ਪੰਜਾਬੀ ਬਹੁ-ਸੱਭਿਆਚਾਰਕ ਅਤੇ ਬਹੁਪੱਖੀ ਸਮਰੱਥਾ ਵਾਲੀ ਅੰਤਰ-ਰਾਸ਼ਟਰੀ ਭਾਸ਼ਾ: ਡਾ. ਸ਼ਤੀਸ ਕੁਮਾਰ ਵਰਮਾ
ਪੰਜਾਬੀ ਬਹੁ-ਸੱਭਿਆਚਾਰਕ ਅਤੇ ਬਹੁਪੱਖੀ ਸਮਰੱਥਾ ਵਾਲੀ ਅੰਤਰ-ਰਾਸ਼ਟਰੀ ਭਾਸ਼ਾ: ਡਾ. ਸ਼ਤੀਸ ਕੁਮਾਰ ਵਰਮਾ
ਪਟਿਆਲਾ. 21 ਫਰਵਰੀ, 2024
ਮੁਲਤਾਨੀ ਮੱਲ ਮੋਦੀ ਕਾਲਜ ਦੇ ਪੋਸਟ-ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਅੱਜ ‘ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ’ ਨੂੰ ਸਮਰਪਿਤ ਇੱਕ ਵਿਸ਼ੇਸ਼ ਭਾਸ਼ਣ ਦਾ ਆਯੋਜਨ ਕੀਤਾ ਗਿਆ। ਇਹ ਭਾਸ਼ਣ ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ ਦੀ ਉਸਾਰੂ ਅਤੇ ਬਹੁ-ਆਯਾਮੀ ਸਮਰੱਥਾ ਨਾਲ ਲੈਸ ਕਰਨ ਲਈ ਕਰਵਾਇਆ ਗਿਆ। ਡਿਜੀਟਲ ਮੀਡੀਆ ਤਕਨਾਲੋਜੀ ਦੇ ਇਸ ਯੁੱਗ ਵਿੱਚ ਪੰਜਾਬੀ ਲਿਪੀ ਨੂੰ ਦਰਪੇਸ਼ ਚੁਣੌਤੀਆਂ ਅਤੇ ਸਮੱਸਿਆਵਾਂ ਨਾਲ ਵਿਦਿਆਰਥੀਆਂ ਨੂੰ ਰੂਬਰੂ ਕਰਵਾਉਣ ਲਈ ਕਰਵਾਏ ਇਸ ਭਾਸ਼ਣ ਵਿੱਚ ਮੁੱਖ ਵਕਤਾ ਵੱਜੋਂ ਡਾ. ਸ਼ਤੀਸ ਕੁਮਾਰ ਵਰਮਾ, ਸਾਬਕਾ ਮੁਖੀ ਪੰਜਾਬੀ ਵਿਭਾਗ ਅਤੇ ਸਾਬਕਾ ਡੀਨ ਭਾਸ਼ਾਵਾਂ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਸ਼ਿਰਕਤ ਕੀਤੀ।
ਕਾਲਜ ਦੇ ਪ੍ਰਿੰਸੀਪਲ ਡਾ. ਨੀਰਜ ਗੋਇਲ ਨੇ ਮੁੱਖ ਮਹਿਮਾਨ ਦਾ ਸਵਾਗਤ ਕਰਦਿਆ ਕਿਹਾ ਕਿ ਵਿਚਾਰਾਂ ਦੀ ਮੌਲਿਕਤਾ ਅਤੇ ਸੰਵਾਦ ਦਾ ਅਭਿਆਸ ਕਿਸੇ ਵੀ ਭਾਸ਼ਾ ਦੇ ਵਿਕਾਸ ਲਈ ਦੋ ਅਹਿਮ ਤੱਤ ਹਨ। ਉਨ੍ਹਾਂ ਕਿਹਾ ਕਿ ਸਾਡੀਆਂ ਖੇਤਰੀ ਭਾਸ਼ਾਵਾਂ ਦੀ ਤਰੱਕੀ ਅਤੇ ਸੰਭਾਲ ਹੀ ਸਾਡੇ ਸੱਭਿਆਚਾਰ, ਸਾਹਿਤ ਅਤੇ ਰਾਸ਼ਟਰੀ ਚਰਿੱਤਰ ਦੇ ਵਿਕਾਸ ਦਾ ਧੁਰਾ ਹੈ।
ਪੰਜਾਬੀ ਵਿਭਾਗ ਦੇ ਮੁਖੀ ਡਾ. ਗੁਰਦੀਪ ਸਿੰਘ ਨੇ ਡਾ. ਸਤੀਸ਼ ਕੁਮਾਰ ਵਰਮਾ ਦੇ ਸਾਹਿਤਕ ਯੋਗਦਾਨ ‘ਤੇ ਚਰਚਾ ਕਦਿਆਂ ਕਿਹਾ ਕਿ ਭਾਸ਼ਾ ਅਤੇ ਸਾਹਿਤ ਮਨੁੱਖਤਾ ਅਤੇ ਸੱਭਿਆਚਾਰਕ ਕਦਰਾਂ-ਕੀਮਤਾਂ ਵਾਲੇ ਸਮਾਜ ਦੀ ਸਿਰਜਣਾ ਅਤੇ ਵਿਕਾਸ ਲਈ ਮੁੱਖ ਕਾਰਕ ਹਨ।
ਇਸ ਮੌਕੇ ਤੇ ਡਾ.ਵੀਰਪਾਲ ਕੌਰ ਸਹਾਇਕ ਪ੍ਰੋਫੈਸਰ ਪੰਜਾਬੀ ਵਿਭਾਗ ਵੱਲੋਂ ਵਿਦਿਆਰਥੀਆਂ ਨਾਲ ਡਾ. ਸਤੀਸ਼ ਕੁਮਾਰ ਵਰਮਾ ਦੀ ਰਸਮੀ ਜਾਣ-ਪਛਾਣ ਕਰਵਾਈ ਗਈ ।
ਆਪਣੇ ਭਾਸ਼ਣ ਵਿੱਚ ਡਾ. ਸਤੀਸ਼ ਕੁਮਾਰ ਵਰਮਾ ਨੇ ਕਿਹਾ ਕਿ ਸੰਸਕ੍ਰਿਤ, ਅਰਬੀ ਅਤੇ ਹੋਰ ਬਹੁਤ ਸਾਰੀਆਂ ਭਾਸ਼ਾਵਾਂ ਨੇ ਪੰਜਾਬੀ ਭਾਸ਼ਾ ਦੀ ਪ੍ਰਕਿਰਤੀ ਅਤੇ ਰੂਪ ਰੇਖਾ ਤਿਆਰ ਕੀਤੀ ਹੈ।ਬੰਗਾਲੀ ਭਾਸ਼ਾ ਨੂੰ ਅਧਿਕਾਰਤ ਦਰਜਾ ਦਿਵਾਉਣ ਲਈ ਢਾਕਾ ਯੂਨੀਵਰਸਿਟੀ ਦੇ ਪੰਜ ਵਿਦਿਆਰਥੀਆਂ ਅਤੇ ਹੋਰ ਪ੍ਰਦਰਸ਼ਨਕਾਰੀਆਂ ਦੀ ਸ਼ਹਾਦਤ ਯਾਦ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਦੁਨੀਆ ਨੂੰ ਸਮਝਣ ਲਈ ਆਪਣੀ ਮਾਂ ਬੋਲੀ ਦੀ ਕੀਮਤ ਨੂੰ ਸਮਝਣਾ ਜ਼ਰੂਰੀ ਹੈ। ਉਹਨਾਂ ਨੇ ਵਿਦਿਆਰਥੀਆਂ ਨੂੰ ਇੱਕ ਤੋਂ ਵੱਧ ਭਾਸ਼ਾਵਾਂ ਸਿੱਖਣ ਅਤੇ ਵਿਚਾਰਾਂ ਅਤੇ ਪ੍ਰਗਟਾਵੇ ਦੇ ਅੰਤਰ-ਪ੍ਰਸੰਗਿਕ ਅਤੇ ਅੰਤਰ-ਭਾਸ਼ਾਈ ਅਦਾਨ-ਪ੍ਰਦਾਨ ਨਾਲ ਜੁੜਨ ਲਈ ਵੀ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਭਾਸ਼ਾ ਸਾਡੀਆਂ ਸਾਹਿਤਕ ਪਰੰਪਰਾਵਾਂ, ਸੱਭਿਆਚਾਰਕ ਵਿਰਸੇ, ਸੰਚਾਰ ਪੈਟਰਨ, ਇਤਿਹਾਸਕ ਸੰਘਰਸ਼ਾਂ ਅਤੇ ਸਮਾਜਿਕ-ਰਾਜਨੀਤਿਕ ਹੋਂਦ ਦਾ ਆਧਾਰ ਹੁੰਦੀ ਹੈ।
ਇਸ ਭਾਸ਼ਣ ਤੋਂ ਬਾਅਦ ਵਿਦਿਆਰਥੀਆਂ ਨੇ ਮੁੱਖ ਵਕਤਾ ਨਾਲ ਵਿਚਾਰ-ਵਟਾਂਦਰਾ ਵੀ ਕੀਤਾ। ਇਸ ਦੌਰਾਨ ਮੰਚ ਸੰਚਾਲਨ ਪੰਜਾਬੀ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਦਵਿੰਦਰ ਸਿੰਘ ਨੇ ਕੀਤਾ।ਧੰਨਵਾਦ ਦਾ ਮਤਾ ਡਾ. ਦੀਪਕ ਧਲੇਵਾ, ਸਹਾਇਕ ਪ੍ਰੋਫੈਸਰ, ਪੰਜਾਬੀ ਵਿਭਾਗ ਨੇ ਪੇਸ਼ ਕੀਤਾ। ਇਸ ਮੌਕੇ ਸਮੂਹ ਪੰਜਾਬੀ ਵਿਭਾਗ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਿਦਿਆਰਥੀ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਆਪਕ ਸਾਹਿਬਾਨ ਮੌਜੂਦ ਸਨ।