ਬੁਰਜ ਅਕਾਲੀ ਬਾਬਾ ਫੂਲਾ ਸਿੰਘ ਵਿਖੇ ਗੁਰਬਾਣੀ ਕੀਰਤਨ ਨਾਲ ਬੀਬੀਆਂ ਨੇ ਵਿਸਮਾਦੀ ਮਹੌਲ ਸਿਰਜਿਆ

ਬੁਰਜ ਅਕਾਲੀ ਬਾਬਾ ਫੂਲਾ ਸਿੰਘ ਵਿਖੇ ਗੁਰਬਾਣੀ ਕੀਰਤਨ ਨਾਲ ਬੀਬੀਆਂ ਨੇ ਵਿਸਮਾਦੀ ਮਹੌਲ ਸਿਰਜਿਆ
ਅੰਮ੍ਰਿਤਸਰ:- 12 ਮਾਰਚ ( ) ਗੁਰਦੁਆਰਾ ਮੱਲ ਅਖਾੜਾ ਸਾਹਿਬ ਪਾ: ਛੇਵੀ, ਬੁਰਜ ਅਕਾਲੀ ਬਾਬਾ ਫੂਲਾ ਸਿੰਘ ਵਿਖੇ ਮਹਾਨ ਸੂਰਬੀਰ ਅਕਾਲੀ ਬਾਬਾ ਫੂਲਾ ਸਿੰਘ ਸ਼ਹੀਦ ਦੀ ਦੂਜੀ ਸ਼ਹੀਦੀ ਸ਼ਤਾਬਦੀ ਦੇ ਤਿੰਨ ਰੋਜ਼ਾ ਸੰਪੂਰਨਤਾ ਸਮਾਗਮਾਂ ਦੇ ਪਹਿਲੇ ਦਿਨ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਅਤੇ ਨਿਹੰਗ ਸਿੰਘਾਂ ਦੇ ਵੱਖ-ਵੱਖ ਰਾਗੀ ਜਥਿਆਂ ਨੇ ਕੀਰਤਨ ਅਤੇ ਕਥਾਵਾਚਕ ਵਿਦਵਾਨਾਂ ਨੇ ਗੁਰਬਾਣੀ ਦੇ ਵਿਖਿਆਨਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।
ਗੁਰਮਤਿ ਸਮਾਗਮ ਵਿੱਚ ਨਿਹੰਗ ਸਿੰਘਾਂ ਦੇ ਕੀਰਤਨੀ ਜਥਿਆਂ ਤੋਂ ਇਲਾਵਾ ਅੰਮ੍ਰਿਤਸਰ ਸ਼ਹਿਰ ਦੀਆਂ 40 ਦੇ ਕਰੀਬ ਸੁਸਾਇਟੀਆਂ ਦੀਆਂ ਮੁਖੀ ਬੀਬੀਆਂ ਨੇ ਇੱਕ ਇੱਕ ਗੁਰਬਾਣੀ ਸ਼ਬਦ ਦੇ ਜਾਪ ਰਾਹੀਂ ਹਾਜ਼ਰੀ ਭਰੀ। ਬੀਬੀ ਗੁਰਚਰਨ ਕੌਰ ਬੇਬੇ ਨਾਨਕੀ ਇਸਤਰੀ ਸਤਿਸੰਗ ਸਭਾ ਤੋਂ ਇਲਾਵਾ ਬੀਬੀ ਰਘਬੀਰ ਕੌਰ, ਬੀਬੀ ਮਨਜੀਤ ਕੌਰ, ਬੀਬੀ ਹਰਪ੍ਰੀਤ ਕੌਰ, ਬੀਬੀ ਰਜਿੰਦਰ ਕੌਰ, ਬੀਬੀ ਕਵਲਜੀਤ ਕੌਰ, ਬੀਬੀ ਗੁਰਪ੍ਰੀਤ ਕੌਰ, ਬੀਬੀ ਕਮਲਜੀਤ ਕੌਰ, ਬੀਬੀ ਮਨਿੰਦਰ ਕੌਰ, ਬੀਬੀ ਰਣਜੀਤ ਕੌਰ ਅਤੇ ਬੀਬੀ ਬਲਬੀਰ ਕੌਰ ਨੇ ਵੱਖ-ਵੱਖ ਸਭਾ ਵੱਲੋਂ ਕੀਰਤਨ ਅਤੇ ਜਪ ਤਪ ਰਾਹੀਂ ਹਾਜ਼ਰੀ ਭਰੀ। ਦੀਵਾਨ ਅੰਦਰ ਮਹੋਲ ਇਕ ਦਮ ਵਿਸਮਾਦੀ ਹੋ ਗਿਆ ਜਦ ਬਾਬਾ ਹਰਜੀਤ ਸਿੰਘ ਮਹਿਤਾ ਚੌਂਕ ਖੰਡਾ ਖੜਕੇਗਾ ਨੇ ਬੀਰਰਸ ਵਿੱਚ ਕੀਰਤਨ ਗਾਇਨ ਕਰਨ ਤੇ ਸੰਗਤ ਨੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਬੇਗਿਣਤ ਜੈਕਾਰੇ ਲਾਏ। ਸਮਾਗਮ ਸਮੇਂ ਸਟੇਜ ਸਕੱਤਰ ਦੀ ਸੇਵਾ ਬਾਬਾ ਲਖਬੀਰ ਸਿੰਘ ਪ੍ਰਚਾਰਕ ਬੁੱਢਾ ਦਲ ਨੇ ਕੀਤੀ।
ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਇਸ ਸਮੇਂ ਸੰਬੋਧਨ ਕਰਦਿਆਂ ਕਿਹਾ ਕਿ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਦੀਆਂ ਬੀਬੀਆਂ ਦੇ ਵੱਡੀ ਘਾਲ ਹੈ। ਸਾਲ ਭਰ ਸੁਖਮਨੀ ਸਾਹਿਬ ਦੇ ਪਾਠ ਅਕਾਲੀ ਜੀ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਜਾਰੀ ਰੱਖਣ ਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਸ਼ਤਾਬਦੀ ਨੂੰ ਸਮਰਪਿਤ ਗੁ: ਬੁਰਜ ਅਕਾਲੀ ਬਾਬਾ ਫੂਲਾ ਸਿੰਘ ਵਿਖੇ ਨਿਰੰਤਰ ਸ੍ਰੀ ਅਖੰਡ ਪਾਠਾਂ ਦੀ ਲੜੀ ਚੱਲ ਰਹੀ ਹੈ। ਸੰਗਤਾਂ ਦੀ ਆਓ ਭਗਤ ਲਈ ਵੱਖ-ਵੱਖ ਪਦਾਰਥਾਂ ਦੇ ਲੰਗਰ ਅਤੁੱਟ ਚਲਦੇ ਰਹੇ।
