ਖਨੌਰੀ ਬਾਰਡਰ 'ਤੇ ਸੰਘਰਸ ਦੌਰਾਨ ਇੱਕ ਹੋਰ ਕਿਸਾਨ ਦੀ ਮੌਤ

ਦੁਆਰਾ: Punjab Bani ਪ੍ਰਕਾਸ਼ਿਤ :Tuesday, 27 February, 2024, 09:16 PM

ਖਨੌਰੀ ਬਾਰਡਰ ‘ਤੇ ਸੰਘਰਸ ਦੌਰਾਨ ਇੱਕ ਹੋਰ ਕਿਸਾਨ ਦੀ ਮੌਤ
– ਸੂਬਾ ਸਰਕਾਰ ਦੇ ਦੇਰੀ ਭਰੇ ਫੈਸਲੇ ਕਾਰਨ ਰੁਲ ਰਹੀ ਹੈ ਸ਼ਹੀਦ ਕਿਸਾਨ ਸ਼ੁਭਕਰਨ ਦੀ ਮ੍ਰਿਤਕ ਦੇਹ : ਕਿਸਾਨ ਨੇਤਾ
ਰਾਜਪੁਰਾ :
ਪਿਛਲੀ 13 ਫਰਵਰੀ ਤੋਂ ਸੰਭੂ ਅਤੇ ਖਨੌਰੀ ਬਾਰਡਰਾਂ ਵਿਖੇ ਕੇਂਦਰ ਸਰਕਾਰ ਖਿਲਾਫ ਐਮ.ਐਸ.ਪੀ. ਤੇ ਹੋਰ ਮੰਗਾਂ ਨੂੰ ਲੈ ਕੇ ਚਲ ਰਹੇ ਸੰਘਰਸ਼ ਦੌਰਾਨ ਜਿੱਥੇ ਹੁਣ ਕੇਂਦਰ ਸਰਕਾਰ ਨੇ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਚੁੱਪ ਧਾਰੀ ਹੋਈ ਹੈ ਤੇ ਅਜੇ ਤੱਕ ਮੁੜ ਕਿਸਾਨਾਂ ਨੂੰ ਕੋਈ ਵੀ ਮਜ਼ਬੂਤ ਪ੍ਰਸਤਾਵ ਪੇਸ਼ ਨਹੀਂ ਕੀਤਾ, ਜਿਸ ਕਾਰਨ ਕਿਸਾਨਾਂ ਅਤੇ ਮਜਦੂਰਾਂ ਅੰਦਰ ਰੋਸ਼ ਵਧਦਾ ਜਾ ਰਿਹਾ ਹੈ।
ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ, ਸਵਰਣ ਸਿੰਘ ਪੰਧੇ, ਸਤਨਾਮ ਸਿੰਘ ਬਹਿਰੂੂ, ਸੁਰਜੀਤ ਸਿੰਘ ਫੂਲ ਅਤੇ ਹੋਰ ਨੇਤਾਵਾਂ ਨੇ ਆਖਿਆ ਹੈ ਕਿ ਕੇਂਦਰ ਸਰਕਾਰ ਵੱਲੋ ਕਿਸਾਨਾਂ ਨੂੰ ਅਜੇ ਤੱਕ ਗੱਲਬਾਤ ਲਈ ਕੋਈ ਵੀ ਏਜੰਡਾ ਤਹਿਤ ਬੁਲਾਵਾ ਨਹੀਂ ਆਇਆ, ਜਿਸ ਕਾਰਨ ਇਹ ਸੰਘਰਸ਼ ਹੋਰ ਤਿੱਖਾ ਹੋਵੇਗਾ, ਜਿਸਦੀ ਜਿੰਮੇਵਾਰੀ ਕੇਂਦਰ ਸਰਕਾਰ ਦੀ ਹੋਵੇਗੀ।
ਦੂਸਰੇ ਪਾਸੇ ਅੱਜ ਖਨੌਰੀ ਮੋਰਚੇ ਉਪਰ ਅੱਜ ਪਟਿਆਲਾ ਜਿਲਾ ਦੇ ਪਿੰਡ ਅਰਨੋ ਦੇ ਇੱਕ ਹੋਰ ਕਿਸਾਨ ਕਰਨੈਲ ਸਿੰਘ ਪੁੱਤਰ ਨਿਹਾਲ ਸਿੰਘ (62) ਦੀ ਮੌਤ ਹੋ ਗਈ ਹੈ। ਇਸ ਕਿਸਾਨ ਨੂੰ ਅਟੈਕ ਦੇ ਚਲਦਿਆਂ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖਲ ਕਰਵਾਇਆ ਗਿਆ ਸੀ ਪਰ ਜਿੱਕੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।
ਇਨ੍ਹਾਂ ਕਿਸਾਨ ਨੇਤਾਵਾਂ ਨੇ ਆਖਿਆ ਕਿ ਇੱਕ ਪਾਸੇ ਸੰਭੂ ਅਤੇ ਖਨੌਰੀ ਬਾਰਡਰ ‘ਤੇ ਰੋਜਾਨਾ ਸ਼ਹੀਦੀਆਂ ਹੋ ਰਹੀਆ ਹਨ। ਦੂਸਰੇ ਪਾਸੇ ਪੰਜਾਬ ਸਰਕਾਰ ਦੀ ਚੁੱਪੀ ਕਾਰਨ ਇਸ ਵੇਲੇ ਸਾਡੇ ਸ਼ਹੀਦ ਕਿਸਾਨ ਸ਼ੁਭਕਰਨ ਦੀ ਲਾਸ਼ ਰੁਲ ਰਹੀ ਹੈ, ਜਿਸ ਲਈ ਸਿੱਧੇ ਤੌਰ ‘ਤੇ ਸਰਕਾਰ ਦੋਸ਼ੀ ਹੈ। ਕਿਸਾਨਾਂ ਨੇ ਆਖਿਆ ਕਿ ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਫਰਦਾਂ ਤੱਕ ਕੱਢ ਕੇ ਦੇ ਦਿੱਤੀਆਂ ਕਿ ਸ਼ੁਭਕਰਨ ਦੀ ਜਿਹੜੀ ਗੋਲੀ ਲੱਗਣ ਨਾਲ ਸ਼ਹੀਦੀ ਹੋਈ ਹੈ, ਉਹ ਪੰਜਾਬ ਦੇ ਖੇਤਰ ਦੀ ਹੈ ਤੇ ਇੱਕ ਵਾਰ ਸਰਕਾਰ ਦੇ ਅਫਸਰ ਐਫ.ਆਈ.ਆਰ ਕਰਨ ਲਈ ਮੰਨ ਵੀ ਗਏ ਸਨ ਪਰ ਫਿਰ ਪਿਛੇ ਹਟ ਗਏ, ਜਿਸ ਕਾਰਨ ਕਿਸਾਨਾਂ ਦੇ ਮਨਾਂ ਅੰਦਰ ਭਾਰੀ ਰੋਸ਼ ਹੈ।