ਆਲ ਇੰਡੀਆ ਇੰਟਰ ਯੂਨੀਵਰਸਿਟੀ ਫੁਟਬਾਲ ਟੂਰਨਾਮੈਂਟ ਵਿੱਚ ਪੰਜਾਬੀ ਯੂਨੀਵਰਸਿਟੀ ਨੂੰ ਕਾਂਸੀ ਦਾ ਤਗ਼ਮਾ

ਦੁਆਰਾ: Punjab Bani ਪ੍ਰਕਾਸ਼ਿਤ :Tuesday, 12 March, 2024, 06:03 PM

ਆਲ ਇੰਡੀਆ ਇੰਟਰ ਯੂਨੀਵਰਸਿਟੀ ਫੁਟਬਾਲ ਟੂਰਨਾਮੈਂਟ ਵਿੱਚ ਪੰਜਾਬੀ ਯੂਨੀਵਰਸਿਟੀ ਨੂੰ ਕਾਂਸੀ ਦਾ ਤਗ਼ਮਾ

-ਵਾਈਸ ਚਾਂਸਲਰ ਦੀ ਅਗਵਾਈ ਵਿੱਚ ਖਿਡਾਰੀਆਂ ਦਾ ਭਰਵਾਂ ਸਵਾਗਤ

ਪਟਿਆਲਾ, 12 ਮਾਰਚ
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਫੁਟਬਾਲ ਟੀਮ ਵੱਲੋਂ ਆਲ ਇੰਡੀਆ ਯੂਨੀਵਰਸਿਟੀ ਫੁਟਬਾਲ ਮੁਕਾਬਲਿਆਂ ਵਿੱਚ ਕਾਂਸੀ ਦਾ ਤਗ਼ਮਾ ਹਾਸਲ ਕਰਨ ਤੋਂ ਬਾਅਦ ਟੀਮ ਮੈਂਬਰਾਂ ਦੇ ਯੂਨੀਵਰਸਿਟੀ ਵਿੱਚ ਪਹੁੰਚਣ ਉੱਤੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਦੀ ਅਗਵਾਈ ਵਿੱਚ ਜ਼ੋਰਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਸਮੁੱਚੀ ਟੀਮ ਨੂੰ ਵਧਾਈ ਦਿੰਦੇ ਹੋਏ ਪ੍ਰੋ. ਅਰਵਿੰਦ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਵੱਲੋਂ ਖੇਡਾਂ ਉੱਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਖਿਡਾਰੀਆਂ ਨੂੰ ਵਧੀਆ ਨਤੀਜੇ ਕੱਢਣ ਲਈ ਯੂਨੀਵਰਸਿਟੀ ਵੱਲੋਂ ਹੋਰ ਵੀ ਹਰ ਮਦਦ ਦਿੱਤੀ ਜਾਵੇਗੀ।
‘ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ 2023’ ਵਿੱਚ ਜਿੱਤ ਹਾਸਿਲ ਕਰਨ ਵਾਲ਼ੇ ਖਿਡਾਰੀਆਂ, ਕੋਚ ਡਾ. ਦਲਬੀਰ ਸਿੰਘ ਰੰਧਾਵਾ ਅਤੇ ਸਹਿ ਕੋਚ ਰਾਜਬੀਰ ਸਿੰਘ ਦਾ ਸਵਾਗਤ ਕਰਨ ਸਮੇਂ ਰਜਿਸਟਰਾਰ ਪ੍ਰੋ. ਨਵਜੋਤ ਕੌਰ ਅਤੇ ਖੇਡ ਨਿਰਦੇਸ਼ਕ ਪ੍ਰੋ. ਅਜੀਤਾ ਵੀ ਹਾਜ਼ਰ ਰਹੇ।
ਜ਼ਿਕਰਯੋਗ ਹੈ ਕਿ ਯੂਨੀਵਰਸਿਟੀ ਫੁਟਬਾਲ ਪੁਰਸ਼ ਟੀਮ ਨੇ ਇਸ ਸਾਲ ਦੌਰਾਨ ਜ਼ੋਨਲ ਅਤੇ ਅੰਤਰ-ਜ਼ੋਨਲ ਮੁਕਾਬਲਿਆਂ ਵਿੱਚ ਗੋਲਡ ਮੈਡਲ ਹਾਸਲ ਕੀਤਾ ਹੈ ਅਤੇ ਖੇਲੋ ਇੰਡੀਆ ਮੁਕਾਬਲਿਆਂ ਵਿਚ ਇਸ ਟੀਮ ਨੇ ਤੀਜੇ ਸਥਾਨ ਉੱਤੇ ਰਹਿਣ ਦਾ ਇਹ ਮਾਣ ਹਾਸਲ ਕੀਤਾ ਹੈ।
ਰਜਿਸਟਰਾਰ ਪ੍ਰੋ. ਨਵਜੋਤ ਕੌਰ ਅਤੇ ਖੇਡ ਨਿਰਦੇਸ਼ਕ ਪ੍ਰੋ. ਅਜੀਤਾ ਵੱਲੋਂ ਵੀ ਟੀਮ ਦੀ ਸ਼ਲਾਘਾ ਕਰਦਿਆਂ ਵਧਾਈ ਦਿੱਤੀ ਗਈ।