ਭਿਆਨਕ ਸੜਕ ਹਾਦਸੇ ਵਿੱਚ ਗਈ 5 ਲੋਕਾਂ ਦੀ ਜਾਨ

ਭਿਆਨਕ ਸੜਕ ਹਾਦਸੇ ਵਿੱਚ ਗਈ 5 ਲੋਕਾਂ ਦੀ ਜਾਨ
ਫਰੀਦਕੋਟ, 3 ਦਸੰਬਰ -ਫਰੀਦਕੋਟ ਜ਼ਿਲੇ ‘ਚੋਂ ਲੰਘਦੇ ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇ ‘ਤੇ ਪਿੰਡ ਵਾੜਾ ਭਾਈ ਕਾ ਨੇੜੇ ਸ਼ਨੀਵਾਰ ਦੇਰ ਸ਼ਾਮ ਇਕ ਭਿਆਨਕ ਸੜਕ ਹਾਦਸੇ ‘ਚ ਇੱਕੋ ਕਾਰ ‘ਚ ਸਵਾਰ ਪੰਜ ਲੋਕਾਂ ਦੀ ਮੌਤ ਹੋ ਗਈ। ਸਾਰੇ ਮ੍ਰਿਤਕ ਇੱਕ ਡਿਜ਼ਾਇਰ ਕਾਰ ਵਿੱਚ ਸਫ਼ਰ ਕਰ ਰਹੇ ਸਨ ਜੋ ਇੱਕ ਹੋਰ ਕਾਰ ਨਾਲ ਟਕਰਾ ਕੇ ਦਰੱਖਤ ਨਾਲ ਜਾ ਟਕਰਾਈ। ਸੂਚਨਾ ਤੋਂ ਬਾਅਦ ਸਹਾਰਾ ਸੁਸਾਇਟੀ ਬਠਿੰਡਾ ਦੀ ਟੀਮ ਪੁਲੀਸ ਸਮੇਤ ਮੌਕੇ ’ਤੇ ਪੁੱਜੀ। ਜਿਨ੍ਹਾਂ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਾਰ ‘ਚੋਂ ਕੱਢ ਕੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਫਰੀਦਕੋਟ ਦੇ ਮੁਰਦਾਘਰ ‘ਚ ਰਖਵਾਇਆ। ਪੁਲਿਸ ਅਨੁਸਾਰ ਇੱਕ ਆਈ-20 ਕਾਰ ਅਤੇ ਇੱਕ ਸਵਿਫਟ ਡਿਜ਼ਾਇਰ ਬਠਿੰਡਾ ਵੱਲੋਂ ਆ ਰਹੇ ਸਨ ਕਿ ਵਾੜਾ ਭਾਈ ਕਾ ਨੇੜੇ ਹਾਦਸਾਗ੍ਰਸਤ ਹੋ ਗਏ। ਮ੍ਰਿਤਕਾਂ ਵਿੱਚੋਂ ਤਿੰਨ ਦੀ ਪਛਾਣ ਮਨਜੀਤ, ਅਮਨਦੀਪ ਸਿੰਘ ਬਠਿੰਡਾ ਅਤੇ ਨਾਨਕ ਸਿੰਘ ਰਾਏਕੇ ਕਲਾਂ ਵਾਸੀ ਪਿੰਡ ਕੋਟਲੀ ਅਬਲੂ ਵਜੋਂ ਹੋਈ ਹੈ। ਜਦਕਿ ਬਾਕੀ ਦੋ ਮ੍ਰਿਤਕਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੂਜੇ ਪਾਸੇ ਸਹਾਰਾ ਜਨ ਸੇਵਾ ਬਠਿੰਡਾ ਦੇ ਸੰਦੀਪ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ ’ਤੇ ਉਹ ਆਪਣੇ ਤਿੰਨ ਵਾਹਨਾਂ ’ਚ ਮੌਕੇ ’ਤੇ ਪੁੱਜੇ ਅਤੇ ਕਾਰ ’ਚੋਂ 5 ਲਾਸ਼ਾਂ ਨੂੰ ਕੱਢ ਕੇ ਫਰੀਦਕੋਟ ਲੈ ਗਏ।
