ਸਾਇਕਲੋਨ ਮਿਚੌਂਗ ਅੱਜ ਟਕਰਾ ਸਕਦਾ ਹੈ ਆਂਧਰਾ ਪ੍ਰਦੇਸ਼ ਨਾਲ

ਸਾਇਕਲੋਨ ਮਿਚੌਂਗ ਅੱਜ ਟਕਰਾ ਸਕਦਾ ਹੈ ਆਂਧਰਾ ਪ੍ਰਦੇਸ਼ ਨਾਲ
– ਹੁਣ ਤੱਕ ਚੇਨਈ ‘ਚ ਤੂਫਾਨ ਨੇ ਲਈਆਂ 8 ਜਾਨਾਂ; 200 ਤੋਂ ਵੱਧ ਟਰੇਨਾਂ ਰੱਦ
ਨਵੀਂ ਦਿੱਲੀ : ਚੱਕਰਵਾਤ ‘ਮਿਚੌਂਗ’ ਅੱਜ (05-12-23) ਦੱਖਣੀ ਆਂਧਰਾ ਪ੍ਰਦੇਸ਼ ਤੇ ਉੱਤਰੀ ਤਾਮਿਲਨਾਡੂ ਦੇ ਤੱਟਾਂ ਨਾਲ ਟਕਰਾ ਸਕਦਾ ਹੈ। ਇਸ ਦੌਰਾਨ 90 ਤੋਂ 110 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ।
ਤਾਮਿਲਨਾਡੂ ਤੇ ਆਂਧਰਾ ਪ੍ਰਦੇਸ਼ ‘ਚ ਕਈ ਥਾਵਾਂ ‘ਤੇ ਭਾਰੀ ਬਾਰਿਸ਼ ਹੋ ਰਹੀ ਹੈ। ਚੇਨਈ ਹਵਾਈ ਅੱਡੇ ਦਾ ਰਨਵੇ ’ਤੇ ਪਾਣੀ ਭਰ ਗਿਆ ਹੈ। ਚੇਨਈ ਹਵਾਈ ਅੱਡੇ ਤੋਂ ਆਉਣ-ਜਾਣ ਵਾਲੀਆਂ ਲਗਭਗ 70 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। 33 ਉਡਾਣਾਂ ਨੂੰ ਚੇਨਈ ਤੋਂ ਬੈਂਗਲੁਰੂ ਵੱਲ ਮੋੜ ਦਿੱਤਾ ਗਿਆ ਹੈ।
ਮੌਸਮ ਵਿਭਾਗ ਅਨੁਸਾਰ ਸੋਮਵਾਰ ਦੁਪਹਿਰ 2.30 ਵਜੇ ਮਿਚੌਂਗ ਚੇਨਈ ਤੋਂ ਲਗਭਗ 100 ਕਿਲੋਮੀਟਰ ਉੱਤਰ-ਪੂਰਬ ਤੇ ਨੇਲੋਰ ਤੋਂ 120 ਕਿਲੋਮੀਟਰ ਦੱਖਣ-ਪੂਰਬ ਵੱਲ ਕੇਂਦਰਿਤ ਸੀ। ਤੂਫਾਨ 5 ਦਸੰਬਰ ਦੀ ਸਵੇਰ ਨੂੰ ਬਾਪਟਲਾ ਨੇੜੇ ਨੇਲੋਰ ਅਤੇ ਮਛਲੀਪਟਨਮ ਨੂੰ ਪਾਰ ਕਰਨ ਦੀ ਸੰਭਾਵਨਾ ਹੈ।
ਤਾਮਿਲਨਾਡੂ ਦੇ ਮੁੱਖ ਮੰਤਰੀ ਐਮ ਕੇ ਸਟਾਲਿਨ ਨੇ ਚੱਕਰਵਾਤ ਪ੍ਰਭਾਵਿਤ ਇਲਾਕਿਆਂ ਦਾ ਮੁਆਇਨਾ ਕੀਤਾ ਅਤੇ ਲੋਕਾਂ ਨਾਲ ਗੱਲਬਾਤ ਕੀਤੀ। ਇਸ ਨਾਲ ਹੀ ਉਨ੍ਹਾਂ ਨੇ ਚੱਕਰਵਾਤ ਪ੍ਰਭਾਵਿਤ ਲੋਕਾਂ ਨੂੰ ਰਾਹਤ ਸਮੱਗਰੀ ਵੀ ਵੰਡੀ।
ਚੱਕਰਵਾਤ ਕਾਰਨ ਚੇਨਈ ਵਿੱਚ ਹੁਣ ਤੱਕ ਅੱਠ ਲੋਕਾਂ ਦੀ ਮੌਤ ਹੋ ਚੁੱਕੀ ਹੈ। ਚੇਨਈ ਪੁਲਿਸ ਨੇ ਇਹ ਜਾਣਕਾਰੀ ਦਿੱਤੀ ਹੈ।
ਚੱਕਰਵਾਤੀ ਤੂਫਾਨ ਮਿਚੌਂਗ ਓਡੀਸ਼ਾ ‘ਚ ਵੀ ਦੇਖਣ ਨੂੰ ਮਿਲ ਰਿਹਾ ਹੈ। ਭਾਰੀ ਮੀਂਹ ਦੇ ਮੱਦੇਨਜ਼ਰ ਗਜਪਤੀ ਜ਼ਿਲ੍ਹੇ ਦੇ ਸਾਰੇ ਪ੍ਰਾਇਮਰੀ ਅੱਪਰ, ਪ੍ਰਾਇਮਰੀ, ਹਾਈ ਸਕੂਲ ਤੇ ਆਂਗਣਵਾੜੀ ਕੇਂਦਰਾਂ ਨੂੰ 6 ਦਸੰਬਰ ਤੱਕ ਬੰਦ ਰੱਖਿਆ ਗਿਆ ਹੈ।
ਮੰਗਲਵਾਰ ਨੂੰ ਆਂਧਰਾ ਪ੍ਰਦੇਸ਼ ਦੇ ਨੇਲੋਰ ਤੇ ਮਛਲੀਪਟਨਮ ਵਿਚਕਾਰ ਪਹੁੰਚਣ ਦੀ ਉਮੀਦ ਹੈ। ਭਾਰਤ ਮੌਸਮ ਵਿਭਾਗ (IMD) ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।
