ਸੰਭੂ ਬਾਰਡਰ 'ਤੇ ਕਿਸਾਨ ਨੇਤਾਵਾਂ ਨੇ ਕੀਤੇ ਐਸ.ਕੇ.ਐਮ. 'ਤੇ ਤਿੱਖੇ ਹਮਲੇ

ਸੰਭੂ ਬਾਰਡਰ ‘ਤੇ ਕਿਸਾਨ ਨੇਤਾਵਾਂ ਨੇ ਕੀਤੇ ਐਸ.ਕੇ.ਐਮ. ‘ਤੇ ਤਿੱਖੇ ਹਮਲੇ
– ਮੋਰਚਿਆਂ ਨੂੰ ਢਾਹ ਲਗਾਉਣ ਦੀਆਂ ਨਾਕਾਮ ਕੋਸ਼ਿਸ਼ਾਂ ਕਰ ਰਿਹਾ ਹੈ ਐਸ.ਕੇ.ਐਮ. : ਪੰਧੇਰ
ਪਟਿਆਲਾ : ਦਿੱਲੀ ਕੂਚ ਨੂੰ ਲੈ ਕੇ ਸੰਭੂ ਅਤੇ ਖਨੌਰੀ ਬਾਰਡਰਾਂ ਉਪਰ ਭਖੇ ਹੋਏ ਕਿਸਾਨ ਮਜਦੂਰ ਸੰਘਰਸ਼ ਦੇ ਚਲਦੇ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਅਤੇ ਸੰਯੁਕਤ ਕਿਸਾਨ ਮੋਰਚਾ ਵਿੱਚ ਕਲੇਸ਼ ਪੈ ਗਿਆ ਹੈ। ਹਾਲਾਂਕਿ ਇਹ ਕਲੇਸ਼ ਕਈ ਦਿਨਾਂ ਤੋਂ ਅੰਦਰਖਾਤੇ ਮੱਘ ਰਿਹਾ ਸੀ ਪਰ ਅੱਜ ਸੰਭੂ ਮੋਰਚਾ ਉਪਰ ਐਸ.ਕੇ.ਐਮ. ਐਨ.ਪੀ. ਦੇ ਨੇਤਾ ਸਵਰਣ ਸਿੰਘ ਪੰਧੇਰ ਅਤੇ ਹੋਰਨਾਂ ਵੱਲੋਂ ਐਸ.ਕੇ.ਐਮ. ‘ਤੇ ਤਿੱਖੇ ਹਮਲੇ ਕੀਤੇ ਗਏ ਹਨ ਤੇ ਕਿਹਾ ਗਿਆ ਹੈ ਕਿ ਐਸ.ਕੇ.ਐਮ. ਸਾਡੇ ਖਿਲਾਫ ਬਿਆਨਬਾਜੀ ਕਰਕੇ ਕਿਸਾਨਾਂ ਵੱਲੋਂ ਚਲਾਏ ਜਾ ਰਹੇ ਸੰਘਰਸ਼ ਨੂੰ ਢਾਹ ਲਗਾਉਣ ਦੀ ਨਾਕਾਮ ਕੋਸ਼ਿਸ਼ਾਂ ਕਰ ਰਿਹਾ ਹੈ।
ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਜਦੂਰ ਮੋਰਚਾ ਵੱਲੋਂ ਆਪਣੇ ਇਸ ਸ਼ਿਖਰ ‘ਤੇ ਪੁੱਜੇ ਸੰਘਰਸ਼ ਦੌਰਾਨ ਅੱਜ ਸੰਭੂ ਬਾਰਡਰ ਉਪਰ ਭਰਵੀ ਪ੍ਰੈਸ ਕਾਨਫਰੰਸ ਕਰਕੇ ਆਖਿਆ ਗਿਆ ਹੈ ਕਿ ਅਸੀ ਇਹ ਮੋਰਚਾ ਸ਼ੁਰੂ ਕਰਨ ਸਮੇਂ ਐਸ.ਕੇ.ਐਮ. ਦੇ ਸਮੁਚੇ ਨੇਤਾਵਾਂ ਨਾਲ 13 ਮੀਟਿੰਗਾਂ ਕੀਤੀਆਂ ਅਤੇ ਇਨ੍ਹਾਂ ਨੂੰ ਇਸ ਸੰਘਰਸ਼ ਵਿੱਚ ਰਲਣ ਲਈ 100 ਵਾਰ ਬੇਨਤੀ ਵੀ ਕੀਤੀ ਪਰ ਜਦੋਂ ਇਨ੍ਹਾਂ ਵੱਲੋਂ ਨਾ ਪੱਖੀ ਜਵਾਬ ਆਇਆ ਤਾਂ ਉਸਤੋਂ ਬਾਅਦ ਅਸੀ 13 ਫਰਵਰੀ ਨੂੰ ਦਿੱਲੀ ਕੂਚ ਦਾ ਪ੍ਰੋਗਰਾਮ ਦੀ ਕਾਲ ਦਿੱਤੀ ਤੇ ਅੱਜ ਜਦੋਂ ਸੰਘਰਸ਼ ਪੂਰੀ ਤਰ੍ਹਾਂ ਸ਼ਿਖਰ ‘ਤੇ ਮੱਘ ਰਿਹਾ ਹੈ। ਉਨ੍ਹਾਂ ਆਖਿਆ ਕਿ ਸੰਘਰਸ਼ ਦੇ ਲੇਟ ਸ਼ੁਰੂ ਹੋਣ ਦਾ ਕਾਰਨ ਹੀ ਐਸ.ਕੇ.ਐਮ. ਹੈ ਕਿਉਂਕਿ ਅਸੀ ਇਨ੍ਹਾਂ ਨੂੰ ਉਡੀਕਦੇ ਰਹੇ ਨਹੀਂ ਤਾਂ ਅਸੀ ਨਵੰਬਰ ਸਮੇਂ ਹੀ ਸੰਘਰਸ਼ ਸ਼ੁਰੂ ਕਰ ਦੇਣਾ ਸੀ।
ਕਿਸਾਨ ਨੇਤਾਵਾਂ ਨੇ ਕਿਹਾ ਕਿ ਇਸ ਵੇਲੇ ਸੰਯੁਕਤ ਕਿਸਾਨ ਮੋਰਚਾ (ਐਸ.ਕੇ.ਐਮ.) ਜਿਸ ਵਿੱਚ ਇਸ ਵੇਲੇ ਜੋਗਿੰਦਰ ਸਿੰਘ ਉਗਰਾਹਾਂ, ਡਾ. ਦਰਸ਼ਨ ਪਾਲ, ਬਲਬੀਰ ਸਿੰਘ ਰਾਜੇਵਾਲ ਸਮੇਤ ਹੋਰ ਨੇਤਾਵਾਂ ਨੂੰ ਕਿਸਾਨਾਂ ਦੇ ਸ਼ਿਖਰ ‘ਤੇ ਪੁੱਜਿਆ ਸੰਘਰਸ਼ ਰਾਸ ਨਹੀਂ ਆ ਰਿਹਾ ਤੇ ਉਹ ਪੰਜਾਬ ਵਿੱਚ ਸੰਭੂ ਅਤੇ ਖਨੌਰੀ ਬਾਰਡਰ ਉਪਰ ਚਲ ਰਹੇ ਮੋਰਚਿਆਂ ਦੇ ਬਰਾਬਰ ਆਪਣੇ ਸੰਘਰਸ਼ ਦੀ ਕਾਲ ਦੇ ਰਹੇ ਹਨ।
ਐਸ.ਕੇ.ਐਮ. ਐਨ.ਪੀ ਦੇ ਨੇਤਾ ਸਵਰਣ ਸਿੰਘ ਪੰਧੇਰ, ਜਗਜੀਤ ਸਿੰਘ ਡੱਲੇਵਾਲ, ਮਨਜੀਤ ਸਿੰਘ ਰਾਏ, ਸੁਰਜੀਤ ਸਿੰਘ ਫੂਲ, ਸਰਦਾਰ ਲੌਗੋਵਾਲ, ਸਤਨਾਮ ਸਿੰਘ ਬਹਿਰੂ, ਬਲਦੇਵ ਸਿੰਘ ਸਿਰਸਾ, ਸੁਖਪਾਲ ਸਿੰਘ, ਅਮਰਜੀਤ ਸਿੰਘ, ਮਨਜੀਤ ਸਿੰਘ ਰਾਏ, ਸਮੇਤ ਹੋਰ ਨੇਤਾਵਾਂ ਨੇ ਆਖਿਆ ਕਿ ਪਿਛਲੇ ਕੁੱਝ ਦਿਨਾਂ ਤੋਂ ਸੰਯੁਕਤ ਕਿਸਾਨ ਮੋਰਚਾ ਦੇ ਨੇਤਾਵਾਂ ਵੱਲੋਂ ਇਹ ਰਟ ਲਗਾਈ ਜਾ ਰਹੀ ਹੈ ਕਿ ਜਿਸ ਸੰਯੁਕਤ ਕਿਸਾਨ ਮੋਰਚਾ ਦੇ ਦਿੱਲੀ ਵਿਖੇ ਸੰਘਰਸ਼ ਲੜਿਆ, ਉਸ ਵਿਚੋਂ 26 ਜਥੇਬੰਦੀਆਂ ਸਾਡੇ ਨਾਲ ਹਨ, ਜਦੋਂ ਕਿ ਬਾਰਡਰਾਂ ‘ਤੇ ਜਿੰਦ-ਜਾਨ ਦੀ ਲੜਾਈ ਲੜ ਰਹੀਆਂ, ਜਥੇਬੰਦੀਆਂ ਬਹੁਤ ਘੱਟ ਹਨ ਤੇ ਉਨ੍ਹਾਂ ਨਾਲ ਸਾਡਾ ਕੋਈ ਸਬੰਧ ਨਹੀਂ ਹੈ। ਨੇਤਾਵਾਂ ਨੇ ਕਿਹਾ ਕਿ ਐਸ.ਕੇ.ਐਮ. ਦੀਆਂ ਨਾਕਾਮ ਕੋਸ਼ਿਸ਼ਾਂ ਤੋਂ ਬਾਅਦ ਆਖਿਰ ਅੱਜ ਸਾਨੂੰ ਇਹ ਪ੍ਰੈਸ ਕਾਨਫਰੰਸ ਕਰਨੀ ਪਈ ਤੇ ਆਪਣਾ ਪੱਖ ਪੰਜਾਬ ਤੇ ਦੇਸ਼ ਦੇ ਲੋਕਾਂ ਅੱਗੇ ਰੱਖਣਾ ਪਿਆ।
