ਕੁਆਂਟਮ ਕੰਪਿਊਟਰ ਜਲਦੀ ਅਮਲ ਵਿੱਚ ਵਿੱਚ ਲਿਆਉਣ ਦੇ ਵਾਅਦੇ ਨਾਲ ‘ਕੁਐਸਟ’ ਦੀ ਰਾਸ਼ਟਰੀ ਵਰਕਸ਼ਾਪ ਸੰਪੰਨ

ਦੁਆਰਾ: Punjab Bani ਪ੍ਰਕਾਸ਼ਿਤ :Sunday, 17 March, 2024, 05:32 PM

ਕੁਆਂਟਮ ਕੰਪਿਊਟਰ ਜਲਦੀ ਅਮਲ ਵਿੱਚ ਵਿੱਚ ਲਿਆਉਣ ਦੇ ਵਾਅਦੇ ਨਾਲ ‘ਕੁਐਸਟ’ ਦੀ ਰਾਸ਼ਟਰੀ ਵਰਕਸ਼ਾਪ ਸੰਪੰਨ
ਰਾਸ਼ਟਰੀ ਕਨਵੀਨਰ ਪ੍ਰੋ. ਅਰਵਿੰਦ ਵੱਲੋਂ ਸਫ਼ਲ ਵਰਕਸ਼ਾਪ ਲਈ ਭੌਤਕ ਵਿਗਿਆਨੀਆਂ ਨੂੰ ਵਧਾਈ
ਪਟਿਆਲਾ, 17 ਮਾਰਚ
ਪਿਛਲੇ ਦੋ ਦਿਨਾਂ ਤੋਂ ਪੰਜਾਬੀ ਯੂਨੀਵਰਸਿਟੀ ਵਿਖੇ ਚੱਲ ਰਹੀ ‘ਕੁਐਸਟ’ ਦੀ ਰਾਸ਼ਟਰੀ ਵਰਕਸ਼ਾਪ ਕੁਆਂਟਮ ਕੰਪਿਊਟਰ ਜਲਦੀ ਅਮਲ ਵਿੱਚ ਆਉਣ ਦੇ ਵਾਅਦੇ ਨਾਲ ਸੰਪੰਨ ਹੋ ਗਈ ਹੈ। ਥੀਮ-ਦੇ ਰਾਸ਼ਟਰੀ ਕਨਵੀਨਰ ਪ੍ਰੋ. ਅਰਵਿੰਦ ਵੱਲੋਂ ਇਸ ਵਰਕਸ਼ਾਪ ਦੀ ਸਫ਼ਲਤਾ ਲਈ ਦੇਸ਼ ਭਰ ਤੋਂ ਇਸ ਵਿੱਚ ਹਿੱਸਾ ਲੈਣ ਪਹੁੰਚੇ ਭੌਤਕ ਵਿਗਿਆਨੀਆਂ ਨੂੰ ਵਧਾਈ ਦਿੱਤੀ ਹੈ।
ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੌਜੀ ਵਿਭਾਗ ਨਾਲ਼ ਸੰਬੰਧਤ ਪ੍ਰਾਜੈਕਟ ’ਕੁਆਂਟਮ ਐਨੇਬਲਡ ਸਾਇੰਸ ਐਂਡ ਟੈਕਨੌਲਜੀ’ (ਕੁਐਸਟ) ਥੀਮ-1 ਤਹਿਤ ਇਹ ਚੌਥੀ ਰਾਸ਼ਟਰੀ ਵਰਕਸ਼ਾਪ ਸੀ। ਇੰਡੀਅਨ ਇੰਸਟੀਚੂਟ ਆਫ਼ ਸਾਇੰਸ ਐਜੂਕੇਸ਼ਨ ਐਂਡ ਰਿਸਰਚ (ਆਇਜ਼ਰ), ਮੋਹਾਲੀ ਦੇ ਸਹਿਯੋਗ ਨਾਲ਼ ਇਹ ਵਰਕਸ਼ਾਪ ‘ਕੁਆਂਟਮ ਇਨਫ਼ਰਮੇਸ਼ਨ ਟੈਕਨੌਲਜੀ ਵਿਦ ਫ਼ੋਟੋਨਿਕ ਡਿਵਾਇਸਜ਼’ ਵਿਸ਼ੇ ਉੱਤੇ ਕਰਵਾਈ ਗਈ।
ਤਿੰਨ ਸੌ ਕਰੋੜ ਰੁਪਏ ਦੇ ਖੋਜ ਪ੍ਰੋਗਰਾਮ ਥੀਮ-1 ਦੇ ਕੌਮੀ ਕਨਵੀਨਰ ਪ੍ਰੋ. ਅਰਵਿੰਦ ਨੇ ਦੱਸਿਆ ਕਿ ਵਰਕਸ਼ਾਪ ਵਿੱਚ ਸ਼ਾਮਿਲ ਹੋਏ ਵਿਗਿਆਨੀਆਂ ਅਤੇ ਮਾਹਿਰਾਂ ਵੱਲੋਂ ਦੋ ਦਿਨਾਂ ਦੌਰਾਨ ਜਿੱਥੇ ਇਸ ਪ੍ਰੋਜੈਕਟ ਦੀ ਮੌਜੂਦਾ ਸਥਿਤੀ, ਪ੍ਰਗਤੀ, ਸੰਭਾਵਨਾਵਾਂ ਆਦਿ ਸਬੰਧੀ ਵਿਸਥਾਰ ਵਿੱਚ ਚਰਚਾ ਕੀਤੀ ਗਈ ਓਥੇ ਹੀ ਅਗਲੇਰੇ ਪੱਧਰ ਦੇ ਕੰਮ ਲਈ ਅਹਿਮ ਵਿਚਾਰਾਂ ਵੀ ਹੋਈਆਂ। ਉਨ੍ਹਾਂ ਦੱਸਿਆ ਕਿ ਇਸ ਵਿਚਾਰ-ਵਟਾਂਦਰੇ ਤੋਂ ਇਹ ਸਾਹਮਣੇ ਆਇਆ ਕਿ ਕੁਆਂਟਮ ਕੰਪਿਊਟਰ ਜਲਦੀ ਅਮਲੀ ਰੂਪ ਵਿੱਚ ਸਾਹਮਣੇ ਆ ਜਾਵੇਗਾ।
ਵਰਕਸ਼ਾਪ ਦੇ ਦੂਜੇ ਦਿਨ ਜੇ. ਆਈ. ਆਈ. ਟੀ. ਨੋਇਡਾ ਤੋਂ ਪੁੱਜੇ ਪ੍ਰੋ. ਅਨਿਰਬਨ ਪਾਠਕ ਨੇ ਕੁਆਂਟਮ ਉਪਕਰਣਾਂ ਦੀ ਡਿਜ਼ਾਇਨਿੰਗ, ਕੁਆਂਟਮ ਹੈਕਿੰਗ ਅਤੇ ਸੁਰਖਿਅਤ ਸੰਚਾਰ ਲਈ ਰੈਂਡਮ ਨੰਬਰ ਜਨਰੇਟ ਕੀਤੇ ਜਾਣ ਦੇ ਵਿਸ਼ੇ ਉੱਤੇ ਆਪਣੇ ਵਿਚਾਰ ਪ੍ਰਗਟਾਏ। ਆਈ.ਐੱਮ.ਐੱਸ.ਸੀ. ਚੇਨਈ ਤੋਂ ਪ੍ਰੋ. ਸਿਬਿਆਸਿਸ਼ ਘੋਸ਼ ਨੇ ‘ਕੁਆਂਟਮ ਹੀਟ ਇੰਜਨ’ ਦੇ ਵਿਸ਼ੇ ਉੱਤੇ ਆਪਣੇ ਵਿਚਾਰ ਪ੍ਰਗਟ ਕੀਤੇ। ਆਈ. ਆਈ. ਟੀ. ਜੋਧਪੁਰ ਤੋੰ ਡਾ. ਵੀ. ਨਰਾਇਣਨ ਵੱਲੋਂ ‘ਜਨਰੇਸ਼ਨ ਆਫ਼ ਐਂਟੈਂਗਲਡ ਫ਼ੋਟੋਨਜ਼ ਐਂਡ ਇਟਸ ਐਪਲੀਕੇਸ਼ਨ ਟੂ ਕੁਆਂਟਮ ਕੰਪਿਊਟੇਸ਼ਨ ਐਂਡ ਇਨਫਰਮੇਸ਼ਨ ਪ੍ਰੋਸੈਸਿੰਗ’ ਵਿਸ਼ੇ ਉੱਤੇ ਆਪਣਾ ਖੋਜ ਪੱਤਰ ਪੜਿ.੍ਹਆ। ਇਨ੍ਹਾਂ ਵਿਗਿਆਨੀਆਂ ਵੱਲੋਂ ਪ੍ਰਗਟਾਏ ਗਏ ਵਿਚਾਰਾਂ ਦੀ ਨਿਰੰਤਰਤਾ ਵਿੱਚ ਸ਼ੁਰੂ ਹੋਏ ਸੰਵਾਦ ਦੌਰਾਨ ਵੱਖ-ਵੱਖ ਮਾਹਿਰਾਂ ਵੱਲੋਂ ਆਪਣੇ ਵਿਚਾਰ ਪ੍ਰਗਟਾਏ ਗਏ।
ਵਰਕਸ਼ਾਪ ਦੇ ਵਿਦਾਇਗੀ ਸੈਸ਼ਨ ਦੌਰਾਨ ਬੋਲਦਿਆਂ ਪ੍ਰੋ. ਅਰਵਿੰਦ ਨੇ ਇਸ ਮਿਸ਼ਨ ਦੇ ਉਦੇਸ਼ਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਯੂਰਪ, ਅਮਰੀਕਾ, ਆਸਟਰੇਲੀਆ ਅਤੇ ਚੀਨ ਕੁਆਂਟਮ ਸੰਚਾਰ ਖੇਤਰ ਦੇ ਪ੍ਰਮੁੱਖ ਖਿਡਾਰੀ ਹਨ। ਚੀਨ ਨੇ ਉਪਗ੍ਰਹਿ ਆਧਾਰਿਤ ਕੁਆਂਟਮ ਸੰਚਾਰ ਦਾ ਬੁਨਿਆਦੀ ਕੰਮ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ 2000 ਵਿੱਚ ਜਦੋਂ ਅਸੀਂ ਆਈ.ਆਈ.ਐੱਸ.ਸੀ. ਬੈਂਗਲੂਰੂ ਵਿੱਚ ਆਪਣੀ ਛੋਟੀ ਜਿਹੀ ਖੋਜ ਸ਼ੁਰੂ ਕੀਤੀ ਸੀ ਅਤੇ ਕੋਲਕਾਤਾ ਵਿੱਚ ਕੁਝ ਹੋਰ ਲੋਕਾਂ ਨੇ ਵੀ ਇਨ੍ਹਾਂ ਵਿਚਾਰਾਂ ਉੱਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਤਾਂ ਉਸ ਸਮੇਂ ਤੱਕ ਚੀਨ ਨੇ ਕੋਈ ਵੀ ਪ੍ਰੋਗਰਾਮ ਨਹੀਂ ਬਣਾਇਆ ਸੀ ਪਰ ਉਨ੍ਹਾਂ ਦੇ ਨੀਤੀ ਨਿਰਮਾਤਾਵਾਂ ਅਤੇ ਸਰਕਾਰਾਂ ਨੇ ਇਸ ਦੀ ਮਹੱਤਤਾ ਨੂੰ ਸਾਡੇ ਨੀਤੀ ਨਿਰਮਾਤਾਵਾਂ ਅਤੇ ਸਰਕਾਰਾਂ ਨਾਲੋਂ ਬਹੁਤ ਪਹਿਲਾਂ ਦੇਖ ਲਿਆ ਸੀ। ਅਸੀਂ ਵਿਗਿਆਨਕ ਦਿਲਚਸਪੀ ਅਤੇ ਸ਼ੁਰੂਆਤੀ ਕੰਮ ਦੇ ਮਾਮਲੇ ਵਿੱਚ ਉਹਨਾਂ ਤੋਂ ਅੱਗੇ ਸੀ ਪਰ ਅਸੀਂ ਆਪਣੇ ਮਿਸ਼ਨ ਵਿੱਚ ਬਹੁਤ ਦੇਰੀ ਕੀਤੀ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਪਰ ਹੁਣ ਅਸੀਂ ਇਸ ਪ੍ਰਾਜੈਕਟ ਰਾਹੀਂ ਜਲਦ ਹੀ ਚੰਗੇ ਨਤੀਜਿਆਂ ਵੱਲ ਵਧ ਰਹੇ ਹਾਂ।
ਜ਼ਿਕਰਯੋਗ ਹੈ ਕਿ ਵਰਕਸ਼ਾਪ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਸ਼ਿਰਕਤ ਕਰਨ ਪੁੱਜੀਆਂ ਸ਼ਖਸੀਅਤਾਂ ਲਈ ਯੂਨੀਵਰਸਟੀ ਦੇ ਕਲਾ ਭਵਨ ਵਿਖੇ ਪਹਿਲੇ ਦਿਨ ਸ਼ਾਮ ਨੂੰ ਕਲਾਸੀਕਲ ਰੰਗਤ ਵਾਲੀ ਸੰਗੀਤਮਈ ਸ਼ਾਮ ਦਾ ਆਯੋਜਨ ਵੀ ਕੀਤਾ ਗਿਆ। ਡਾ. ਅਲੰਕਾਰ ਸਿੰਘ ਦੀ ਅਗਵਾਈ ਵਿੱਚ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਅਤੇ ਕਰਮਚਾਰੀਆਂ ਵੱਲੋਂ ਅਪਣੀਆਂ ਕਲਾਸੀਕਲ ਪੇਸ਼ਕਾਰੀਆਂ ਦਿੱਤੀਆਂ ਗਈਆਂ।