ਨਹੀਂ ਹੋ ਸਕਿਆ ਸ਼ੁਭਕਰਨ ਦਾ ਸੰਸਕਾਰ : ਸਰਕਾਰ ਸ਼ਹੀਦ ਐਲਾਨੇ

ਦੁਆਰਾ: Punjab Bani ਪ੍ਰਕਾਸ਼ਿਤ :Thursday, 22 February, 2024, 09:06 PM

ਨਹੀਂ ਹੋ ਸਕਿਆ ਸ਼ੁਭਕਰਨ ਦਾ ਸੰਸਕਾਰ : ਸਰਕਾਰ ਸ਼ਹੀਦ ਐਲਾਨੇ
– ਪੋਸਟਮਾਰਟਮ ਨੂੰ ਲੈ ਕੇ ਦੇਰ ਸ਼ਾਮ ਤੱਕ ਪਿਆ ਰਿਹਾ ਬਖੇੜਾ
– ਪੰਜਾਬ ਸਰਕਾਰ ਹਰਿਆਣਾ ਦੇ ਸ਼ੁਭ ਨੂੰ ਮਾਰਨ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ‘ਤੇ 302 ਦਾ ਕੇਸ ਦਰਜ ਕਰੇ : ਡੱਲੇਵਾਲ

– 23 ਅਤੇ 24 ਨੂੰ ਸਾਰਾ ਦੇਸ਼ ਮੋਦੀ ਅਤੇ ਸ਼ਾਹ ਦੇ ਫੂਕੇ ਪੁੱਤਲੇ ਅਤੇ ਆਪਣੇ ਘਰਾਂ ਤੇ ਵਹੀਕਲਾਂ ‘ਤੇ ਰੋਸ਼ ਵਜੋਂ ਲਗਾਏ ਜਾਣ ਕਾਲੇ ਝੰਡੇ
ਰਾਜਪੁਰਾ : ਲੰਘੇ ਕੱਲ ਖਨੌਰੀ ਬਾਰਡਰ ‘ਤੇ ਹਰਿਆਣਾ ਪੁਲਿਸ ਦੀ ਗੋਲੀ ਨਾਲ ਸ਼ਹੀਦ ਹੋਏ ਨੌਜਵਾਨ ਕਿਸਾਨ ਸ਼ੁਭਕਰਨ ਦਾ ਅੱਜ ਸੰਸਕਾਰ ਨਹੀਂ ਹੋ ਸਕਿਆ ਹੈ। ਇੱਥੋਂ ਤੱਕ ਕਿ ਦੇਰ ਸ਼ਾਮ ਤੱਕ ਸ਼ੁਭਕਰਨ ਦੇ ਪੋਸਟਮਾਰਟਮ ਨੂੰ ਲੈ ਕੇ ਬਵਾਲ ਛਿੜਿਆ ਰਿਹਾ। ਕਿਸਾਨ ਨੇਤਾ ਮੰਗ ਕਰ ਰਹੇ ਸਨ ਕਿ ਪੋਸਟਮਾਰਟਮ ਤੋਂ ਪਹਿਲਾਂ ਹਰਿਆਣਾ ਸਰਕਾਰ ਦੇ ਉਨ੍ਹਾਂ ਅਧਿਕਾਰੀਆਂ ਤੇ ਕਰਮਚਾਰੀਆਂ ‘ਤੇ ਕਤਲ ਦੀ ਧਾਰਾ 302 ਦਾ ਕੇਸ ਦਰਜ ਹੋਵੇ, ਜਿਨ੍ਹਾਂ ਨੇ ਸ਼ੁਭਕਰਨ ਨੂੰ ਗੋਲੀ ਮਾਰ ਕੇ ਸ਼ਹੀਦ ਕੀਤਾ ਹੈ।
ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਦੇ ਨੇਤਾ ਜਗਜੀਤ ਸਿੰਘ ਡੱਲੇਵਾਲ, ਸਵਰਨ ਸਿੰਘ ਪੰਧੇਰ ਤੇ ਸੁਰਜੀਤ ਸਿੰਘ ਫੂਲ ਨੇ ਆਖਿਆ ਕਿ ਜੇਕਰ ਪੰਜਾਬ ਸਰਕਾਰ ਕਿਸਾਨਾਂ ਨਾਲ ਸੱਚਮੁੱਚ ਹੀ ਖੜੀ ਹੈ ਤਾਂ ਪਹਿਲਾਂ ਸ਼ੁਭਕਰਨ ਨੂੰ ਸ਼ਹੀਦ ਐਲਾਨੇ ਅਤੇ ਉਸਦੇ ਪਰਿਵਾਰ ਨੂੰ ਦੇਸ਼ ਦੇ ਸ਼ਹੀਦ ਨੂੰ ਦੇਣ ਵਾਲੀਆਂ ਸਾਰੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ।
ਕਿਸਾਨ ਨੇਤਾਵਾਂ ਨੇ ਆਖਿਆ ਕਿ ਅਸੀ ਬਿਲਕੁੱਲ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸੀ ਤੇ ਹਰਿਆਣਾ ਪੁਲਿਸ ਨੇ ਉਨ੍ਹਾਂ ਉਪਰ ਹਮਲਾ ਕੀਤਾ। ਪੰਜਾਬ ਦੇ ਏਰੀਏ ਵਿੱਚ ਆਕੇ ਸਾਡੀ ਮਸ਼ੀਨਰੀ ਦੀ ਤੋੜ ਭੰਨ ਕੀਤੀ ਗਈ। ਇਸ ਲਈ ਹੁਣ ਪੰਜਾਬ ਸਰਕਾਰ ਦੀ ਪ੍ਰੀਖਿਆ ਦੀ ਘੜੀ ਹੈ ਕਿਉਂਕਿ ਹੁਣ ਇੱਕਲੀ ਬਿਆਨਬਾਜੀ ਨਾਲ ਨਹੀਂ ਸਰਨਾ। ਸਰਕਾਰ ਅਧਿਕਾਰੀਆਂ ਤੇ ਕਰਮਚਾਰੀਆਂ ‘ਤੇ ਤੁਰੰਤ ਕੇਸ ਦਰਜ ਕਰੇ। ਇੱਥੋ ਤੱਕ ਕਿ ਹਰਿਆਣਾ ਦੇ ਗ੍ਰਹਿ ਮੰਤਰੀ ਨੂੰ ਵੀ ਇਸ ਕੇਸ ਵਿੱਚ ਪਾਰਟੀ ਬਣਾਇਆ ਜਾਵੇ। ਕਿਸਾਨ ਨੇਤਾਵਾਂ ਨੇ ਕਿਹਾ ਕਿ ਖਨੌਰੀ ਬਾਰਡਰ ਦੇ 100 ਤੋਂ ਵੱਧ ਕਿਸਾਨ ਜਖਮੀ ਹੋਏ ਹਨ ਤੇ ਹੁਣ ਤੱਕ ਸੰਭੂ ਬਾਰਡਰ ‘ਤੇ 167 ਦੇ ਕਰੀਬ ਕਿਸਾਨ ਜਖਮੀ ਹੋ ਚੁੱਕੇ ਹਨ।