬਹੁਤ ਹੀ ਮੁੱਲਵਾਨ ਸੰਦੇਸ਼ ਦਿੱਤਾ ਹੈ। ਸਾਰੇ ਕਲਾਕਾਰਾਂ ਨੇ ਆਪਣੀ ਨਾਟ ਕਲਾ ਰਾਹੀਂ ਨਾਟਕਕਾਰ ਦੇ ਵਾਰਤਾਲਾਪਾਂ ਦੀ ਗੰਭੀਰਤਾ ਅਤੇ ਕਿਤੇ ਕਿਤੇ ਹਾਸ ਰਸ ਰਾਹੀਂ ਭਰਪੂਰ ਵਾਹ-ਵਾਹ ਖੱਟੀ। ਨਾਟਕ ਰਾਹੀਂ ਇਹ ਸੁਨੇਹਾ ਦਿੱਤਾ ਗਿਆ ਹੈ ਕਿ ਡਾਲਰਾਂ ਦੀ ਦੌੜ ਪਿੱਛੇ ਤਿੰਨਾਂ ਪੀੜ੍ਹੀਆਂ ਦਾ ਜੀਵਨ ਸੱਚ ਵੇਖੇ ਜਾਣ ਦੀ ਲੋੜ। ਨਾਟਕ ਵਿੱਚ ਪੇਸ਼ ਕੀਤਾ ਗਿਆ ਸੱਚ ਪ੍ਰਵਾਸ ਭੋਗਦੇ ਇਹਨਾਂ ਲੋਕਾਂ ਦੇ ਬੁਣੇ ਸੁਪਨਿਆਂ, ਇੱਛਾਵਾਂ ਅਤੇ ਕਿਸੇ ਵੀ ਪੀੜ੍ਹੀ ਲਈ ਜੀਵਨ ਦੇ ਸੁਖਦ ਅਹਿਸਾਸ ਦੀ ਲੋਚਾ ਨੂੰ ਕੀਚ੍ਹਰਾਂ ਕੀਚ੍ਹਰਾ ਕਰ ਕੇ ਸਭ ਦੇ ਸਾਹਮਣੇ ਨੰਗਾ ਕਰ ਕੇ ਰੱਖ ਦਿੰਦਾ ਹੈ। ਇਹ ਪੰਜਾਬ ਦੇ ਘਰ-ਘਰ ਦੀ ਕਹਾਣੀ ਹੈ। ਬਜ਼ੁਰਗ ਮਾਪੇ ਜਿਵੇਂ ਉੱਥੇ ਜਾ ਕੇ ਪਿੰਜੇ ਜਾਂਦੇ ਹਨ ਇਹ ਨਾਟਕ ਬਹੁਤ ਦਿਲ ਟੁੰਬਵੇਂ ਕਲਾਤਮਿਕ ਰੂਪ ਵਿਚ ਪੇਸ਼ ਕਰਦਾ ਹੈ। ਰਵੀ ਨੰਦਨ ਦਾ ਪਿੱਠਵਰਤੀ ਸੰਗੀਤ,ਗਾਇਕੀ ਅਤੇ ਗਾਏ ਹੋਏ ਗੀਤ ਜੋ ਕਿ ਮਾਸਟਰ ਤਰਲੋਚਨ ਅਤੇ ਅਮੋਲਕ ਦੇ ਲਿਖੇ ਹੋਏ ਸਨ, ਬਹੁਤ ਹੀ ਸੰਜੀਦਾ ਅਤੇ ਪੂਰੀ ਤਰ੍ਹਾਂ ਢੁਕਵੇਂ ਰਹੇ। ਸੰਗੀਤ ਸੰਚਾਲਨ ਨੈਨਸੀ ਨੇ ਕੀਤਾ। ਕਲਾਕਾਰਾਂ ਵਿੱਚ ਮਨਦੀਪ ਸਿੰਘ, ਫਤਹਿ ਸੋਹੀ, ਕਰਮਨ ਸਿੱਧੂ, ਸਿਮਰਜੀਤ ਕੌਰ, ਟਾਪੁਰ ਸ਼ਰਮਾ ਨੇ ਆਪਣੇ ਪਾਤਰਾਂ ਨਾਲ ਇੱਕ ਮਿੱਕ ਹੋਕੇ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ। ਬਾਕੀ ਕਲਾਕਾਰਾਂ ਵਿੱਚ ਬਹਾਰ ਗਰੋਵਰ, ਉੱਤਮਜੋਤ, ਸਿਦਕ ਰੰਧਾਵਾ, ਸ਼ਿਫਾ ਕੰਬੋਜ, ਕੁਲਤਰਨ, ਲਵਪ੍ਰੀਤ ਸਿੰਘ ਲਵੀ ਤੇ ਨਵਨੀਤ ਕੌਰ ਨੇ ਵੀ ਆਪਣੇ ਕਿਰਦਾਰਾਂ ਨੂੰ ਬਾਖੂਬੀ ਨਿਭਾਇਆ। ਮਨਪ੍ਰੀਤ ਸਿੰਘ ਦੇ ਰੌਸ਼ਨੀ ਪ੍ਰਭਾਵਾਂ ਨੇ ਵੀ ਨਾਟਕ ਦੇ ਵਿਸ਼ੇ ਨੂੰ ਉਭਾਰਨ ਵਿੱਚ ਮਦਦ ਕੀਤੀ। ਨਾਟਕ ਦਾ ਸੈੱਟ ਬਲਵਿੰਦਰ ਸਿੰਘ ਵੱਲੋਂ ਤਿਆਰ ਕੀਤਾ ਗਿਆ। ਮੇਲੇ ਦਾ ਮੰਚ-ਸੰਚਾਲਨ ਡਾ. ਇੰਦਰਜੀਤ ਕੌਰ ਨੇ ਕੀਤਾ।