ਡਾ. ਅਤਰ ਸਿੰਘ ਆਲੋਚਨਾ ਪੁਰਸਕਾਰ ਜੇਤੂ ਪੁਸਤਕ ‘ਪੰਜਾਬੀ ਗੀਤ ਸ਼ਾਸਤਰ’ 'ਤੇ ਵਿਚਾਰ ਚਰਚਾ

ਡਾ. ਅਤਰ ਸਿੰਘ ਆਲੋਚਨਾ ਪੁਰਸਕਾਰ ਜੇਤੂ ਪੁਸਤਕ ‘ਪੰਜਾਬੀ ਗੀਤ ਸ਼ਾਸਤਰ’ ‘ਤੇ ਵਿਚਾਰ ਚਰਚਾ
ਪਟਿਆਲਾ, 27 ਫਰਵਰੀ
ਪੰਜਾਬੀ ਯੂਨੀਵਰਸਿਟੀ ਵਿਖੇ ਪੰਜਾਬੀ ਸਾਹਿਤ ਅਧਿਐਨ ਵਿਭਾਗ ਦੀ ਸਾਹਿਤ ਸਭਾ ਵੱਲੋਂ ਡਾ. ਕਮਲਜੀਤ ਸਿੰਘ ਟਿੱਬਾ ਦੀ ਡਾ. ਅਤਰ ਸਿੰਘ ਆਲੋਚਨਾ ਪੁਰਸਕਾਰ ਜੇਤੂ ਪੁਸਤਕ ‘ਪੰਜਾਬੀ ਗੀਤ ਸ਼ਾਸਤਰ’ ‘ਤੇ ਵਿਚਾਰ ਚਰਚਾ ਕਰਵਾਈ ਗਈ। ਇਹ ਵਿਚਾਰ ਚਰਚਾਯੂਨੀਵਰਸਿਟੀ ਦੇ ਮੇਨ ਗੇਟ ਉੱਤੇ ਸਥਿਤ ਵਰਲਡ ਪੰਜਾਬੀ ਸੈਂਟਰ ਵਿਖੇ ਹੋਈ।
ਇਹ ਪੁਸਤਕ ਪੰਜਾਬੀ ਸਾਹਿਤ ਅਧਿਐਨ ਵਿਭਾਗ ਦਾ ਖੋਜ ਪ੍ਰੋਜੈਕਟ ਸੀ ਜਿਸ ਨੂੰ ਯੂਨੀਵਰਸਿਟੀ ਦੇ ਪਬਲੀਕੇਸ਼ਨ ਬਿਊਰੋ ਨੇ ਪ੍ਰਕਾਸ਼ਿਤ ਕੀਤਾ ਹੈ। ਇਸ ਨੂੰ ਭਾਸ਼ਾ ਵਿਭਾਗ, ਪੰਜਾਬ ਵੱਲੋਂ ਪੁਰਸਕਾਰ ਦਿੱਤਾ ਗਿਆ ਹੈ।
ਵਿਭਾਗ ਮੁਖੀ ਡਾ. ਪਰਮੀਤ ਕੌਰ ਵੱਲੋਂ ਪ੍ਰੋਗਰਾਮ ਦੇ ਸ਼ੁਰੂ ਵਿੱਚ ਰਸਮੀ ਸਵਾਗਤ ਕੀਤਾ ਗਿਆ।
ਵਿਚਾਰ ਚਰਚਾ ਦੇ ਬੁਲਾਰੇ ਡਾ. ਮੋਹਨ ਸਿੰਘ ਤਿਆਗੀ ਨੇ ‘ਗੀਤ’ ਵਿਧਾ ਦੇ ਕਾਵਿ ਸ਼ਾਸਤਰ ਬਾਰੇ ਭਾਰਤੀ, ਯੂਨਾਨੀ ਅਤੇ ਅੰਗਰੇਜ਼ੀ ਸਾਹਿਤ ਦੇ ਹਵਾਲਿਆਂ ਨਾਲ਼ ਗੱਲ ਕੀਤੀ ਅਤੇ ਇਸ ਪੁਸਤਕ ਦੀ ਮਹੱਤਤਾ ਬਾਰੇ ਚਾਨਣਾ ਪਾਇਆ।
ਡਾ. ਕਮਲਜੀਤ ਸਿੰਘ ਟਿੱਬਾ ਨੇ ਇਸ ਵਿਚਾਰ ਚਰਚਾ ਦੌਰਾਨ ਆਪਣੇ ਖੋਜ-ਕਾਰਜ, ਗੀਤ ਦੇ ਸਿਧਾਂਤ ਸਾਸ਼ਤਰ ਅਤੇ ਇਸ ਪੁਸਤਕ ਦੇ ਮਹੱਤਵ ਬਾਰੇ ਵਿਚਾਰ ਸਾਂਝੇ ਕੀਤੇ।
ਪ੍ਰੋਗਰਾਮ ਦੀ ਪ੍ਰਧਾਨਗੀ ਡਾ. ਗੁਰਨਾਇਬ ਸਿੰਘ ਨੇ ਕੀਤੀ। ਉਨ੍ਹਾਂ ਮਨੁੱਖੀ ਜੀਵਨ ਵਿਚ ਗੀਤਾਂ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਕਿ ਕਿਵੇਂ ਆਦਿ ਕਾਲ ਤੋਂ ਗੀਤ ਮਨੁੱਖੀ ਜੀਵਨ ਦਾ ਅਹਿਮ ਅੰਗ ਰਹੇ ਹਨ।
ਵਰਲਡ ਪੰਜਾਬੀ ਸੈਂਟਰ ਦੇ ਡਾਇਰੈਕਟਰ ਡਾ. ਭੀਮਇੰਦਰ ਸਿੰਘ ਨੇ ਇਸ ਵਿਚਾਰ ਚਰਚਾ ਵਿਚ ਸ਼ਾਮਿਲ ਵਿਦਵਾਨਾਂ ਦਾ ਧੰਨਵਾਦ ਕੀਤਾ ਅਤੇ ਪੰਜਾਬੀ ਤੇ ਭਾਰਤੀ ਪਰੰਪਰਾ ਦੇ ਸੰਦਰਭ ਵਿਚ ਗੀਤਾਂ ਦੇ ਇਤਿਹਾਸ ਬਾਰੇ ਦੱਸਿਆ। ਡਾ. ਜਸਵੀਰ ਕੌਰ ਨੇ ਇਸ ਪ੍ਰੋਗਰਾਮ ਵਿੱਚ ਕੋਆਰਡੀਨੇਟਰ ਵਜੋਂ ਭੂਮਿਕਾ ਨਿਭਾਈ। ਇਸ ਸਮਾਗਮ ਵਿੱਚ ਕੈਨੇਡਾ ਤੋਂ ਸ. ਅਜੈਬ ਸਿੰਘ ਚੱਠਾ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ। ਪ੍ਰੋਗਰਾਮ ਵਿੱਚ ਵਿਭਾਗ ਦੇ ਖੋਜਾਰਥੀਆਂ ਅਤੇ ਵਿਦਿਆਰਥੀਆਂ ਨੇ ਵੀ ਸ਼ਮੂਲੀਅਤ ਕੀਤੀ।
