ਆਪ ਦੇ ਟਕਸਾਲੀ ਆਗੂਆਂ ਵਲੋਂ ਸ਼ਹਿਰ ਸੰਬੰਧੀ ਸਮੱਸਿਆਵਾਂ ਨੂੰ ਲੈਕੇ ਨਿਗਮ ਸੰਯੁਕਤ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ

ਦੁਆਰਾ: Punjab Bani ਪ੍ਰਕਾਸ਼ਿਤ :Friday, 23 February, 2024, 08:23 PM

ਆਪ ਦੇ ਟਕਸਾਲੀ ਆਗੂਆਂ ਵਲੋਂ ਸ਼ਹਿਰ ਸੰਬੰਧੀ ਸਮੱਸਿਆਵਾਂ ਨੂੰ ਲੈਕੇ ਨਿਗਮ ਸੰਯੁਕਤ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ

● ਆਮ ਲੋਕਾਂ ਦੀਆਂ ਸਮੱਸਿਆਵਾਂ ਜਲਦ ਹੱਲ ਕੀਤੀਆਂ ਜਾਣ – ਸਮੂਹ ਟਕਸਾਲੀ ਆਗੂ

ਆਮ ਆਦਮੀ ਪਾਰਟੀ ਵਲੋਂ ਅੱਜ ਪਟਿਆਲਾ ਸ਼ਹਿਰੀ ਦੇ ਕੁਝ ਵਾਰਡਾਂ ਦੀਆਂ ਪਾਣੀ, ਸੀਵਰੇਜ, ਸੜਕਾਂ, ਸਟਰੀਟ ਲਾਈਟਾਂ, ਸਫਾਈ ਸਬੰਧੀ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਪਾਰਟੀ ਦੇ ਟਕਸਾਲੀ ਆਗੂਆਂ ਨੇ ਨਗਰ ਨਿਗਮ ਪਟਿਆਲਾ ਦੇ ਸੰਯੁਕਤ ਕਮਿਸ਼ਨਰ ਬਬਨਦੀਪ ਸਿੰਘ ਵਾਲੀਆ ਨੂੰ ਮੰਗ ਪੱਤਰ ਦਿੱਤਾ। ਇਸ ਵਫ਼ਦ ਵਿੱਚ ਸੀਨੀਅਰ ਆਗੂ ਸੰਦੀਪ ਬੰਧੂ, ਰਾਜਿੰਦਰ ਮੋਹਨ, ਜਸਵਿੰਦਰ ਰਿੰਪਾ, ਅਮਿਤ ਵਿਕੀ ਜਿਲ੍ਹਾ ਪ੍ਰਧਾਨ ਸ਼ੋਸ਼ਲ ਮੀਡੀਆ, ਅਮਰਜੀਤ ਸਿੰਘ ਬਲਾਕ ਪ੍ਰਧਾਨ ਸ਼ਾਮਿਲ ਸਨ।

ਪ੍ਰੈਸ ਨਾਲ ਗੱਲਬਾਤ ਕਰਦਿਆਂ ਸਮੂਹ ਆਗੂਆਂ ਨੇ ਦੱਸਿਆ ਕਿ ਪਟਿਆਲਾ ਸ਼ਹਿਰੀ ਦੇ ਇਲਾਕਿਆਂ ਵਿੱਚ ਸਫਾਈ, ਸੀਵਰੇਜ ਜਾਮ, ਟੁੱਟੀਆਂ ਰੋਡ ਗੱਲੀਆਂ ਅਤੇ ਸਟਰੀਟ ਲਾਈਟਾਂ ਅਤੇ ਪਾਰਕਾਂ ਦਾ ਕੰਮ ਹੋਣ ਵਾਲਾ ਹੈ। ਪਾਰਟੀ ਦੇ ਸੀਨੀਅਰ ਆਗੂ ਸੰਦੀਪ ਬੰਧੂ ਵਲੋਂ ਦੱਸਿਆ ਗਿਆ ਵਾਰਡ ਨੰ: 49 ਵਿੱਚ ਪੁਰਾਣਾ ਲਾਲ ਬਾਗ ਇਲਾਕੇ ਵਿੱਚ ਸਟਰੀਟ ਲਾਈਟਾਂ ਕਾਫੀ ਖਰਾਬ ਪਈਆਂ ਹਨ। ਜਿਸ ਨਾਲ ਰਾਤ ਨੂੰ ਆਮ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੁਰਾਣਾ ਲਾਲ ਬਾਗ ਇਲਾਕੇ ਵਿੱਚ ਸੀਵਰੇਜ ਜਾਮ ਦੀ ਸਮੱਸਿਆ ਰਹਿੰਦੀ ਹੈ। ਦੋ ਜਗ੍ਹਾ ਉਪਰ ਨਵੇਂ ਸੀਵਰੇਜ ਮੇਨ ਹੋਲ ਬਣਾਉਣ ਦੀ ਲੋੜ ਹੈ। ਵਾਰਡ ਵਿੱਚ ਪੁਰਾਣਾ ਬੀ-ਟੈਂਕ ਪਾਰਕ ਨੂੰ ਨਵਾਂ ਬਣਾਉਣ ਲਈ ਕਾਫੀ ਸਮੇਂ ਤੋਂ ਐਸਟੀਮੇਟ ਪਾਸ ਕੀਤਾ ਹੋਇਆ, ਪਾਰਕ ਦਾ ਕੰਮ ਜਲਦ ਤੋਂ ਜਲਦ ਸ਼ੁਰੂ ਕਰਵਾਇਆ ਜਾਏ। ਪਾਰਟੀ ਦੇ ਸੀਨੀਅਰ ਆਗੂ ਰਾਜਿੰਦਰ ਮੋਹਨ ਨੇ 22 ਨੰਬਰ ਫਾਟਕ ਪੁੱਲ ਦੇ ਨੀਚੇ ਸਟਰੀਟ ਲਾਈਟਾਂ ਠੀਕ ਕਰਵਾਉਣ ਅਤੇ ਸੜਕ ਰਿਪੇਅਰ ਦਾ ਕੰਮ ਕਰਵਾਉਣ ਲਈ ਕਮਿਸ਼ਨਰ ਨੂੰ ਬੇਨਤੀ ਕੀਤੀ। 22 ਨੰਬਰ ਫਾਟਕ ਤੋਂ 21 ਨੰਬਰ ਫਾਟਕ ਨੂੰ ਜਾਂਦੀ ਰੋਡ ਵਿੱਚ ਸੀਵਰੇਜ ਜਾਮ ਦੀ ਮੁਸ਼ਕਿਲ ਬਣੀ ਰਹਿੰਦੀ ਹੈ। ਸੀਵਰੇਜ ਲਾਈਨ ਨੂੰ ਸੁਪਰ ਸਕਿੰਗ ਮਸ਼ੀਨ ਨਾਲ ਸਾਫ ਕਰਵਾਇਆ ਜਾਏ। ਪਾਰਟੀ ਦੇ ਸੀਨੀਅਰ ਆਗੂ ਜਸਵਿੰਦਰ ਰਿੰਪਾ ਵਲੋਂ ਨਾਲੀਆਂ ਅਤੇ ਸੀਵਰੇਜ ਵਿੱਚ ਸੁੱਟੇ ਜਾਂਦੇ ਗੋਹੇ ਕਰਕੇ ਸੀਵਰੇਜ ਜਾਮ ਦੀ ਸਮੱਸਿਆ ਦਾ ਹੱਲ ਕੱਢਣ ਲਈ ਕਿਹਾ ਗਿਆ। ਜਸਵਿੰਦਰ ਰਿੰਪਾ ਵਲੋਂ ਸ਼ਹਿਰ ਵਿੱਚ ਕਈ ਜਗ੍ਹਾ ਹੋ ਰਹੇ ਨਜਾਇਜ਼ ਕਬਜ਼ਿਆਂ ਬਾਰੇ ਵੀ ਸੰਯੁਕਤ ਕਮਿਸ਼ਨਰ ਨੂੰ ਦੱਸਿਆ ਗਿਆ।

ਇਸ ਮੌਕੇ ਸ਼ੋਸ਼ਲ ਮੀਡੀਆ ਇੰਚਾਰਜ ਅਮਿਤ ਵਿਕੀ ਵਲੋਂ ਸੰਯੁਕਤ ਕਮਿਸ਼ਨਰ ਨੂੰ ਦੱਸਿਆ ਗਿਆ ਕਿ ਰਾਜਿੰਦਰ ਹਸਪਤਾਲ ਤੋਂ ਲੈ ਕੇ 23 ਨੰਬਰ ਫਾਟਕ ਤਕ ਜਾਂਦੀ ਬੰਡੂਗਰ ਰੋਡ ਦਾ ਕਾਫੀ ਬੁਰਾ ਹਾਲ ਹੈ, ਸੜਕ ਉਪਰ ਸਟਰੀਟ ਲਾਈਟਾਂ ਕਾਫੀ ਖਰਾਬ ਹਨ, ਸੜਕ ਕਾਫੀ ਜਗ੍ਹਾ ਤੋਂ ਟੁੱਟੀ ਹੋਈ ਹੈ, ਸੜਕ ਉਪਰ ਕਾਫੀ ਟੋਏ ਪਏ ਹੋਏ ਹਨ। ਰਾਤ ਨੂੰ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਲਾਕ ਪ੍ਰਧਾਨ ਅਮਰਜੀਤ ਸਿੰਘ ਵਲੋਂ ਸ਼ੇਰੇ-ਏ-ਪੰਜਾਬ ਮਾਰਕੀਟ ਰੋਡ ਉਪਰ ਸਟਰੀਟ ਲਾਈਟਾਂ ਸੰਬੰਧੀ ਸਮੱਸਿਆ ਅਤੇ ਸ਼ੇਰਾਂ ਵਾਲੇ ਗੇਟ ਵਿਖੇ ਸੀਵਰੇਜ ਜਾਮ ਦੀ ਸਮੱਸਿਆ ਵੱਲ ਸੰਯੁਕਤ ਕਮਿਸ਼ਨਰ ਦਾ ਧਿਆਨ ਦਵਾਇਆ।

ਇਸ ਮੌਕੇ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਨੇ ਪਾਰਟੀ ਦੇ ਟਕਸਾਲੀ ਆਗੂਆਂ ਦੀਆਂ ਗੱਲਾਂ ਨੂੰ ਬੜੇ ਧਿਆਨ ਨਾਲ ਸੁਣਿਆ ਅਤੇ ਕਿਹਾ ਕਿ ਉਹਨਾਂ ਵਲੋਂ ਆਮ ਲੋਕਾਂ ਦੇ ਜੋ ਵੀ ਮਸਲੇ ਉਹਨਾਂ ਦੇ ਧਿਆਨ ਵਿੱਚ ਲਿਆਂਦੇ ਗਏ ਹਨ, ਉਹਨਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਕੇ ਆਮ ਲੋਕਾਂ ਨੂੰ ਰਾਹਤ ਪਹੁੰਚਾਈ ਜਾਵੇਗੀ।