ਸੰਗਰੂਰ ਪੈਨਸ਼ਨ ਮਹਾਂ ਰੈਲੀ ਵਿੱਚ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਵੱਲੋਂ ਕੀਤੀ ਗਈ ਭਰਵੀਂ ਸ਼ਮੂਲੀਅਤ

ਦੁਆਰਾ: Punjab Bani ਪ੍ਰਕਾਸ਼ਿਤ :Tuesday, 27 February, 2024, 05:29 PM

ਸੰਗਰੂਰ ਪੈਨਸ਼ਨ ਮਹਾਂ ਰੈਲੀ ਵਿੱਚ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਵੱਲੋਂ ਕੀਤੀ ਗਈ ਭਰਵੀਂ ਸ਼ਮੂਲੀਅਤ

ਸਾਂਝੇ ਪੈਨਸ਼ਨ ਮੋਰਚੇ ਦੀ ਸੰਗਰੂਰ ਰੈਲੀ ਨੂੰ ਜ਼ਿਲਾ ਪਟਿਆਲਾ ਦੇ ਐੈੱਨ.ਪੀ.ਐੱਸ ਮੁਲਾਜ਼ਮਾਂ ਨੇ ਦਿੱਤਾ ਭਰਵਾਂ ਹੁੰਗਾਰਾ

ਮੋਰਚੇ ਨਾਲ਼ 28 ਫਰਵਰੀ ਦੀ ਪੈਨਲ ਮੀਟਿੰਗ ਵਿੱਚ ਪੈਨਸ਼ਨ ਤੇ ਠੋਸ ਪ੍ਰਸਤਾਵ ਲਿਆਵੇ ਸਬਕਮੇਟੀ, ਟਾਲਮਟੋਲ ਮੁਲਾਜ਼ਮਾਂ ਦੇ ਰੋਹ ਨੂੰ ਹੋਰ ਤਿੱਖਾ ਕਰੇਗੀ : ਸਤਪਾਲ ਸਮਾਣਵੀ

ਪਟਿਆਲਾ, 27 ਫ਼ਰਵਰੀ ( ) :- ਪੁਰਾਣੀ ਪੈਨਸ਼ਨ ਬਹਾਲੀ ਸਾਂਝਾ ਮੋਰਚਾ ਪੰਜਾਬ ਦੀ ਅਗਵਾਈ ਵਿੱਚ 25 ਫਰਵਰੀ ਨੂੰ ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਵਿਖੇ ਕੀਤੀ ਗਈ ਲਾਮਿਸਾਲ ਸੂਬਾ ਪੱਧਰੀ ਪੈਨਸ਼ਨ ਪ੍ਰਾਪਤੀ ਰੈਲੀ ਵਿੱਚ ਸ਼ਾਮਲ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਜਿਲ੍ਹਾ ਪਟਿਆਲਾ ਵੱਲੋ ਭਰਵੀਂ ਸ਼ਮੂਲੀਅਤ ਕੀਤੀ ਗਈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਤਿੰਨ ਸੰਘਰਸ਼ੀ ਜੱਥੇਬੰਦੀਆਂ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ, ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਅਤੇ ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਵੱਲੋਂ ਪੈਨਸ਼ਨ ਲਾਗੂ ਕਰਨ ਤੋਂ ਭੱਜੀ ਆਪ ਸਰਕਾਰ ਖਿਲਾਫ ਐੱਨ.ਪੀ.ਐੱਸ ਮੁਲਾਜ਼ਮਾਂ ਵੱਲੋਂ ਵੱਡੇ ਪੱਧਰ ਤੇ ਲਾਮਬੰਦੀ ਕਰਕੇ ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਵਿੱਚ ਸੂਬਾ ਪੱਧਰੀ ਮਹਾਂਰੈਲੀ ਕੀਤੀ ਗਈ ਸੀ।ਜਿਸ ਵਿੱਚ ਪੰਜਾਬ ਦੇ ਕੋਨੇ ਕੋਨੇ ਤੋਂ ਰਿਕਾਰਡ ਗਿਣਤੀ ਵਿੱਚ ਸ਼ਾਮਲ ਹੋਏ ਮੁਲਾਜ਼ਮਾਂ ਦੀ ਗੱਲਬਾਤ ਤੋਂ ਇਨਕਾਰੀ ਮੁੱਖ ਮੰਤਰੀ ਦੀ ਰਿਹਾਇਸ਼ ਦੇ ਬਾਹਰ ਪੁਲਿਸ ਨਾਲ਼ ਤਿੱਖੀ ਝੜੱਪ ਹੋਈ ਸੀ।

ਇਸ ਮੌਕੇ ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆਂ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਪਟਿਆਲਾ ਦੇ ਜਿਲ੍ਹਾ ਆਗੂਆਂ ਸਤਪਾਲ ਸਮਾਣਵੀ, ਜਗਤਾਰ ਰਾਮ, ਭਜਨ ਸਿੰਘ ਨਾਭਾ, ਰੋਮੀ ਸਫੀਪੁਰ ਨੇ ਕਿਹਾ ਕਿ ਪੁਰਾਣੀ ਪੈਨਸ਼ਨ ਬਹਾਲੀ ਸਾਂਝਾ ਮੋਰਚਾ ਦੀ ਕੈਬਿਨਟ ਸਬ ਕਮੇਟੀ ਨਾਲ 28 ਫਰਵਰੀ ਦੀ ਤੈਅ ਹੋਈ ਪੈਨਲ ਮੀਟਿੰਗ ਵਿੱਚ ਵੀ ਜੇਕਰ ਪੈਨਸ਼ਨ ਲਾਗੂ ਕੀਤੇ ਜਾਣ ਬਾਰੇ ਸਰਕਾਰ ਦਾ ਰਵੱਈਆ ਟਾਲਮਟੋਲ ਵਾਲਾ ਰਿਹਾ ਤਾਂ ਮੁਲਾਜ਼ਮਾਂ ਦਾ ਰੋਸ ਹੋਰ ਤਿੱਖੇ ਸੰਘਰਸ਼ਾਂ ਵਿੱਚ ਤਬਦੀਲ ਹੋਵੇਗਾ। ਜਿਸ ਦਾ ਸਿਆਸੀ ਖਮਿਆਜ਼ਾ ਆਪ ਸਰਕਾਰ ਨੂੰ ਭੁਗਤਣਾ ਪਵੇਗਾ।ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਵੰਬਰ 2022 ਵਿੱਚ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਸਬੰਧੀ ਇੱਕ ਪੱਤਰ ਜਾਰੀ ਕੀਤਾ ਗਿਆ ਸੀ ਪਰ ਉਸ ਦੀ ਲਗਭਗ ਇੱਕ ਸਾਲ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਪੰਜਾਬ ਦੇ ਇੱਕ ਵੀ ਮੁਲਾਜ਼ਮ ਦਾ ਜੀਪੀਐੱਫ ਖਾਤਾ ਨਹੀਂ ਖੋਲਿਆ ਗਿਆ ਜਿਸ ਦੇ ਖਿਲਾਫ ਪੰਜਾਬ ਦੇ ਐੱਨਪੀਐੱਸ ਮੁਲਾਜ਼ਮਾਂ ਦਾ ਗੁੱਸਾ ਪੰਜਾਬ ਸਰਕਾਰ ਪ੍ਰਤੀ ਦਿਨੋ ਦਿਨ ਵੱਧ ਰਿਹਾ ਹੈ।
ਇਸ ਮੌਕੇ ਸੂਬਾ ਕਨਵੀਨਰ ਅਤਿੰਦਰ ਪਾਲ ਸਿੰਘ, ਹਰਮਿੰਦਰ ਸਿੰਘ, ਹਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਦਿੱਤੇ ਗਏ 4 ਫਰਵਰੀ ਦੇ ਵਿਧਾਨ ਸਭਾ ਵੱਲ ਮਾਰਚ ਵਿੱਚ ਵੀ, ਜਿਸ ਵਿੱਚ ਪੈਨਸ਼ਨ ਦਾ ਮੁੱਦਾ ਪ੍ਰਮੁੱਖ ਤੌਰ ਤੇ ਸ਼ਾਮਲ ਹੈ, ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਵੱਲੋਂ ਭਰਵੀਂ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ।

ਇਸ ਮੌਕੇ ਹਰਵਿੰਦਰ ਰੱਖੜਾ, ਰਾਜਿੰਦਰ ਸਿੰਘ, ਹਰਵਿੰਦਰ ਬੇਲੂਮਾਜਰਾ, ਜਸਪਾਲ ਚੌਧਰੀ,ਰਾਮ ਸ਼ਰਨ, ਰਾਜੀਵ ਕੁਮਾਰ, ਬਲਜਿੰਦਰ ਘੱਗਾ, ਕ੍ਰਿਸ਼ਨ ਚੁਹਾਣਕੇ, ਗੁਰਵਿੰਦਰ ਖੱਟੜਾ, ਕੁਲਵਿੰਦਰ ਕਕਰਾਲਾ, ਸੁਖਦੀਪ ਕੌਰ, ਸੁਖਦੀਪ ਕੌਰ ਬੁਢਲਾਡਾ, ਗੁਰਤੇਜ ਸਿੰਘ, ਸੁਖਦੇਵ ਰਾਜਪੁਰਾ, ਸਮੇਤ ਵੱਡੀ ਗਿਣਤੀ ਵਿੱਚ ਆਗੂ ਹਾਜ਼ਰ ਸਨ।